Close

66 villages of the district have more drug addict- Planning to keep a personal touch with every drug addict Different officers will stay in that villages for 5 days in a week -Deputy Commissioner Tarn Taran

Publish Date : 04/07/2019
dc

ਜ਼ਿਲੇ ਦੇ 66 ਪਿੰਡ ਨਸ਼ੇ ਦੀ ਵੱਧ ਮਾਰ ਹੇਠ-ਡਿਪਟੀ ਕਮਿਸ਼ਨਰ
ਹਰ ਨਸ਼ਾ ਪੀੜਤ ਨਾਲ ਨਿੱਜੀ ਰਾਬਤਾ ਰੱਖਣ ਲਈ ਕੀਤੀ ਯੋਜਨਾਬੰਦੀ
ਹਫ਼ਤੇ ਵਿਚ 5 ਦਿਨ ਉਕਤ ਪਿੰਡਾਂ ਵਿਚ ਰਹਿਣਗੇ ਵੱਖ-ਵੱਖ ਅਧਿਕਾਰੀ
ਤਰਨਤਾਰਨ, 4 ਜੁਲਾਈ ( )-ਤਰਨਤਾਰਨ ਜਿਲੇ ਉਤੇ ਲੱਗਾ ਨਸ਼ੇ ਦਾ ਕਲੰਕ ਮਿਟਾਉਣ ਲਈ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਸਭਰਵਾਲ ਨੇ ਜਿਲੇ ਦੇ ਸਾਰੇ ਪਿੰਡਾਂ ਦਾ ਸਰਵੈ ਐਸ ਐਸ ਪੀ ਅਤੇ ਐਸ ਡੀ ਐਮਜ਼ ਦੀ ਅਗਵਾਈ ਹੇਠ ਕਰਵਾਇਆ ਹੈ, ਜਿਸ ਵਿਚ ਪੁਲਿਸ, ਜੀ. ਓ. ਜੀ, ਪੰਚਾਇਤਾਂ, ਖ਼ੁਫੀਆ ਵਿਭਾਗ, ਸਿਹਤ ਵਿਭਾਗ, ਨਸ਼ਾ ਰੋਕੂ ਕਮੇਟੀਆਂ, ਡੈਪੋ, ਗੈਰ ਸਰਕਾਰੀ ਸੰਸਥਾਵਾਂ ਅਤੇ ਐਸ ਟੀ ਐਫ ਦੀਆਂ ਰਿਪੋਰਟਾਂ ਨੂੰ ਅਧਾਰ ਬਣਾ ਕੇ ਜਿਲੇ ਦੇ 66 ਪਿੰਡਾਂ ਦੀ ਸ਼ਨਾਖਤ ਕੀਤੀ ਗਈ ਹੈ, ਜੋ ਕਿ ਨਸ਼ੇ ਦੇ ਵੱਧ ਪ੍ਰਭਾਵ ਹੇਠ ਹਨ। ਉਕਤ ਪਿੰਡਾਂ ਵਿਚ ਨਸ਼ਾ ਕਰ ਰਹੇ ਲੋਕ ਨੌਜਵਾਨਾਂ ਦਾ ਇਲਾਜ ਕਰਵਾਉਣ, ਨਸ਼ੇ ਦੀ ਸਪਲਾਈ ਰੋਕਣ ਅਤੇ ਸਾਰੇ ਲੋਕਾਂ ਨੂੰ ਨਸ਼ੇ ਤੋਂ ਬਚੇ ਰਹਿਣ ਦੀ ਸਿੱਖਿਆ ਦੇਣ ਲਈ ਵਿਆਪਕ ਯੋਜਨਾਬੰਦੀ ਕੀਤੀ ਗਈ ਹੈ, ਜਿਸ ਤਹਿਤ ਹਫ਼ਤੇ ਵਿਚ 5 ਦਿਨ ਉਕਤ ਪਿੰਡਾਂ ਵਿਚ ਵੱਖ-ਵੱਖ ਅਧਿਕਾਰੀ ਹਾਜ਼ਰ ਰਹਿ ਕੇ ਆਪਣੀ ਅਗਵਾਈ ਹੇਠ ਇਸ ਮੁਹਿੰਮ ਨੂੰ ਚਲਾਉਣਗੇ। ਉਕਤ ਮੁਹਿੰਮ ਤਹਿਤ ਪਹਿਲ ਦੇ ਅਧਾਰ ਉਤੇ ਨੌਜਵਾਨਾਂ ਦਾ ਇਲਾਜ ਹੋਵੇਗਾ ਅਤੇ ਸਪਲਾਈ ਚੇਨ ਤੋੜੀ ਜਾਵੇਗੀ। ਸਬੰਧਤ ਅਧਿਕਾਰੀ ਰੋਜ਼ਾਨਾ ਦੀ ਰਿਪੋਰਟ ਡਿਪਟੀ ਕਮਿਸ਼ਨਰ ਨੂੰ ਕਰਨਗੇ। ਵਧੀਕ ਡਿਪਟੀ ਕਮਿਸ਼ਨਰ ਜਨਰਲ ਇਸ ਪ੍ਰੋਗਰਾਮ ਦੇ ਨੋਡਲ ਅਧਿਕਾਰੀ ਬਣਾਏ ਗਏ ਹਨ।
ਸ੍ਰੀ ਸਭਰਵਾਲ ਨੇ ਇਸ ਸਬੰਧੀ ਕੀਤੀ ਵਿਸ਼ੇਸ ਮੀਟਿੰਗ ਵਿਚ ਅਧਿਕਾਰੀਆਂ ਨਾਲ ਇਹ ਯੋਜਨਾਬੰਦੀ ਸਾਂਝੀ ਕਰਦੇ ਕਿਹਾ ਕਿ ਇਹ ਕੰਮ ਸਾਡੀ ਡਿੳੂਟੀ ਦਾ ਪਰ ਮਿਸ਼ਨ ਦਾ ਹਿੱਸਾ ਹੈ ਅਤੇ ਅਸੀਂ ਜਿਲੇ ਉਤੇ ਲੱਗੀ ਇਹ ਬੁਰਾਈ ਧੋਣੀ ਹੈ। ਉਨਾਂ ਕਿਹਾ ਕਿ ਨਸ਼ਾ ਪੀੜਤ ਰੋਗੀਆਂ ਲਈ ਹਮਦਰਦੀ ਅਤੇ ਨਸ਼ੇ ਦੇ ਸਮਗਲਰਾਂ ਲਈ ਖੋਫ਼ ਪੈਦਾ ਕਰਨਾ ਜ਼ਰੂਰੀ ਹੈ। ਉਨਾਂ ਦੱਸਿਆ ਕਿ ਮੈਂ ਨਿੱਜੀ ਤੌਰ ’ਤੇ ਲਗਾਤਾਰ ਤਿੰਨ ਦਿਨ ਇਕੱਲੀ-ਇਕੱਲੀ ਪੰਚਾਇਤ ਨਾਲ ਗੱਲਬਾਤ ਕੀਤੀ ਹੈ ਅਤੇ ਹੁਣ ਤੱਕ 200 ਤੋਂ ਵੱਧ ਪੰਚਾਇਤਾਂ ਨਾਲ ਇਸ ਮੁੱਦੇ ਉਤੇ ਗੱਲ ਕਰ ਚੁੱਕਾ ਹਾਂ, ਜਿਸ ਵਿਚੋਂ ਇਹ ਸਾਹਮਣੇ ਆਇਆ ਹੈ ਕਿ ਸਾਰੇ ਨਸ਼ੇ ਵਿਰੁੱਧ ਹਨ। ਉਨਾਂ ਕਿਹਾ ਕਿ ਜੇਕਰ ਪੁਲਿਸ ਤੇ ਪ੍ਰਸ਼ਾਸਨ ਅੱਗੇ ਲੱਗਦਾ ਹੈ ਤਾਂ ਇਹ ਸਾਰੇ ਸਾਡਾ ਸਾਥ ਦੇਣ ਲਈ ਤਿਆਰ ਹਨ।
ਉਨਾਂ ਕਿਹਾ ਕਿ ਅਸੀਂ ਆਪਣੇ ਜਿਲੇ ਦੇ 11 ਪਿੰਡ ਨਸ਼ਾ ਮੁੱਕਤ ਕੀਤੇ ਹਨ ਅਤੇ ਹੁਣ ਜਿਲੇ ਨੂੰ ਨਸ਼ਾ ਮੁੱਕਤ ਕਰਨਾ ਹੈ। ਉਨਾਂ ਕਿਹਾ ਕਿ ਇਸ ਲਈ ਜ਼ਰੂਰੀ ਹੈ ਕਿ ਸਾਰੇ ਨਸ਼ਾ ਕਰਨ ਵਾਲੇ ਨੌਜਵਾਨਾਂ ਦਾ ਇਲਾਜ ਨਸ਼ਾ ਛੁਡਾੳੂ ਜਾਂ ਓਟ ਕੇਂਦਰਾਂ ਵਿਚ ਹੋਵੇ ਅਤੇ ਨਸ਼ਾ ਵੇਚਣ ਵਾਲੇ ਸਾਰੇ ਸਮਗਲਰ ਜੇਲਾਂ ਵਿਚ ਡੱਕੇ ਹੋਣ। ਇਸ ਤੋਂ ਬਾਅਦ ਮੁੜ ਸਬੰਧਤ ਐਸ. ਐਚ. ਓ, ਜੀ. ਓ. ਜੀ, ਪੰਚਾਇਤ ਦਾ ਜਨਰਲ ਇਜਲਾਸ, ਖ਼ੁਫੀਆ ਵਿਭਾਗ, ਸਿਹਤ ਵਿਭਾਗ, ਨਸ਼ਾ ਰੋਕੂ ਕਮੇਟੀਆਂ, ਡੈਪੋ, ਗੈਰ ਸਰਕਾਰੀ ਸੰਸਥਾਵਾਂ ਅਤੇ ਐਸ ਟੀ ਐਫ ਦੀਆਂ ਰਿਪੋਰਟਾਂ ਲੈ ਕੇ ਉਸ ਉਤੇ ਜਿਲਾ ਮਿਸ਼ਨ ਟੀਮ ਕਿਸੇ ਪਿੰਡ ਨੂੰ ਨਸ਼ਾ ਮੁੱਕਤ ਐਲਾਨਣ ਦਾ ਫੈਸਲਾ ਲਵੇਗੀ।
ਸ੍ਰੀ ਸਭਰਵਾਲ ਨੇ ਹਦਾਇਤ ਕੀਤੀ ਕਿ ਓਟ ਸੈਂਟਰਾਂ ਦੇ ਬਾਹਰ ਨੌਜਵਾਨਾਂ ਨੂੰ ਵਰਗਲਾਉਣ ਵਾਲੇ, ਝੋਲਾ ਛਾਪ ਡਾਕਟਰਾਂ ਅਤੇ ਨਸ਼ਾ ਵੇਚਣ ਵਾਲੇ ਮੈਡੀਕਲ ਸਟੋਰ ਵਿਰੁੱਧ ਪਰਚੇ ਦਰਜ ਕਰਨੇ ਯਕੀਨੀ ਬਣਾਏ ਜਾਣ। ਉਨਾਂ ਜਿਲਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕੋਈ ਕਿਸੇ ਵੀ ਮੈਡੀਕਲ ਸਟੋਰ ਉਤੇ ਨਸ਼ੇ ਦੀ ਵਿਕਰੀ ਸਬੰਧੀ ਜਾਣਦਾ ਹੈ ਤਾਂ ਉਹ ਖੁਰਾਕ ਤੇ ਡਰੱਗਜ਼ ਕਮਿਸ਼ਨਰ ਸ੍ਰੀ ਕੈ. ਐਸ. ਪੰਨੂੰ ਵੱਲੋਂ ਦਿੱਤੇ ਫੋਨ ਨੰਬਰ 98152-06006 ਜਾਂ 0. ਉਤੇ ਸੂਚਨਾ ਦੇਣ। ਉਨਾਂ ਕਿਹਾ ਕਿ ਇਹ ਫੋਨ ਨੰਬਰ ਰਾਜ ਪੱਧਰ ਉਤੇ ਦਿੱਤਾ ਗਿਆ ਹੈ ਅਤੇ ਸਾਰੀ ਸੂਚਨਾ ਗੁਪਤ ਰੱਖ ਕੇ ਕਾਰਵਾਈ ਕੀਤੀ ਜਾਂਦੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਹਾਇਕ ਕਮਿਸ਼ਨਰ ਸ੍ਰੀ ਹਰਦੀਪ ਧਾਲੀਵਾਲ, ਐਸ ਡੀ ਐਮ ਸ੍ਰੀ ਸੁਰਿੰਦਰ ਸਿੰਘ, ਐਸ ਡੀ ਐਮ ਸ. ਨਵਰਾਜ ਸਿੰਘ, ਐਸ ਡੀ ਐਮ ਕੁਲਪ੍ਰੀਤ ਸਿੰਘ ਐਸ ਪੀ ਗੁਰਨਾਮ ਸਿੰਘ, ਸਬ ਡਵੀਜਨ ਦੇ ਡੀ. ਐਸ. ਪੀ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

ਕੈਪਸ਼ਨ
-ਜ਼ਿਲਾ ਮਿਸ਼ਨ ਟੀਮ ਨਾਲ ਗੱਲਬਾਤ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਸਭਰਵਾਲ।