ਕੋਵਿਡ-19 ਸਬੰਧੀ ਵੈਕਸੀਨੇਸ਼ਨ ਲਗਾਉਣ ਲਈ ਜ਼ਿਲ੍ਹੇ ਦੇ 40 ਪਿੰਡਾਂ ਵਿੱਚ ਆਯੋਜਿਤ ਕੀਤੇ ਗਏ ਵਿਸ਼ੇਸ ਕੈਂਪ-ਡਿਪਟੀ ਕਮਿਸ਼ਨਰ

ਕੋਵਿਡ-19 ਸਬੰਧੀ ਵੈਕਸੀਨੇਸ਼ਨ ਲਗਾਉਣ ਲਈ ਜ਼ਿਲ੍ਹੇ ਦੇ 40 ਪਿੰਡਾਂ ਵਿੱਚ ਆਯੋਜਿਤ ਕੀਤੇ ਗਏ ਵਿਸ਼ੇਸ ਕੈਂਪ-ਡਿਪਟੀ ਕਮਿਸ਼ਨਰ
ਹੁਣ ਤੱਕ ਜ਼ਿਲ੍ਹੇ ਵਿੱਚ 95 ਹਜ਼ਾਰ ਤੋਂ ਵੱਧ ਲੋਕਾਂ ਨੂੰ ਲਗਾਈ ਜਾ ਚੁੱਕੀ ਹੈ ਕੋਵਿਡ-19 ਸਬੰਧੀ ਵੈਕਸੀਨ
ਤਰਨ ਤਾਰਨ, 01 ਮਈ :
ਜ਼ਿਲ੍ਹਾ ਤਰਨ ਤਾਰਨ ਵਿੱਚ ਕੋਵਿਡ-19 ਸਬੰਧੀ ਵੈਕਸੀਨੇਸ਼ਨ ਲਗਾਉਣ ਲਈ ਅੱਜ ਜ਼ਿਲ੍ਹੇ ਦੇ 8 ਬਲਾਕਾਂ ਦੇ 40 ਪਿੰਡਾਂ ਵਿੱਚ ਸਿਹਤ ਵਿਭਾਗ ਦੇ ਸਹਿਯੋਗ ਨਾਲ ਵਿਸ਼ੇਸ ਕੈਂਪ ਆਯੋਜਿਤ ਕੀਤੇ ਗਏ ਅਤੇ ਪਿੰਡਾਂ ਦੇ ਲੋਕਾਂ ਨੂੰ ਵੈਕਸੀਨੇਸ਼ਨ ਲਗਾਉਣ ਪ੍ਰਤੀ ਜਾਗਰੂਕ ਕੀਤਾ ਗਿਆ।ਇਸ ਤੋਂ ਇਲਾਵਾ ਨਗਰ ਕੌਂਸਲ ਦਫ਼ਤਰ ਤਰਨ ਤਾਰਨ ਵਿਖੇ ਵੀ ਵੈਕਸੀਨੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ 95 ਹਜ਼ਾਰ ਤੋਂ ਵੱਧ ਲੋਕਾਂ ਨੂੰ ਕੋਵਿਡ-19 ਸਬੰਧੀ ਵੈਕਸੀਨ ਲਗਾਈ ਜਾ ਚੁੱਕੀ ਹੈ।ਉਹਨਾਂ ਦੱਸਿਆ ਕਿ ਅੱਜ ਲਗਾਏ ਗਏ ਵੱਖ-ਵੱਖ ਕੈਂਪਾਂ ਦੌਰਾਨ 1846 ਲੋਕਾਂ ਨੂੰ ਵੈਕਸੀਨ ਦੀ ਡੋਜ਼ ਲਗਾਈ ਗਈ ਹੈ।
ਉਹਨਾਂ ਦੱਸਿਆ ਕਿ ਕੋਵਿਡ-19 ਵੈਕਸੀਨੇਸ਼ਨ ਪ੍ਰਤੀ ਜਾਗਰੂਕਤਾ ਲਿਆਉਣ ਲਈ ਜ਼ਿਲ੍ਹੇ ਦੇ ਸਮੂਹ ਸਿਹਤ ਕੇਂਦਰਾਂ ਤੋਂ ਇਲਾਵਾ ਵੱਖ-ਵੱਖ ਵਿੱਚ ਵੀ ਸਪੈਸ਼ਲ ਕੈਂਪ ਵੀ ਆਯੋਜਿਤ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੋਵਿਡ-19 ਸਬੰਧੀ ਵੈਕਸੀਨੇਸ਼ਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਹਰ ਇੱਕ ਯੋਗ ਵਿਅਕਤੀ ਨੂੰ ਪੜਾਅ ਅਨੁਸਾਰ ਵੈਕਸੀਨ ਜ਼ਰੂਰ ਲਗਵਾਉਣੀ ਚਾਹੀਦੀ ਹੈ।
ਕਰੋਨਾ ਵਾਇਰਸ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਉਹਨਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੋੜ ਅਨੁਸਾਰ ਹੀ ਘਰ ਤੋਂ ਬਾਹਰ ਨਿਕਲਿਆ ਜਾਵੇ।ਮਾਸਕ ਦੀ ਵਰਤੋ ਲਾਜ਼ਮੀ ਕੀਤੀ ਜਾਵੇ, ਸਮਾਜਿਕ ਦੂਰੀ ਵੀ ਕਾਇਮ ਰੱਖੀ ਜਾਵੇ ਅਤੇ ਹੱਥਾਂ ਨੂੰ ਵਾਰ-ਵਾਰ ਸਾਫ਼ ਕੀਤਾ ਜਾਵੇ ਤਾਂ ਜੋ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।