ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਫਤ ਅਤੇ ਸੁਰੱਖਿਅਤ ਬੱਸ ਸਫ਼ਰ ਦੀ ਸਹੂਲਤ ਨਾਲ ਔਰਤਾਂ ਵਿੱਚ ਖੁੁਸ਼ੀ ਦੀ ਲਹਿਰ
ਪ੍ਰਕਾਸ਼ਨ ਦੀ ਮਿਤੀ : 05/04/2021
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਫਤ ਅਤੇ ਸੁਰੱਖਿਅਤ ਬੱਸ ਸਫ਼ਰ ਦੀ ਸਹੂਲਤ ਨਾਲ ਔਰਤਾਂ ਵਿੱਚ ਖੁੁਸ਼ੀ ਦੀ ਲਹਿਰ
ਪਹਿਲੇ ਦੋ ਦਿਨਾਂ `ਚ ਜ਼ਿਲਾ ਤਰਨ ਤਾਰਨ ਦੀਆਂ 4858 ਔਰਤਾਂ ਨੇ ਲਿਆ ਮੁਫਤ ਸਫ਼ਰ ਦੀ ਸਹੂਲਤ ਦਾ ਲਾਭ
ਤਰਨ ਤਾਰਨ, 03 ਅਪ੍ਰੈਲ :
ਪੰਜਾਬ ਸਰਕਾਰ ਵੱਲੋਂ ਰਾਜ ਦੀਆਂ ਔਰਤਾਂ ਅਤੇ ਲੜਕੀਆਂ ਲਈ ਸਰਕਾਰੀ ਬੱਸਾਂ ’ਚ ਸ਼ੁਰੂ ਕੀਤੀ ਗਈ ਮੁਫ਼ਤ ਅਤੇ ਸੁਰੱਖਿਅਤ ਸਫ਼ਰ ਦੀ ਸਹੂਲਤ ਨਾਲ ਔਰਤਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਰਾਜ ਸਰਕਾਰ ਵੱਲੋਂ ਇਹ ਸੇਵਾ ਪੂਰੇ ਪੰਜਾਬ ਅਤੇ ਰਾਜਧਾਨੀ ਚੰਡੀਗੜ੍ਹ ਵਿੱਚ 01 ਅਪਰੈਲ, 2021 ਤੋਂ ਲਾਗੂ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਸਹੂਲਤ ਦਾ ਪਹਿਲੇ ਦੋ ਦਿਨਾਂ ਵਿੱਚ ਜ਼ਿਲੇ ਦੀਆਂ 4858 ਔਰਤਾਂ ਨੇ ਇਸ ਸਹੂਲਤ ਦਾ ਲਾਭ ਲਿਆ ਹੈ। ਉਨਾਂ ਦੱਸਿਆ ਕਿ ਸਫ਼ਰ ਦੌਰਾਨ ਜੇਕਰ ਕਿਸੇ ਵੀ ਮਹਿਲਾ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਟੋਲ ਫ਼ਰੀ ਨੰਬਰ 181 ’ਤੇ ਸੰਪਰਕ ਕਰ ਸਕਦੇ ਹਨ। ਉਨਾਂ ਦੱਸਿਆ ਕਿ ਮੁਫ਼ਤ ਸਫ਼ਰ ਦੀ ਸਹੂਲਤ ਪੀ.ਆਰ.ਟੀ.ਸੀ., ਪਨਬੱਸ ਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਵਿੱਚ ਦਿੱਤੀ ਗਈ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਪੰਜਾਬ ਰੋਡਵੇਜ਼ ਪੱਟੀ ਦੇ ਜਨਰਲ ਮੈਨੇਜਰ ਸ੍ਰੀ ਮਨਿੰਦਰਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਰੋਡਵੇਜ਼ ਡਿਪੂ ਪੱਟੀ ਤੇ ਤਰਨ ਤਾਰਨ ਦੀਆਂ ਕੁੱਲ 117 ਬੱਸਾਂ ਹਨ, ਜੋ ਕਰੀਬ 113 ਰੂਟਾਂ ’ਤੇ ਚੱਲਦੀਆਂ ਹਨ। ਉਨਾਂ ਕਿਹਾ ਕਿ ਪਹਿਲੇ ਦਿਨ ਜ਼ਿਲੇ ਦੀਆਂ ਲਗਭਗ 1137 ਔਰਤਾਂ ਅਤੇ ਦੂਜੇ ਦਿਨ 3721 ਔਰਤਾਂ ਨੇ ਮੁਫਤ ਬੱਸ ਸਫਰ ਦੀ ਸਹੂਲਤ ਦਾ ਲਾਭ ਲਿਆ।
ਉਨਾਂ ਕਿਹਾ ਕਿ ਸਫ਼ਰ ਦੌਰਾਨ ਔਰਤਾਂ ਨੂੰ ਆਪਣਾ ਕੋਈ ਵੀ ਸ਼ਨਾਖ਼ਤੀ ਕਾਰਡ ਜਿਵੇਂ ਕਿ ਆਧਾਰ ਕਾਰਡ ਆਦਿ ਦਿਖਾਉਣਾ ਲਾਜ਼ਮੀ ਹੋਵੇਗਾ ਤਾਂ ਜੋ ਉਨਾਂ ਨੂੰ ਸਬੰਧਤ ਬੱਸ ਕੰਡਕਟਰ ਵਲੋਂ ਜ਼ੀਰੋ ਬੈਲੇਂਸ ਦੀ ਟਿਕਟ ਉਪਲੱਬਧ ਕਰਵਾਈ ਜਾ ਸਕੇ।