ਕੌਮੀ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਜ਼ਿਲ੍ਹੇ ਦੇ 273 ਸਵੈ-ਸਹਾਇਤਾ ਸਮੂਹਾਂ ਨੂੰ ਰਿਵਾਲਵਿੰਗ ਫੰਡ ਦੇ ਰੂਪ ਵਿੱਚ ਜਾਰੀ ਕੀਤੇ ਗਏ 40 ਲੱਖ 95 ਹਜ਼ਾਰ ਰੁਪਏ-ਡਿਪਟੀ ਕਮਿਸ਼ਨਰ
ਪ੍ਰਕਾਸ਼ਨ ਦੀ ਮਿਤੀ : 10/01/2020

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਕੌਮੀ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਜ਼ਿਲ੍ਹੇ ਦੇ 273 ਸਵੈ-ਸਹਾਇਤਾ ਸਮੂਹਾਂ ਨੂੰ ਰਿਵਾਲਵਿੰਗ ਫੰਡ ਦੇ ਰੂਪ ਵਿੱਚ ਜਾਰੀ ਕੀਤੇ ਗਏ 40 ਲੱਖ 95 ਹਜ਼ਾਰ ਰੁਪਏ-ਡਿਪਟੀ ਕਮਿਸ਼ਨਰ
ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚ ਸਾਲ 2019-20 ਦੌਰਾਨ ਬਣੇ 590 ਸਵੈ-ਸਹਾਇਤਾ ਸਮੂਹ
ਮਿਸ਼ਨ ਅਧੀਨ ਸਵੈ-ਸਹਾਇਤਾ ਸਮੂਹਾਂ ਨੂੰ ਬੈਂਕਾਂ ਵੱਲੋਂ ਦਿੱਤੇ ਜਾਂਦੇ ਹਨ ਘੱਟ ਵਿਆਜ ਦਰਾਂ ‘ਤੇ ਕਰਜ਼ੇ
ਤਰਨ ਤਾਰਨ, 10 ਜਨਵਰੀ :
ਕੌਮੀ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚ ਸਾਲ 2019-20 ਦੌਰਾਨ 590 ਸਵੈ-ਸਹਾਇਤਾ ਸਮੂਹ ਬਣ ਚੁੱਕੇ ਹਨ, ਜਿੰਨ੍ਹਾਂ ਵਿੱਚੋ 273 ਸਵੈ-ਸਹਾਇਤਾ ਸਮੂਹਾਂ ਨੂੰ ਸਰਕਾਰ ਵੱਲੋ 40 ਲੱਖ 95 ਹਜ਼ਾਰ ਰੁਪਏ ਰਿਵਾਲਵਿੰਗ ਫੰਡ ਦੇ ਰੂਪ ਵਿੱਚ ਜਾਰੀ ਕੀਤੇ ਹਨ ਅਤੇ ਜਲਦ ਹੀ ਇੰਨ੍ਹਾਂ ਵਿੱਚੋਂ 102 ਸਮੂਹਾਂ ਨੂੰ ਕਮਿਊਨਿਟੀ ਇੰਨਵੈਸਟਮੈਂਟ ਫੰਡ ਵੀ ਜਾਰੀ ਕੀਤਾ ਜਾ ਰਿਹਾ ਹੈ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਇਹ ਮਿਸ਼ਨ ਜਿਲ੍ਹਾ ਤਰਨ ਤਾਰਨ ਦੇ ਬਲਾਕ ਵਲਟੋਹਾ, ਖਡੂਰ ਸਾਹਿਬ, ਚੋਹਲਾ ਸਾਹਿਬ ਅਤੇ ਤਰਨ ਤਾਰਨ ਵਿੱਚ ਚੱਲ ਰਿਹਾ ਸੀ, ਪਰੰਤੂ ਇਸ ਸਾਲ ਜਿਲ੍ਹੇ ਦੇ ਬਾਕੀ ਰਹਿੰਦੇ ਬਲਾਕ ਪੱਟੀ, ਨੌਸ਼ਿਹਰਾ ਪੰਨੂਆਂ, ਗੰਡੀਵਿੰਡ, ਭਿੱਖੀਵਿੰਡ ਵਿੱਚ ਸ਼ੁਰੂ ਹੋ ਚੁੱਕਾ ਹੈ।
ਸ੍ਰੀ ਸੱਭਰਵਾਲ ਨੇ ਦੱਸਿਆ ਕਿ ਕੌਮੀ ਦਿਹਾਤੀ ਆਜੀਵਿਕਾ ਮਿਸ਼ਨ (ਐੱਸ. ਆਰ. ਐੱਲ. ਐੱਮ) ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦਾ ਸਾਂਝਾ ਚਲਾਇਆ ਜਾ ਰਿਹਾ ਮਿਸ਼ਨ ਹੈ।ਇਹ ਗਰੀਬੀ ਨੂੰ ਜੜ੍ਹੋਂ ਪੁੱਟਣ ਲਈ ਇੱਕ ਮਿਸ਼ਨ ਦੇ ਰੂਪ ਵਿੱਚ ਸ਼ੁਰੂ ਹੋਇਆ ਪ੍ਰੋਗਰਾਮ ਹੈ।ਇਸ ਮਿਸ਼ਨ ਅਧੀਨ ਗਰੀਬੀ ਰੇਖਾ ਤੋ ਹੇਠਾਂ ਰਹਿ ਰਹੇ ਪਰਿਵਾਰਾਂ ਦੀਆਂ ਔਰਤਾਂ ਵੱਲੋ ਸੈਲਫ ਹੈਲਪ ਗਰੁੱਪ ਬਣਾ ਕੇ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਵੱਖ-ਵੱਖ ਧੰਦੇ ਅਪਣਾ ਕੇ ਆਪਣੇ ਜੀਵਨ ਪੱਧਰ ਨੂੰ ਉੱਪਰ ਉਠਾ ਕੇ ਸਕਦੀਆਂ ਹਨ।
ਉਹਨਾਂ ਕਿਹਾ ਕਿ ਇਸ ਮਿਸ਼ਨ ਅਧੀਨ ਲਾ-ਇਲਾਜ ਬੀਮਾਰੀਆਂ ਤੋ ਪੀੜ੍ਹਤ, ਅੰਗਹੀਣ ਜਾਂ ਵਿਧਵਾ ਔਰਤਾਂ ਨੂੰ ਪਹਿਲ ਦੇ ਅਧਾਰ ਤੇ ਸਵੈ ਸਹਾਇਤਾ ਸਮੂਹਾਂ ਵਿੱਚ ਸ਼ਾਮਲ ਕੀਤਾ ਜਾਂਦਾ ਹੈ, ਤਾਂ ਜੋ ਉਹ ਆਰਥਿਕ ਤੰਗੀ ਦਾ ਸ਼ਿਕਾਰ ਨਾ ਹੋਣ। ਇਸ ਮਿਸ਼ਨ ਅਧੀਨ ਬੈਂਕਾਂ ਵੱਲੋਂ ਸਵੈ-ਸਹਾਇਤਾਂ ਸਮੂਹਾਂ ਨੂੰ ਘੱਟ ਵਿਆਜ ਦਰਾਂ ‘ਤੇ ਕਰਜ਼ੇ ਦਿੱਤੇ ਜਾਂਦੇ ਹਨ, ਤਾਂ ਜੋ ਔਰਤਾਂ ਸਵੈ ਰੋਜ਼ਗਾਰ ਅਪਣਾ ਕੇ ਸਵੈ-ਨਿਰਭਰ ਬਣ ਸਕਣ।
ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਨਿਵੇਕਲਾ ਉਪਰਾਲਾ ਕਰਦੇ ਹੋਏ ਬਲਾਕ ਵਲਟੋਹਾ ਵਿੱਚ ਆਜੀਵਿਕਾ ਗ੍ਰਾਂਮੀਣ ਐਕਸਪ੍ਰੈਸ ਯੋਜਨਾ ਤਹਿਤ 2 ਛੋਟੀਆਂ ਗੱਡੀਆਂ ਵੀ ਦਿੱਤੀਆਂ ਗਈਆਂ ਹਨ।ਜਿੰਨ੍ਹਾਂ ਵਿੱਚੋ ਇੱਕ ਯਾਤਰੂ ਗੱਡੀ ਹੈ ਅਤੇ ਇੱਕ ਢੋਆ-ਢੁਆਈ ਵਾਲੀ ਹੈ।ਇਹ ਦੋਵੇਂ ਗੱਡੀਆਂ ਸਵੈ-ਸਹਾਇਤਾ ਸਮੂਹਾਂ ਦੇ ਮੈਂਬਰਾਂ ਦੁਆਰਾ ਚਲਾਈਆਂ ਜਾ ਰਹੀਆਂ ਹਨ, ਜਿੰਨ੍ਹਾਂ ਤੋ ਉਨ੍ਹਾਂ ਨੂੰ 8000 ਰੁਪਏ ਤੋਂ 9000 ਰੁਪਏ ਪ੍ਰਤੀ ਮਹੀਨਾ ਆਮਦਨ ਹੋ ਰਹੀ ਹੈ।
ਜਿਲ੍ਹੇ ਅੰਦਰ ਸਮੂਹ ਬਲਾਕਾਂ ਅਧੀਨ ਸਵੈ-ਸਹਾਇਤਾ ਸਮੂਹ ਦੇ ਮੈਂਬਰਾਂ ਵੱਲੋ ਫੂਡ ਕਾਰਟ ਵੀ ਲਗਾਏ ਗਏ ਹਨ, ਜਿੱਥੇ ਸਵੈ ਸਹਾਇਤਾ ਸਮੂਹ ਮੈਂਬਰ ਆਪਣੇ ਹੱਥੀ ਖਾਣ ਵਾਲੀਆਂ ਵਸਤੂਆਂ ਜਿਵੇਂ ਪੂੜ੍ਹੀ-ਛੋਲੇ, ਸਮੋਸੇ, ਮਠਿਆਈਆਂ ਆਦਿ ਤਿਆਰ ਕਰਕੇ ਵਿਕਰੀ ਕਰ ਰਹੇ ਹਨ।ਸਮੂਹ ਬਲਾਕਾਂ ਵਿੱਚ ਚੱਲ ਰਹੇ ਫੂਡ ਕਾਰਟ ਤੋ ਸਵੈ-ਸਹਾਇਤਾ ਸਮੂਹ ਦੇ ਮੈਂਬਰ ਨੂੰ 400 ਰੁਪਏ ਤੋਂ 500 ਰੁਪਏ ਪ੍ਰਤੀ ਦਿਨ ਆਮਦਨ ਹੋ ਰਹੀ ਹੈ।
ਇਸ ਤੋ ਇਲਾਵਾ ਸਵੈ ਸਹਾਇਤਾ ਸਮੂਹਾਂ ਦੁਆਰਾ ਪਿੰਡ ਪੱਧਰ ਤੇ ਛੋਟੇ-ਛੋਟੇ ਧੰਦੇ ਜਿਵੇਂ ਸਬਜੀ ਦੀ ਰੇਹੜ੍ਹੀ, ਮੁਨਿਆਰੀ ਦੁਕਾਨ , ਕੱਪੜ੍ਹੇ ਦੀ ਦੁਕਾਨ, ਬਿਊਟੀ ਪਾਰਲਰ, ਬੁਟੀਕ, ਕਰਿਆਨੇ ਦੀ ਦੁਕਾਨ, ਦਰਜੀ ਦੀ ਦੁਕਾਨ, ਡੇਅਰੀ, ਮੁਰਗੀ ਪਾਲਣ, ਸੈਨਟਰੀ, ਖੇਤੀ, ਕੋਟੀ ਸਵੈਟਰ, ਪੇਂਟਿੰਗ ਸੂਟ, ਮੰਜੇ ਬੁਨਣ, ਅਚਾਰ, ਕਬਾੜ੍ਹ ਦੀ ਦੁਕਾਨ ਆਦਿ ਅਪਣਾ ਕੇ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਜਾ ਰਿਹਾ ਹੈ।