ਕੋਈ ਵੀ ਦਿਵਿਆਂਗ ਬੱਚਾ ਸਿੱਖਿਆ ਤੋਂ ਵਾਝਾਂ ਨਾ ਰਹੇ-ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ

ਕੋਈ ਵੀ ਦਿਵਿਆਂਗ ਬੱਚਾ ਸਿੱਖਿਆ ਤੋਂ ਵਾਝਾਂ ਨਾ ਰਹੇ-ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ
ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਦਿੱਤੀਆਂ ਜਾ ਰਹੀਆਂ ਹਨ ਵਿਸ਼ੇਸ ਸਹੂਲਤਾਂ
ਤਰਨ ਤਾਰਨ, 22 ਮਈ :
ਜ਼ਿਲੇ ਵਿੱਚ ਹਰ ਵਰਗ ਦੇ ਵਿਦਿਆਰਥੀਆਂ ਲਈ ਮਿਆਰੀ ਸਿੱਖਿਆ ਪ੍ਰਦਾਨ ਕਰਨ ਹਿੱਤ ਅੱਜ ਸ੍ਰੀ ਰਾਜੇਸ ਕੁਮਾਰ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਤਰਨਤਾਰਨ ਜੀ ਦੀ ਅਗਵਾਈ ਹੇਠ ਸਮੂਹ ਆਈ. ਈ. ਡੀ. ਕੰਪੋਨੈਂਟ ਦੀ ਟੀਮ ਨਾਲ ਵਰਚੂਐਲ ਮੀਟਿੰਗ ਕੀਤੀ ਗਈ।
ਇਸ ਦੌਰਾਨ ਵਿਸ਼ੇਸ ਦਾਖ਼ਲਾ ਮੁਹਿੰਮ ਜੋ ਕਿ 18 ਮਈ ਤੋਂ 31 ਮਈ ਤੱਕ ਚਲਾਈ ਜਾ ਰਹੀ ਹੈ, ਰਾਹੀਂ ਹਰ ਇੱਕ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਵਿਭਾਗ ਵੱਲੋਂ ਬਣਾਏ ਸੈਂਟਰਾਂ ਵਿੱਚ ਐਨਰੋਲ ਕਰਨ ਸਬੰਧੀ ਚਰਚਾ ਕੀਤੀ ਗਈ ।
ਮੀਟਿੰਗ ਦੌਰਾਨ ਸ਼੍ਰੀ ਰਾਜੇਸ਼ ਕੁਮਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਤਰਨਤਾਰਨ ਅਤੇ ਸ਼੍ਰੀ ਪਰਮਜੀਤ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਤਰਨਤਾਰਨ ਵੱਲੋਂ ਬਲਾਕ ਪੱਧਰ ਤੇ ਤੈਨਾਤ ਆਈ ਈ ਆਰ ਟੀ ਅਧਿਆਪਕਾਂ ਦੁਆਰਾ ਦਾਖਲਾ ਮੁਹਿੰਮ ਤਹਿਤ ਨਿਰਧਾਰਿਤ ਟਾਰਗੇਟ ਨੂੰ ਹਾਸਿਲ ਕਰਨ ਲਈ ਕੋਵਿਡ 19 ਮਹਾਂਮਾਰੀ ਤੋਂ ਬਚਾਅ ਲਈ ਜਾਰੀ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਘਰ ਘਰ ਸਰਵੇਖਣ, ਮਾਪਿਆਂ ਦੀ ਕਾਊਂਸਲਿੰਗ, ਸੋਸ਼ਲ ਮੀਡੀਆ ਦੁਆਰਾ ਪ੍ਰਚਾਰ, ਧਾਰਮਿਕ ਸਥਾਨਾਂ ਤੋਂ ਅਨਾਊਂਸਮੈਂਟ ਆਦਿ ਰਾਹੀਂ ਲੋਕਾਂ ਵਿੱਚ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਪ੍ਰਤੀ ਜਾਗਰੂਕਤਾ ਲਿਆਉਣ ਲਈ ਕਿਹਾ ਗਿਆ।
ਮੀਟਿੰਗ ਦੌਰਾਨ ਸ਼੍ਰੀ ਅਨੁਜ ਚੌਧਰੀ ਡੀ ਐਸ ਈ ਦੁਆਰਾ ਆਪਣੀ ਪੂਰੀ ਟੀਮ ਵੱਲੋਂ ਇਹਨਾਂ ਨੁਕਤਿਆਂ ਨੂੰ ਧਿਆਨ ਵਿੱਚ ਰੱਖਦਿਆਂ ਨਿਰਧਾਰਿਤ ਟਾਰਗੇਟ ਪੂਰਾ ਕਰਨ ਦਾ ਭਰੋਸਾ ਦਿੱਤਾ। ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 35 ਸੈਂਟਰ ਚੱਲ ਰਹੇ ਹਨ ਜਿਸ ਵਿੱਚ 371 ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਸਹਿਤ ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ ਕੁੱਲ 2761 ਬੱਚੇ ਦਾਖ਼ਲ ਹਨ। ਮੀਟਿੰਗ ਦੌਰਾਨ ਜ਼ਿਲ੍ਹੇ ਅੰਦਰ ਚਲਾਏ ਜਾ ਰਹੇ ਰਿਸੋਰਸ ਸੈਂਟਰਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਹੂਲਤਾਂ ਨਾਲ ਲੈਸ ਕਰਨ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ ਗਈ ਤਾਂ ਜੋ ਵਿਸ਼ੇਸ ਲੋੜਾਂ ਵਾਲੇ ਬੱਚਿਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾ ਸਕਣ।