23 villages of Tarn Taran district taken under Pradhan Mantri Adarsh Gram Yojana- Deputy Commissioner
Publish Date : 23/09/2020

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਪ੍ਰਧਾਨ ਮੰਤਰੀ ਆਦਰਸ਼ ਗਰਾਮ ਯੋਜਨਾ ਤਹਿਤ ਲਏ ਗਏ ਜਿਲ੍ਹਾ ਤਰਨਤਾਰਨ ਦੇ ਕੁੱਲ 23 ਪਿੰਡ-ਡਿਪਟੀ ਕਮਿਸ਼ਨਰ
ਸਕੀਮ ਅਧੀਨ ਇਹਨਾਂ 23 ਪਿੰਡਾਂ ਵਿੱਚ ਕਰਵਾਏ ਜਾਣਗੇ ਪੀਣ ਵਾਲੇ ਪਾਣੀ, ਸੈਨੀਟੇਸ਼ਨ, ਸੜਕਾਂ, ਆਂਗਣਵਾੜੀ ਕੇਂਦਰ ਅਤੇ ਬਿਜਲੀ ਆਦਿ ਦੇ ਵਿਕਾਸ ਕਾਰਜ
ਤਰਨ ਤਾਰਨ, 22 ਸਤੰਬਰ :
ਪ੍ਰਧਾਨ ਮੰਤਰੀ ਆਦਰਸ਼ ਗਰਾਮ ਯੋਜਨਾ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਸਬੰਧੀ ਵਿਸ਼ੇਸ ਮੀਟਿੰਗ ਡਿਪਟੀ ਕਮਿਸ਼ਨਰ ਤਰਨਤਾਰਨ ਸ੍ਰੀ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਜਗਵਿੰਦਰਜੀਤ ਸਿੰਘ ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀਮਤੀ ਪਰਮਜੀਤ ਕੌਰ, ਡੀ. ਡੀ. ਪੀ. ਓ. ਹਰਿਨੰਦਨ ਸਿੰਘ, ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸ਼੍ਰੀਮਤੀ ਕਿਮੀ ਵਨੀਤ ਕੌਰ ਸੇਠੀ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਆਦਰਸ਼ ਗਰਾਮ ਯੋਜਨਾ ਕੇਂਦਰ ਸਰਕਾਰ ਵੱਲੋਂ ਉਹਨਾਂ ਪਿੰਡਾਂ ਵਿਚ ਲਾਗੂ ਕੀਤੀ ਗਈ ਹੈ ਜਿਨ੍ਹਾਂ ਪਿੰਡਾਂ ਦੀ ਕੁੱਲ ਆਬਾਦੀ 500 ਤੋਂ ਵੱਧ ਹੈ ਅਤੇ ਉਹਨਾਂ ਪਿੰਡਾਂ ਵਿਚ ਅਨੁਸੂਚਿਤ ਜਾਤੀ ਨਾਲ ਸਬੰਧਤ ਲੋਕਾਂ ਦੀ ਗਿਣਤੀ 50 ਫੀਸਦੀ ਤੋਂ ਜ਼ਿਆਦਾ ਹੈ। ਇਸ ਸਕੀਮ ਤਹਿਤ ਜਿਲ੍ਹਾ ਤਰਨਤਾਰਨ ਦੇ ਕੁੱਲ 23 ਪਿੰਡ ਲਏ ਗਏ ਹਨ। ਜਿਹਨਾਂ ਵਿਚੋਂ ਬਲਾਕ ਤਰਨ ਤਾਰਨ ਦੇ 9, ਬਲਾਕ ਖਡੂਰ ਸਾਹਿਬ ਦੇ 6, ਬਲਾਕ ਭਿੱਖੀਵਿੰਡ ਦੇ 5, ਬਲਾਕ ਚੌਹਲਾ ਸਾਹਿਬ ਦਾ 1 ਅਤੇ ਬਲਾਕ ਗੰਡੀਵਿੰਡ ਦੇ 2 ਪਿੰਡ ਲਏ ਗਏ ਹਨ।
ਉਹਨਾਂ ਦੱਸਿਆ ਕਿ ਪ੍ਰਧਾਨ ਮੰਤਰੀ ਆਦਰਸ਼ ਗਰਾਮ ਯੋਜਨਾ ਤਹਿਤ ਚੁਣੇ ਗਏ 20 ਪਿੰਡਾਂ ਦਾ ਡਾਟਾ ਪੋਰਟਲ ‘ਤੇ ਅਪਲੋਡ ਕਰ ਦੱਤਾ ਗਿਆ ਹੈ ਅਤੇ ਇਹਨਾਂ ਪਿੰਡਾਂ ਦੇ ਵਿਕਾਸ ਸਬੰਧੀ ਵਿਚ ਤਿਆਰ ਕਰਕੇ ਵੀ. ਡੀ. ਪੀ ਤਿਆਰ ਕੀਤੀ ਜਾਣੀ ਹੈ ਅਤੇ ਫੇਸ-1 ਦੇ ਬਲਾਕ ਗੰਡੀਵਿੰਡ ਦੇ ਪਿੰਡ ਗੰਡੀਵਿੰਡ ਵਿੱਚ ਪਹਿਲ ਦੇ ਆਧਾਰ ਤੇ ਕੰਮ ਕਰਵਾਏ ਜਾਣੇ ਹਨ। ਉਹਨਾਂ ਵਿਸਥਾਰ ਨਾਲ ਦੱਸਿਆ ਕਿ ਇਸ ਸਕੀਮ ਅਧੀਨ ਇਹਨਾਂ 23 ਪਿੰਡਾਂ ਵਿਚ ਪੀਣ ਵਾਲੇ ਪਾਣੀ, ਸੈਨੀਟੇਸ਼ਨ, ਸੜਕਾਂ, ਆਂਗਣਵਾੜੀ ਕੇਂਦਰ, ਬਿਜਲੀ ਆਦਿ ਦੇ ਵੱਧ ਤੋਂ ਵੱਧ ਵਿਕਾਸ ਦੇ ਕਾਰਜ ਕਰਵਾਏ ਜਾਣੇ ਹਨ। ਡਿਪਟੀ ਕਮਿਸ਼ਨਰ ਵੱਲੋਂ ਇਸ ਸਕੀਮ ਨੂੰ ਸਫਲਤਾ ਪੂਰਵਕ ਲਾਗੂ ਕਰਨ ਲਈ ਆਦੇਸ਼ ਦਿੱਤੇ ਗਏ ਹਨ ਤਾਂ ਜੋ ਇਹਨਾਂ ਪਿੰਡਾਂ ਨੂੰ ਆਦਰਸ਼ ਗ੍ਰਾਮ ਬਣਾਇਆ ਜਾ ਸਕੇ।
—————-