ਡਿਪਟੀ ਕਮਿਸ਼ਨਰ ਵੱਲੋਂ ਸਰਹੱਦੀ ਸੁਰੱਖਿਆ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਪੱਧਰੀ ਸਟੈਂਡਿੰਗ ਕਮੇਟੀ ਦੀ ਮੀਟਿੰਗ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਡਿਪਟੀ ਕਮਿਸ਼ਨਰ ਵੱਲੋਂ ਸਰਹੱਦੀ ਸੁਰੱਖਿਆ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਪੱਧਰੀ ਸਟੈਂਡਿੰਗ ਕਮੇਟੀ ਦੀ ਮੀਟਿੰਗ
ਤਰਨ ਤਾਰਨ, 25 ਅਪ੍ਰੈਲ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਮੋਨੀਸ਼ ਕੁਮਾਰ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਸਰਹੱਦੀ ਸੁਰੱਖਿਆ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਪੱਧਰੀ ਸਟੈਂਡਿੰਗ ਕਮੇਟੀ ਦੀ ਮੀਟਿੰਗ ਕੀਤੀ ਗਈ।ਇਸ ਵਿੱਚ ਸੀਮਾ ਸੁਰੱਖਿਆ ਬਲ, ਪੁਲਿਸ ਵਿਭਾਗ ਅਤੇ ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਨੇ ਭਾਗ ਲਿਆ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸੀਮਾ ਸੁਰੱਖਿਆ ਬਲ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਅੰਤਰਰਾਸ਼ਟਰੀ ਸਰਹੱਦ ‘ਤੇ ਡਰੋਨ ਦੀਆਂ ਗਤੀਵਿਧੀਆਂ ਉੱਤੇ ਨਜ਼ਰ ਰੱਖੀ ਜਾਵੇ ਅਤੇ ਇਸ ਸਬੰਧੀ ਜੇਕਰ ਕੋਈ ਜਾਣਕਾਰੀ ਮਿਲਦੀ ਹੈ, ਇਸਦੀ ਸੂਚਨਾ ਸੀਨੀਅਰ ਪੁਲਿਸ ਕਪਤਾਨ ਨਾਲ ਸਾਂਝੀ ਕੀਤੀ ਜਾਵੇ ਅਤੇ ਆਪਸੀ ਤਾਲਮੇਲ ਯਕੀਨੀ ਬਣਾਇਆ ਜਾਵੇ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸੀਨੀਅਰ ਪੁਲਿਸ ਕਪਤਾਨ ਨੂੰ ਹਦਾਇਤ ਕੀਤੀ ਕਿ ਨਸ਼ਿਆ ਨਾਲ ਸਬੰਧਿਤ ਕੇਸਾਂ ਦੀ ਸਟੇਟਸ ਰਿਪੋਰਟ ਬੀ. ਐੱਸ. ਐੱਫ਼. ਦੇ ਅਧਿਕਾਰੀਆਂ ਨੂੰ ਦਿੱਤੀ ਜਾਵੇ।ਉਹਨਾਂ ਕਿਹਾ ਕਿ ਬੀ. ਐੱਸ. ਐੱਫ਼. ਤੋਂ ਮਿਲੀ ਇਨਪੁੱਟਸ ‘ਤੇ ਪੁਲਿਸ ਵਿਭਾਗ ਨੇ ਕੀ ਕਾਰਵਾਈ ਕੀਤੀ ਇਸ ਸਬੰਧੀ ਵੀ ਰਿਪੋਰਟ ਬਣਾਈ ਜਾਵੇ।ਉਹਨਾਂ ਕਿਹਾ ਕਿ ਅੰਤਰਰਾਸ਼ਟਰੀ ਸਰਹੱਦ ਤੋਂ 5 ਕਿਲੋਮੀਟਰ ਏਰੀਏ ਵਿੱਚ ਬੀ. ਐੱਸ. ਐੱਫ਼. ਨਾਲ ਤਾਲਮੇਲ ਕਰਕੇ ਗਸ਼ਤ ਵਧਾਈ ਜਾਵੇ ਤਾਂ ਜੋ ਨਸ਼ਿਆ ਤੇ ਹਥਿਆਰਾਂ ਦੀ ਤਸਕਰੀ ਨੂੰ ਰੋਕਿਆ ਜਾ ਸਕੇ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸਬੰਧਿਤ ਐੱਸ. ਡੀ. ਐੱਮਜ਼ ਨੂੰ ਕਿਹਾ ਕਿ ਸਰਹੱਦੀ ਇਲਾਕੇ ਦੇ ਪਿੰਡਾਂ ਦੀਆਂ ਸੜਕਾਂ ‘ਤੇ ਨਜਾਇਜ਼ ਕਬਜ਼ੇ ਹਟਾਏ ਜਾਣ।ਇਸ ਮੌਕੇ ਉਹਨਾਂ ਬੀ. ਐੱਸ. ਐੱਫ਼. ਦੇ ਅਧਿਕਾਰੀਆਂ ਨੂੰ ਕਿਹਾ ਸਰਹੱਦੀ ਇਲਾਕੇ ਦੇ ਮਹੱਤਵਪੂਰਨ ਪੁਆਇੰਟਾਂ ‘ਤੇ ਸੀ. ਸੀ. ਟੀ. ਵੀ. ਕੈਮਰੇ ਆਦਿ ਲਗਾਉਣ ਲਈ ਲਿਖਤੀ ਪ੍ਰੋਪੋਜ਼ਲ ਭੇਜਿਆ ਜਾਵੇ ਤਾਂ ਜੋ ਲੋੜੀਂਦੀ ਕਾਰਵਾਈ ਆਰੰਭੀ ਜਾ ਸਕੇ।
ਇਸ ਮੌਕੇ ਉਹਨਾਂ ਦੱਸਿਆ ਕਿ ਸਰਹੱਦੀ ਇਲਾਕੇ ਵਿੱਚ ਡਰੋਨ ਦੀਆਂ ਗਤੀਵਿਧੀਆਂ ਬਾਰੇ ਪੁਖਤਾ ਜਾਣਕਾਰੀ ਦੇਣ ਵਾਲੇ ਨੂੰ ਬੀ. ਐੱਸ. ਐੱਫ਼. ਵੱਲੋਂ ਇੱਕ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ, ਬਸ਼ਰਤੇ ਕਿ ਇਸ ਸੂਚਨਾ ਦੇ ਆਧਾਰ ‘ਤੇ ਕਿਸੇ ਤਰ੍ਹਾਂ ਦੇ ਨਸ਼ੇ ਜਾਂ ਹਥਿਆਰਾਂ ਆਦਿ ਦੀ ਬਰਾਮਦਗੀ ਹੋਵੇ।
ਇਸ ਮੌਕੇ ਸ੍ਰੀ ਅਸ਼ੀਸਾ ਬਾਹੇਰਾ ਕਮਾਂਡੈਂਟ 101 ਬਟਾਲੀਅਨ, ਸ੍ਰੀ ਪੀ. ਪੀ. ਨੌਟਿਆਲ ਕਮਾਂਡੈਂਟ 71 ਬਟਾਲੀਅਨ, ਸ੍ਰੀ ਅਜੈ ਕਪਿਲਾ ਡਿਪਟੀ ਕਮਾਂਡੈਂਟ 103 ਬਟਾਲੀਅਨ ਅਤੇ ਸ੍ਰੀ ਅੰਮ੍ਰਿਤ ਕੁਮਾਰ ਡਿਪਟੀ ਕਮਾਂਡੈਂਟ 116 ਬਟਾਲੀਅਨ ਤੋਂ ਇਲਾਵਾ ਪੁਲਿਸ ਤੇ ਸੁਰੱਖਿਆ ਏਜੰਸੀਆਂ ਦੇ ਅਧਿਕਾਰੀ ਵੀ ਹਾਜ਼ਰ ਸਨ।