ਘਰ ਰਹਿ ਕੇ ਵਿਸਾਖੀ ਮਨਾਉਣ ਲਈ ਡਿਪਟੀ ਕਮਿਸ਼ਨਰ ਨੇ ਕੀਤਾ ਜ਼ਿਲ੍ਹਾ ਵਾਸੀਆਂ ਦਾ ਧੰਨਵਾਦ
ਪ੍ਰਕਾਸ਼ਨ ਦੀ ਮਿਤੀ : 14/04/2020

ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਘਰ ਰਹਿ ਕੇ ਵਿਸਾਖੀ ਮਨਾਉਣ ਲਈ ਡਿਪਟੀ ਕਮਿਸ਼ਨਰ ਨੇ ਕੀਤਾ ਜ਼ਿਲ੍ਹਾ ਵਾਸੀਆਂ ਦਾ ਧੰਨਵਾਦ
ਜ਼ਿਲੇ ਦੇ ਲੋਕਾਂ ਨੇ ਘਰਾਂ ਵਿੱਚ ਅਰਦਾਸ ਕਰਕੇ ਮਨਾਈ ਵਿਸਾਖੀ
ਤਰਨ ਤਾਰਨ, 13 ਅਪ੍ਰੈਲ
ਖਾਲਸਾ ਸਾਜਣਾ ਦਿਵਸ ਦੇ ਪਵਿੱਤਰ ਦਿਹਾੜੇ ਤੇ ਅੱਜ ਜ਼ਿਲੇ ਦੇ ਲੋਕਾਂ ਨੇ ਆਪਣੇ ਘਰਾਂ ਵਿਚ ਰਹਿ ਕੇ ਸਰਬਤ ਦੇ ਭਲੇ ਦੀ ਅਰਦਾਸ ਕਰਦਿਆਂ ਵਿਸਾਖੀ ਮਨਾਈ। ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਜ਼ਿਲ੍ਹੇ ਦੇ ਲੋਕਾਂ ਦਾ ਇਸ ਲਈ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਇਸ ਵਾਰ ਦੀ ਵਿਸਾਖੀ ਆਪਣੀਆਂ ਆਉਣ ਵਾਲੀਆਂ ਸੁਖਦ ਵਿਸਾਖੀਆਂ ਲਈ ਮਨਾਈ ਹੈ।
ਇੱਥੇ ਜਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਸੀ ਕਿ ਉਹ ਵਿਸਾਖੀ ਆਪਣੇ ਘਰਾਂ ਵਿਚ ਰਹਿ ਕੇ ਮਨਾਉਣ ਅਤੇ ਸਵੇਰੇ 11 ਵਜੇ ਆਪਣੇ ਨਿਵਾਸ ਸਥਾਨਾਂ ਤੋਂ ਹੀ ਪਰਿਵਾਰ ਸਮੇਤ ਇਸ ਬਿਮਾਰੀ ਤੋਂ ਦੁਨੀਆਂ ਨੂੰ ਬਚਾਉਣ ਦੀ ਅਰਦਾਸ ਪ੍ਰਭੂ ਅੱਗੇ ਕਰਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਰੋਨਾ ਖਿਲਾਫ ਜੰਗ ਅਸੀਂ ਸਭ ਨੇ ਮਿਲ ਕੇ ਲੜਨੀ ਹੈ ਅਤੇ ਇਸ ਜੰਗ ਵਿਚ ਜਿੱਤ ਦਾ ਇਕੋ ਮੰਤਰ ਘਰ ਰਹਿਣਾ ਹੈ। ਉਨਾਂ ਨੇ ਆਖਿਆ ਕਿ ਇਸ ਮੁਹਿੰਮ ਵਿਚ ਅਸੀਂ ਜੇਤੂ ਹੋ ਕੇ ਨਿਕਲਾਂਗੇ।ਉਨਾਂ ਨੇ ਅਪੀਲ ਕੀਤੀ ਕਿ ਹਰੇਕ ਨਾਗਰਿਕ ਆਪਣਾ ਨੈਤਿਕ ਫਰਜ਼ ਸਮਝਦਿਆਂ ਕਰਫਿਊ ਦਾ ਸਖ਼ਤੀ ਨਾਲ ਪਾਲਣ ਕਰੇ ਅਤੇ ਡਾਕਟਰੀ ਸਲਾਹਾਂ ਅਨੁਸਾਰ ਵਾਰ ਵਾਰ ਹੱਥ ਧੋਣ, ਮੂੰਹ ‘ਤੇ ਮਾਸਕ ਪਹਿਣਨ ਵਰਗੀਆਂ ਸਾਵਧਾਨੀਆਂ ਵਰਤੇ।
ਇਸ ਦੌਰਾਨ ਅੱਜ ਜ਼ਿਲੇ ਦੇ ਵੱਖ ਵੱਖ ਖੇਤਰਾਂ ਵਿਚ ਲੋਕਾਂ ਨੇ ਘਰ ਵਿਖੇ ਰਹਿ ਕੇ ਪਾਠ ਕੀਤਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।