ਬੰਦ ਕਰੋ

ਸੈਕੰਡਰੀ ਸਕੂਲਾਂ ਵਿੱਚ ਸਿਰਫ ਨਿੱਜੀ ਸਕੂਲਾਂ ਤੋਂ ਹਟ ਕੇ ਆਏ ਬੱਚੇ ਕੀਤੇ ਜਾ ਰਹੇ ਹਨ ਦਾਖ਼ਲ

ਪ੍ਰਕਾਸ਼ਨ ਦੀ ਮਿਤੀ : 27/04/2021
DEO

ਸੈਕੰਡਰੀ ਸਕੂਲਾਂ ਵਿੱਚ ਸਿਰਫ ਨਿੱਜੀ ਸਕੂਲਾਂ ਤੋਂ ਹਟ ਕੇ ਆਏ ਬੱਚੇ ਕੀਤੇ ਜਾ ਰਹੇ ਹਨ ਦਾਖ਼ਲ
ਬੱਚਿਆਂ ਦੀ ਗਿਣਤੀ ਵਧਣ ਨਾਲ ਪ੍ਰਾਇਮਰੀ ਕਾਡਰ `ਚ ਸਿੱਧੀ ਭਰਤੀ ਅਤੇ ਤਰੱਕੀ ਦੇ ਮੌਕੇ ਵਧਣਗੇ
ਤਰਨ ਤਾਰਨ, 27 ਅਪ੍ਰੈਲ :
ਨਵਾਂ ਵਿੱਦਿਅਕ ਸ਼ੈਸ਼ਨ ਸ਼ੁਰੂ ਹੋਣ ਕਰਕੇ ਹਜ਼ਾਰਾਂ ਦੀ ਗਿਣਤੀ ‘ਚ ਵਿਦਿਆਰਥੀ ਵੱਡੀਆਂ ਸ਼੍ਰੇਣੀਆਂ ਵਿੱਚ ਨਿੱਜੀ ਸਕੂਲਾਂ ਤੋਂ ਹਟ ਕੇ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਲੈ ਰਹੇ ਹਨ। ਇਸ ਦੇ ਨਾਲ ਹੀ ਉਕਤ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਛੋਟੇ ਬੱਚਿਆਂ ਨੂੰ ਉਹ ਅਲੱਗ ਨਹੀਂ ਭੇਜ ਸਕਦੇ, ਜਿਸ ਕਾਰਨ ਸਰਕਾਰੀ ਸੈਕੰਡਰੀ ਸਕੂਲਾਂ ਦੇ ਸਕੂਲ ਮੁਖੀਆਂ ਤੇ ਅਧਿਆਪਕਾਂ ਨੇ ਛੋਟੇ ਬੱਚਿਆਂ ਲਈ ਵੀ ਪ੍ਰਾਇਮਰੀ ਜਮਾਤਾਂ ਸ਼ੁਰੂ ਕਰਨ ਦਾ ਸੁਝਾਅ ਸਿੱਖਿਆ ਵਿਭਾਗ ਨੂੰ ਦਿੱਤਾ। ਜਿਸ ਨੂੰ ਧਿਆਨ ‘ਚ ਰੱਖ ਕੇ ਕਾਫੀ ਸੈਕੰਡਰੀ ਸਕੂਲਾਂ ਨੇ ਪ੍ਰਾਇਮਰੀ ਜਮਾਤਾਂ ਸ਼ੁਰੂ ਕਰ ਦਿੱਤੀਆਂ ਹਨ।
ਇਸਦੇ ਮੱਦੇਨਜ਼ਰ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਤਰਨਤਾਰਨ ਸ਼੍ਰੀ ਸਤਿਨਾਮ ਸਿੰਘ ਬਾਠ ਨੇ ਸਪੱਸ਼ਟ ਕੀਤਾ ਹੈ ਕਿ ਜਿਹੜੇ ਸੈਕੰਡਰੀ ਸਕੂਲ ਪ੍ਰੀ-ਪ੍ਰਾਇਮਰੀ ਜਮਾਤਾਂ ਸ਼ੁਰੂ ਕਰਨਾ ਚਾਹੁੰਦੇ ਹਨ, ਉਹ ਕੇਵਲ ਨਿੱਜੀ ਸਕੂਲਾਂ ਤੋਂ ਹਟ ਕੇ ਆਏ ਬੱਚਿਆਂ ਦਾ ਦਾਖ਼ਲਾ ਹੀ ਕਰਨ। ਉਨ੍ਹਾਂ ਕਿਹਾ ਕਿ ਸੈਕੰਡਰੀ ਸਕੂਲਾਂ ਦੇ ਇਸ ਉੱਦਮ ਨਾਲ ਜਿੱਥੇ ਪ੍ਰਾਇਮਰੀ ਕਾਡਰ ਵਿੱਚ ਬੱਚਿਆਂ ਦੀ ਗਿਣਤੀ ਵਧੇਗੀ, ਉਸਦੇ ਨਾਲ ਹੀ ਭਵਿੱਖ ਵਿੱਚ ਪ੍ਰਾਇਮਰੀ ਕਾਡਰ ਦੀਆਂ ਅਸਾਮੀਆਂ ਦੀ ਗਿਣਤੀ ਵਧਣੀ ਵੀ ਸੁਭਾਵਿਕ ਹੈ। ਜਿਨ੍ਹਾਂ ਦਾ ਸਰਕਾਰੀ ਸਕੂਲਾਂ ਵਿੱਚ ਕੰਮ ਕਰ ਰਹੇ ਹਜ਼ਾਰਾਂ ਸਿੱਖਿਆ ਕਰਮੀਆਂ, ਈ.ਜੀ.ਐੱਸ./ਐੱਸ.ਟੀ.ਆਰ./ਏ.ਆਈ.ਈ ਵਲੰਟੀਅਰਾਂ ਨੂੰ ਫਾਇਦਾ ਮਿਲੇਗਾ।
ਇਸ ਸਬੰਧੀ ਜਿਲ੍ਹਾ ਸਿੱਖਿਆ ਅਧਿਕਾਰੀ ਨੇ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚੋਂ ਕੋਈ ਵੀ ਵਿਦਿਆਰਥੀ ਸਰਕਾਰੀ ਸੈਕੰਡਰੀ ਸਕੂਲਾਂ ਵਿੱਚ ਦਾਖ਼ਲ ਨਹੀਂ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਅਧਿਆਪਕਾਂ ਨੂੰ ਕੁਝ ਮੌਕਾਪ੍ਰਸਤ ਅਨਸਰਾਂ ਵੱਲੋਂ ਵਰਗਲਾਇਆ ਜਾ ਰਿਹਾ ਹੈ ਤਾਂ ਜੋ ਸਿੱਖਿਆ ਵਿਭਾਗ ਦੀ ਦਾਖ਼ਲਾ ਮੁਹਿੰਮ ਨੂੰ ਢਾਅ ਲਾਈ ਜਾ ਸਕੇ। ਉਹਨਾਂ ਕਿਹਾ ਕਿ ਅਧਿਆਪਕਾਂ ਵੱਲੋਂ ਘਰ-ਘਰ ਜਾ ਕੇ ਮਾਪਿਆਂ ਨੂੰ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ, ਵਿਸ਼ੇਸ਼ਤਾਵਾਂ ਅਤੇ ਸਮਾਰਟ ਕਲਾਸਰੂਮਜ਼ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਮਾਪਿਆਂ ਵੱਲੋਂ ਸਕੂਲਾਂ ਵਿੱਚ ਆ ਕੇ ਸਕੂਲਾਂ ਨੂੰ ਪ੍ਰਤੱਖ ਰੂਪ ਵਿੱਚ ਦੇਖਿਆ ਜਾ ਰਿਹਾ ਹੈ। ਮਿਹਨਤੀ ਸਟਾਫ਼, ਅੰਗਰੇਜ਼ੀ ਮਾਧਿਅਮ, ਗੁਣਾਤਮਿਕ ਸਿੱਖਿਆ, ਸਰਕਾਰੀ ਸਹੂਲਤਾਂ ਦੇ ਕਾਰਨ ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਨੂੰ ਨਿੱਜੀ ਸਕੂਲਾਂ ਤੋਂ ਹਟਾਉਣ ਦਾ ਮਨ ਬਣਾ ਚੁੱਕੇ ਹਨ। ਬੱਚੇ ਵੱਲੋਂ ਘਰ ਦੇ ਨੇੜਲੇ ਸਰਕਾਰੀ ਸਕੂਲ ਵਿੱਚ ਮਿਲਦੀਆਂ ਸਹੂਲਤਾਂ ਅਤੇ ਮਿਆਰੀ ਸਿੱਖਿਆ ਦਾ ਲਾਭ ਲੈਣ ਲਈ ਪ੍ਰੀ-ਪ੍ਰਾਇਮਰੀ ਦੇ ਵਿਦਿਆਰਥੀਆਂ ਦਾ ਦਾਖ਼ਲਾ ਵਿਭਾਗ ਦੇ ਦਾਖ਼ਲਾ ਮੁਹਿੰਮ ਨੂੰ ਬੁਲੰਦੀਆਂ `ਤੇ ਲੈ ਜਾਵੇਗਾ।
ਜ਼ਿਲ੍ਹਾ ਸਿੱਖਿਆ ਅਫ਼ਸ਼ਰ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵਧਣ ਨਾਲ ਜਿੱਥੇ ਸਰਕਾਰੀ ਸਕੂਲਾਂ ਪ੍ਰਤੀ ਮਾਪਿਆਂ ਦਾ ਵਿਸ਼ਵਾਸ਼ ਵਧਣ ਲੱਗਾ ਹੈ ਉੱਥੇ ਅਧਿਆਪਕਾਂ ਦੀਆਂ ਅਸਾਮੀਆਂ `ਤੇ ਵੀ ਸਾਕਾਰਾਤਮਕ ਅਸਰ ਦਿਖਣ ਲੱਗਾ ਹੈ।