ਬੰਦ ਕਰੋ

ਸਰਕਾਰੀ ਸਕੂਲਾਂ ਦੇ ਵਿਦਿਆਰਥੀ ਆਨਲਾਈਨ ਸਮਰ ਕੈਂਪਾਂ ਦੌਰਾਨ ਗਤੀਵਿਧੀਆਂ ਜਰੀਏ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਵਿਸ਼ਿਆਂ ਦਾ ਗਿਆਨ ਗ੍ਰਹਿਣ ਕਰਨਗੇ

ਪ੍ਰਕਾਸ਼ਨ ਦੀ ਮਿਤੀ : 31/05/2021
DEO

ਸਰਕਾਰੀ ਸਕੂਲਾਂ ਦੇ ਵਿਦਿਆਰਥੀ ਆਨਲਾਈਨ ਸਮਰ ਕੈਂਪਾਂ ਦੌਰਾਨ ਗਤੀਵਿਧੀਆਂ ਜਰੀਏ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਵਿਸ਼ਿਆਂ ਦਾ ਗਿਆਨ ਗ੍ਰਹਿਣ ਕਰਨਗੇ

ਤਰਨ  ਤਾਰਨ 27 ਮਈ( )- ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਗਰਮੀਆਂ ਦੀਆਂ ਛੁੱਟੀਆਂ ਨੂੰ ਵੀ ਸਿੱਖਣ ਪੱਖੋਂ ਉਪਯੋਗੀ ਬਣਾਉਣ ਲਈ ਵਿਭਾਗ ਵੱਲੋਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ।ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਰਾਜ ਸਿੱਖਿਆ ਖੋਜ਼ ਅਤੇ ਸਿਖਲਾਈ ਪ੍ਰੀਸ਼ਦ ਵੱਲੋਂ ਪ੍ਰਾਜੈਕਟ ਪੜ੍ਹੋ ਪੰਜਾਬ ਅਧੀਨ ਵੱਖ-ਵੱਖ ਵਿਸ਼ਿਆਂ ਦੀਆਂ ਗਤੀਵਿਧੀਆਂ ਸੂਚੀਬੱਧ ਕੀਤੀਆਂ ਗਈਆਂ ਹਨ।ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਵਿਸ਼ਿਆਂ ਦੇ ਸਟੇਟ ਰਿਸੋਰਸ ਪਰਸਨ ਚੰਦਰ ਸੇਖਰ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਅੰਗਰੇਜ਼ੀ ਬੋਲਣ ਦੇ ਅਭਿਆਸ ਦੀ ਲਗਾਤਾਰਤਾ ਬਣਾਈ ਰੱਖਣ ਅਤੇ ਪ੍ਰਯੋਗੀ ਤਰੀਕੇ ਨਾਲ ਸਮਾਜਿਕ ਸਿੱਖਿਆ ਵਿਸ਼ੇ ਦਾ ਗਿਆਨ ਗ੍ਰਹਿਣ ਕਰਨ ਦੇ ਮਨੋਰਥ ਨਾਲ ਆਨਲਾਈਨ ਸਮਰ ਕੈਂਪਾਂ ਦੌਰਾਨ ਦੋਵੇਂ ਹੀ ਵਿਸ਼ਿਆਂ ਲਈ ਗਤੀਵਿਧੀਆਂ ਕਰਵਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।

                      ਸ਼੍ਰੀ ਸਤਿਨਾਮ ਸਿੰਘ ਬਾਠ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤਰਨਤਾਰਨ ਨੇ ਕਿਹਾ ਕਿ ਕਿਸੇ ਵੀ ਕਾਰਜ਼ ਦੀ ਸਫਲਤਾ ਲਈ ਲਗਾਤਾਰ ਅਭਿਆਸ ਬੇਹੱਦ ਜਰੂਰੀ ਹੁੰਦਾ ਹੈ।ਗਰਮੀਆਂ ਦੀਆਂ ਛੁੱਟੀਆਂ ਦੌਰਾਨ ਇਸ ਤਰ੍ਹਾਂ ਦਾ ਅਭਿਆਸ ਜਾਰੀ ਰੱਖਣ ਦੇ ਮਨੋਰਥ ਨਾਲ ਜਿਲ੍ਹੇ ਦੇ ਸਰਕਾਰੀ ਸਕੂਲਾਂ ਵੱਲੋਂ ਸਵੈ-ਇੱਛਾ ਨਾਲ ਵਿਦਿਆਰਥੀਆਂ ਲਈ ਆਨਲਾਈਨ ਸਮਰ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਹਨਾਂ ਸਮਰ ਕੈਂਪਾਂ ਦੌਰਾਨ ਵਿਦਿਆਰਥੀਆਂ ਨੂੰ ਪੜ੍ਹਾਈ ਨਾਲ ਜੋੜੀ ਰੱਖਣ ਦੇ ਮਨੋਰਥ ਨਾਲ ਵੱਖ ਵੱਖ ਵਿਸ਼ਿਆਂ ਦੀਆਂ ਆਨਲਾਈਨ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।ਇਸੇ ਤਹਿਤ ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ ਵਿਸ਼ਿਆਂ ਲਈ ਵੀ ਕੁੱਝ ਗਤੀਵਿਧੀਆਂ ਸੁਝਾਈਆਂ ਗਈਆਂ ਹਨ। ਸ਼੍ਰੀ ਗੁਰਬਚਨ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤਰਨਤਾਰਨ ਨੇ ਦੱਸਿਆ ਕਿ ਅੰਗਰੇਜ਼ੀ ਵਿਸ਼ੇ ਲਈ ‘ਹੈਂਡ ਰਾਈਟਿੰਗ,ਪਬਲਿਕ ਸਪੀਕਿੰਗ,ਸ਼ੋਅ ਐਂਡ ਟੈੱਲ,ਸਟੋਰੀ ਟੈਲਿੰਗ,ਪੋਇਮ ਰੈਸੀਟੇਸ਼ਨ,ਨਿਊਜ਼ਪੇਪਰ/ਬੁੱਕ ਰਿਵਿਊ ਅਤੇ ਸਕਰੈਪ ਬੁੱਕ ਤਿਆਰ ਕਰਨ ਸਮੇਤ ਕੁੱਲ 13 ਗਤੀਵਿਧੀਆਂ ਸੁਝਾਈਆਂ ਗਈਆਂ ਹਨ।ਵਿਸ਼ਾ ਅਧਿਆਪਕ ਇਹਨਾਂ ਤੋਂ ਇਲਾਵਾ ਆਪਣੇ ਪੱਧਰ ‘ਤੇ ਵੀ ਗਤੀਵਿਧੀਆਂ ਕਰਵਾ ਸਕਦੇ ਹਨ।ਇਸੇ ਹੀ ਤਰ੍ਹਾਂ ਸਮਾਜਿਕ ਸਿੱਖਿਆ ਵਿਸ਼ੇ ਅਧੀਨ ਵਿਦਿਆਰਥੀਆਂ ਲਈ “ਸਕੂਲ/ਪਿੰਡ/ਘਰ ਦਾ ਨਕਸ਼ਾ ਤਿਆਰ ਕਰਨ,ਵੱਖ-ਵੱਖ ਕਿਸਮਾਂ ਦੀਆਂ ਮਿੱਟੀਆਂ ਤੋਂ ਸਕਰੈਪ ਬੁੱਕ ਤਿਆਰ ਕਰਨਾ, ਇਤਿਹਾਸਕ ਇਮਾਰਤਾਂ ਅਤੇ ਦੇਸ਼ ਭਗਤਾਂ ਦੀਆਂ ਤਸਵੀਰਾਂ ਇਕੱਤਰ ਕਰਕੇ ਸਕਰੈਪ ਬੁੱਕ ਤਿਆਰ ਕਰਨਾ ਅਤੇ ਗੁਬਾਰੇ ਦੀ ਮੱਦਦ ਨਾਲ ਗਲੋਬ ਦੀਆਂ ਤਰ੍ਹਾਂ ਅਕਸ਼ਾਂਸ/ਦਿਸ਼ਾਂਤਰ/ਸਾਗਰ/ਮਹਾਂਸਾਗਰ ਆਦਿ ਵਿਖਾਉਣ ਸਮੇਤ ਕੁੱਲ 11 ਕ੍ਰਿਆਵਾਂ ਸੁਝਾਈਆਂ ਗਈਆਂ ਹਨ।ਇੱਥੇ ਵੀ ਵਿਸ਼ਾ ਅਧਿਆਪਕ ਆਪਣੇ ਪੱਧਰ ‘ਤੇ ਕੋਈ ਹੋਰ ਵੀ ਗਤੀਵਿਧੀ ਕਰਵਾ ਸਕਦੇ ਹਨ।ਸਿੱਖਿਆ ਅਧਿਕਾਰੀਆਂ ਨੇ ਸਕੂਲ ਮੁਖੀਆਂ ਅਤੇ ਵਿਸ਼ਾ ਅਧਿਆਪਕਾਂ ਨੂੰ ਇਹਨਾਂ ਗਤੀਵਿਧੀਆਂ ਵਿੱਚ ਸਮੂਹ ਵਿਦਿਆਰਥੀਆਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਦੀ ਅਪੀਲ ਕਰਦਿਆਂ ਵਿਦਿਆਰਥੀਆਂ ਨੂੰ ਲੋੜੀਂਦੀ ਅਗਵਾਈ ਦੇਣ ਲਈ ਵੀ ਕਿਹਾ।

                    ਬਲਜਿੰਦਰ ਸਿੰਘ ਜਿਲ੍ਹਾ ਮੈਂਟਰ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਨੇ ਦੱਸਿਆ ਕਿ ਇਹਨਾਂ ਆਨਲਾਈਨ ਕ੍ਰਿਆਵਾਂ ਦਾ ਮਨੋਰਥ ਨਵੇਂ ਸੈਸ਼ਨ ਦੌਰਾਨ ਵਿਦਿਆਰਥੀਆਂ ਨੂੰ ਕਰਵਾਏ ਜਾ ਚੁੱਕੇ ਪਾਠਕ੍ਰਮ ਦੀ ਦੁਹਰਾਈ ਅਤੇ ਛੁੱਟੀਆਂ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਤਾਲਮੇਲ ਬਣਾਈ ਰੱਖਣਾ ਹੈ।