ਮਾਤਰੁ ਵੰਦਨਾ ਯੋਜਨਾ ਤਹਿਤ ਜ਼ਿਲ੍ਹੇ ਦੇ 9801 ਲਾਭਪਾਤਰੀਆਂ ਨੂੰ ਮੁਹੱਈਆ ਕਰਵਾਈ ਗਈ 3 ਕਰੋੜ 90 ਲੱਖ 86 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ-ਡਿਪਟੀ ਕਮਿਸ਼ਨਰ
ਪ੍ਰਕਾਸ਼ਨ ਦੀ ਮਿਤੀ : 01/01/2020

ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਮਾਤਰੁ ਵੰਦਨਾ ਯੋਜਨਾ ਤਹਿਤ ਜ਼ਿਲ੍ਹੇ ਦੇ 9801 ਲਾਭਪਾਤਰੀਆਂ ਨੂੰ ਮੁਹੱਈਆ ਕਰਵਾਈ ਗਈ 3 ਕਰੋੜ 90 ਲੱਖ 86 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ-ਡਿਪਟੀ ਕਮਿਸ਼ਨਰ
ਮਾਤਰੁ ਵੰਦਨਾ ਸਕੀਮ ਗਰਭਵਤੀ ਔਰਤਾਂ ਲਈ ਸਿੱਧ ਹੋ ਰਹੀ ਹੈ ਵਰਦਾਨ
ਤਿੰਨ ਕਿਸ਼ਤਾਂ ਵਿਚ ਮਿਲਦੀ ਹੈ 5000 ਰੁਪਏ ਦੀ ਵਿੱਤੀ ਮੱਦਦ
ਸਕੀਮ ਦਾ ਲਾਭ ਲੈਣ ਲਈ ਆਂਗਣਬਾੜੀ ਕੇਂਦਰ ਨਾਲ ਕੀਤਾ ਜਾ ਸਕਦਾ ਹੈ ਰਾਬਤਾ
ਤਰਨ ਤਾਰਨ, 1 ਜਨਵਰੀ :
ਪ੍ਰਧਾਨ ਮੰਤਰੀ ਮਾਤਰੁ ਵੰਦਨਾ ਯੋਜਨਾ ਤਹਿਤ ਹੁਣ ਤੱਕ ਜ਼ਿਲ੍ਹੇ ਦੇ ਕੁੱਲ 9801 ਲਾਭਪਾਤਰੀਆਂ ਨੂੰ 3 ਕਰੋੜ 90 ਲੱਖ 86 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾ ਚੁੱਕੀ ਹੈ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਇਸ ਸਕੀਮ ਤਹਿਤ 8536 ਲਾਭਪਾਤਰੀਆਂ ਨੂੰ ਪਹਿਲੀ ਕਿਸ਼ਤ, 8335 ਲਾਭਪਾਤਰੀਆਂ ਨੂੰ ਦੂਜੀ ਕਿਸ਼ਤ ਅਤੇ 6941 ਲਾਭਪਾਤਰੀਆਂ ਨੂੰ ਤੀਜੀ ਕਿਸ਼ਤ ਵੀ ਦਿੱਤੀ ਜਾ ਚੁੱਕੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਮਾਤਰੁ ਵੰਦਨਾ ਸਕੀਮ ਗਰਭਵਤੀ ਔਰਤਾਂ ਲਈ ਵਰਦਾਨ ਸਿੱਧ ਹੋ ਰਹੀ ਹੈ।ਇਸ ਸਕੀਮ ਤਹਿਤ ਲਾਭਪਾਤਰੀ ਨੂੰ ਤਿੰਨ ਕਿਸ਼ਤਾਂ ਵਿਚ 5000 ਰੁਪਏ ਦੀ ਵਿੱਤੀ ਮੱਦਦ ਦਿੱਤੀ ਜਾਂਦੀ ਹੈ ਤਾਂ ਜੋ ਉਹ ਚੰਗੀ ਖੁਰਾਕ ਲੈ ਸਕਣ।ਇਸ ਨਾਲ ਜੱਚਾ ਬੱਚਾ ਦੋਹਾਂ ਦੀ ਸਿਹਤ ਚੰਗਾ ਪੋਸ਼ਣ ਮਿਲਣ ਨਾਲ ਵਧੀਆ ਰਹਿੰਦੀ ਹੈ।
ਉਹਨਾਂ ਦੱਸਿਆ ਕਿ ਇਸ ਸਕੀਮ ਤਹਿਤ ਪਹਿਲੀ ਵਾਰ ਮਾਂ ਬਣਨ ਜਾ ਰਹੀਆਂ ਔਰਤਾਂ ਲਈ ਸਰਕਾਰ ਵੱਲੋਂ ਇਹ ਵਿੱਤੀ ਮੱਦਦ ਮੁਹੱਈਆ ਕਰਵਾਈ ਜਾਂਦੀ ਹੈ।ਇਸ ਲਈ ਬਿਨੈਕਾਰ ਸਰਕਾਰੀ ਜਾਂ ਅਰਧ ਸਰਕਾਰੀ ਜਾਂ ਕਾਰਪੋਰੇਸ਼ਨ ਵਿਚ ਕੰਮ ਨਾ ਕਰਦੀ ਹੋਵੇ।ਇਸ ਯੋਜਨਾ ਦਾ ਲਾਭ ਲੈਣ ਲਈ ਲਾਭਪਾਤਰੀ ਅਤੇ ਉਸਦੇ ਪਤੀ ਦੇ ਅਧਾਰ ਕਾਰਡ ਅਤੇ ਲਾਭਪਾਤਰੀ ਦੇ ਬੈਂਕ ਖਾਤੇ ਦੀ ਡਿਟੇਲ ਸਮੇਤ ਆਂਗਣਬਾੜੀ ਕੇਂਦਰ ਵਿਖੇ ਅਰਜ਼ੀ ਦਿੱਤੀ ਜਾ ਸਕਦੀ ਹੈ।
ਸ੍ਰੀ ਸੱਭਰਵਾਲ ਨੇ ਦੱਸਿਆ ਕਿ ਇਸ ਸਕੀਮ ਤਹਿਤ ਪਹਿਲੀ ਕਿਸਤ ਵਜੋਂ 1000 ਰੁਪਏ ਔਰਤ ਦੇ ਗਰਭਧਾਰਨ ਦੇ 150 ਦਿਨਾਂ ਦੇ ਅੰਦਰ ਅੰਦਰ ਨੇੜਲੇ ਆਂਗਣਬਾੜੀ ਕੇਂਦਰ ‘ਤੇ ਰਜਿਸਟੇ੍ਰਸ਼ਨ ਕਰਵਾਉਣ ‘ਤੇ ਮਿਲਦੇ ਹਨ। ਇਸੇ ਤਰਾਂ ਗਰਭਵਤੀ ਔਰਤ ਦਾ ਸਿਹਤ ਵਿਭਾਗ ਵੱਲੋਂ ਘੱਟੋ-ਘੱਟ ਇੱਕ ਜਣੇਪਾ ਐਟੀਨੇਟਲ ਚੈੱਕ-ਅੱਪ ਹੋਣ ‘ਤੇ ਗਰਭਧਾਰਨ ਦੇ 180 ਦਿਨ ਪੂਰੇ ਹੋਣ ‘ਤੇ 2000 ਰੁਪਏ ਦੀ ਕਿਸ਼ਤ ਦਿੱਤੀ ਜਾਂਦੀ ਹੈ। ਇਸੇ ਤਰਾਂ ਤੀਜੀ ਕਿਸ਼ਤ ਵਜੋਂ 2000 ਰੁਪਏ ਬੱਚੇ ਦੇ ਜਨਮ ਤੋਂ ਬਾਅਦ ਜਨਮ ਦੀ ਰਜਿਸ਼ਟੇ੍ਰਸ਼ਨ ਹੋਣ ਤੋਂ ਬਾਅਦ ਅਤੇ ਪਹਿਲੇ ਚਰਣ ਦਾ ਟੀਕਾਕਰਨ ਪੂਰਾ ਹੋਣ ‘ਤੇ ਦਿੱਤੇ ਜਾਂਦੇ ਹਨ।
ਉਨਾਂ ਦੱਸਿਆ ਕਿ ਇਸ ਸਕੀਮ ਤਹਿਤ ਲਾਭਪਾਤਰੀਆਂ ਨੂੰ ਵਿੱਤੀ ਮੱਦਦ ਸਿੱਧੇ ਬੈਂਕ ਖਾਤੇ ਵਿਚ ਭੇਜੀ ਜਾਂਦੀ ਹੈ ਅਤੇ ਇਸ ਨਾਲ ਚੰਗੀ ਖੁਰਾਕ ਸਦਕਾ ਜੱਚਾ ਬੱਚਾ ਦੀ ਮੌਤ ਦਰ ਘੱਟ ਕਰਨ ਵਿਚ ਵੀ ਇਹ ਯੋਜਨਾ ਸਹਾਈ ਹੋਵੇਗੀ ਅਤੇ ਜੱਚਾ ਬੱਚਾ ਸਿਹਤਮੰਦ ਰਹਿੰਦੇ ਹਨ।
—————