ਪੰਜਾਬ ਸਰਕਾਰ ਵਲੋਂ ਕਸਟਮ ਹਾਇਰਿੰਗ ਸੈਂਟਰਾਂ ਕੋਲੋਂ ਖੇਤੀ ਸੰਦ ਕਿਰਾਏ `ਤੇ ਲੈਣ ਬਾਰੇ ਰੇਟ ਨਿਰਧਾਰਿਤ-ਡਿਪਟੀ ਕਮਿਸ਼ਨਰ

ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਪੰਜਾਬ ਸਰਕਾਰ ਵਲੋਂ ਕਸਟਮ ਹਾਇਰਿੰਗ ਸੈਂਟਰਾਂ ਕੋਲੋਂ ਖੇਤੀ ਸੰਦ ਕਿਰਾਏ `ਤੇ ਲੈਣ ਬਾਰੇ ਰੇਟ ਨਿਰਧਾਰਿਤ-ਡਿਪਟੀ ਕਮਿਸ਼ਨਰ
ਖੇਤੀ ਸੰਦਾਂ ਨੂੰ ਕਿਰਾਏ ਉਪਰ ਲੈਣ ਬਾਰੇ ਰੇਟ ਨਿਰਧਾਰਿਤ ਕਰਨ ਨਾਲ ਕਿਸਾਨਾਂ ਨੂੰ ਵੱਡਾ ਮਿਲੇਗਾ ਲਾਭ
ਤਰਨ ਤਾਰਨ, 05 ਅਕਤੂਬਰ :
ਪੰਜਾਬ ਸਰਕਾਰ ਵਲੋਂ ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਖੇਤਾਂ ਵਿੱਚ ਹੀ ਮਿਲਾ ਕੇ ਵਾਤਾਵਰਣ ਸੰਭਾਲ ਦੇ ਨਾਲ-ਨਾਲ ਜ਼ਮੀਨ ਦੀ ਸਿਹਤ ਸੁਧਾਰਨ ਵਿੱਚ ਕਿਸਾਨੀ ਨੂੰ ਸਹੂਲਤ ਪ੍ਰਦਾਨ ਕਰਨ ਦੇ ਮਕਸਦ ਨਾਲ ਕਸਟਮ ਹਾਇਰਿੰਗ ਸੈਂਟਰਾਂ, ਸਹਿਕਾਰੀ ਸਭਾਵਾਂ ਅਤੇ ਪੰਚਾਇਤਾਂ ਰਾਹੀਂ ਖੇਤੀ ਸਬੰਧੀ ਮਸ਼ੀਨਰੀ ਕਿਰਾਏ `ਤੇ ਲੈਣ ਲਈ ਰੇਟ ਨਿਰਧਾਰਿਤ ਕੀਤੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲਾ ਤਰਨ ਤਾਰਨ ਵਿੱਚ ਕਿਸਾਨਾਂ ਦੀ ਸਹੂਲਤ ਅਤੇ ਪਰਾਲੀ ਦੇ ਸੁਚੱਜੇ ਪ੍ਰਬੰਧਾਂ ਲਈ ਕੁੱਲ 977 ਕਸਟਮ ਹਾਇਰਿੰਗ ਸੈਂਟਰ ਹਨ, ਜਿਨਾਂ ਕੋਲੋਂ ਕਿਸਾਨ ਆਪਣੀ ਸਹੂਲਤ ਅਨੁਸਾਰ ਪਰਾਲੀ ਨੂੰ ਜਮੀਨ ਵਿੱਚ ਵਾਹ ਕੇ ਖੇਤ ਤਿਆਰ ਕਰਨ ਲਈ ਮਸ਼ੀਨਰੀ ਲੈ ਸਕਦੇ ਹਨ।
ਪੰਜਾਬ ਸਰਕਾਰ ਵਲੋਂ ਨਿਰਧਾਰਿਤ ਰੇਟ ਅਨੁਸਾਰ ਟਰੈਕਟਰ ਸਮੇਤ ਮਸ਼ੀਨਰੀ ਕਿਰਾਏ `ਤੇ ਲੈਣ ਲਈ ਹੈਪੀ ਸੀਡਰ ਲਈ 1300 ਰੁਪਏ ਪ੍ਰਤੀ ਏਕੜ, ਦੋ ਫਲਾਂ ਵਾਲੇ ਉਲਟਾਵੇਂ ਹੱਲਾਂ ਲਈ 1200 ਰੁਪਏ, ਤਿੰਨ ਵਾਲੇ ਲਈ 1500 ਰੁਪਏ, ਮੁੱਢ ਵੱਢਣ ਵਾਲਾ ਰੀਪਰ 400 ਰੁਪਏ, ਮਲਚਰ 1200 ਰੁਪਏ, ਸਟਰਾਅ ਚੋਪਰ 1500 ਰੁਪਏ, ਜ਼ੀਰੋ ਟਿੱਲ 600 ਰੁਪਏ, ਰੋਟਾਵੇਟਰ 1000 ਰੁਪਏ, ਸੁਪਰ ਸੀਡਰ 1600 ਤੋਂ 2000 ਰੁਪਏ ਪ੍ਰਤੀ ਏਕੜ ਨਿਰਧਾਰਿਤ ਕੀਤੇ ਗਏ ਹਨ।
ਇਸ ਤੋਂ ਇਲਾਵਾ ਟਰੈਕਟਰ ਤੋਂ ਬਿਨਾਂ ਖੇਤੀ ਸੰਦ ਕਿਰਾਏ `ਤੇ ਲੈਣ ਲਈ ਹੈਪੀ ਸੀਡਰ ਅਤੇ ਦੋ ਫਲਾਂ ਵਾਲੇ ਉਲਟਾਵੇਂ ਹੱਲ 200 ਰੁਪਏ ਪ੍ਰਤੀ ਘੰਟਾ, ਮੁੱਢ ਵੱਢਣ ਲਈ ਰੀਪਰ 100 ਰੁਪਏ ਪ੍ਰਤੀ ਘੰਟਾ, ਮਲਚਰ 200 ਰੁਪਏ ਪਤੀ ਘੰਟਾ, ਸਟਰਾਅ ਚੌਪਰ 250 ਰੁਪਏ , ਜੀਰੋ ਟਿੱਲ 100 ਰੁਪਏ ਪ੍ਰਤੀ ਘੰਟਾ, ਸੁਪਰ ਸੀਡਰ 400 ਤੋਂ 500 ਰੁਪਏ ਪ੍ਰਤੀ ਘੰਟਾ ਨਿਰਧਾਰਿਤ ਕੀਤੇ ਗਏ ਹਨ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਨਾਂ ਖੇਤੀ ਸੰਦਾਂ ਨੂੰ ਕਿਰਾਏ ਉਪਰ ਲੈਣ ਬਾਰੇ ਰੇਟ ਨਿਰਧਾਰਿਤ ਕਰਨ ਨਾਲ ਕਿਸਾਨਾਂ ਨੂੰ ਵੱਡਾ ਲਾਭ ਮਿਲੇਗਾ।
ਜ਼ਿਕਰਯੋਗ ਹੈ ਕਿ ਜ਼ਿਲੇ ਵਿੱਚ ਛੋਟੇ ਅਤੇ ਦਰਮਿਆਨੇ ਕਿਸਾਨਾਂ ਲਈ ਖੇਤੀ ਸਰਵਿਸ ਸੈਂਟਰ ਖੋਲੇ੍ਹ ਗਏ ਹਨ ਜਿਨਾਂ ਨੂੰ 1729 ਮਸ਼ੀਨਾਂ ਦਿੱਤੀਆਂ ਗਈਆਂ ਹਨ ।