ਥੈਲਾਸੀਮੀਆ ਰੋਗ ਬਾਰੇ ਜਾਗਰੂਕਤਾ ਹੀ ਬਚਾਅ ਹੈ-ਸਿਵਲ ਸਰਜਨ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਥੈਲਾਸੀਮੀਆ ਰੋਗ ਬਾਰੇ ਜਾਗਰੂਕਤਾ ਹੀ ਬਚਾਅ ਹੈ-ਸਿਵਲ ਸਰਜਨ
ਤਰਨ ਤਾਰਨ, 14 ਮਈ :
ਸਿਵਲ ਸਰਜਨ ਦਫ਼ਤਰ ਤਰਨ ਤਾਰਨ ਵਿਖੇ ਸਿਵਲ ਸਰਜਨ ਡਾ. ਸੀਮਾ ਦੀ ਪ੍ਰਧਾਨਗੀ ਹੇਠ 8 ਮਈ ਤੋਂ 14 ਮਈ ਤੱਕ ਵਿਸ਼ਵ ਥੈਲਾਸੀਮੀਆ ਦਿਵਸ ਮਨਾਇਆ ਗਿਆ । ਇਸ ਸਬੰਧੀ ਡਾ. ਸੀਮਾ ਨੇ ਜਾਣਕਾਰੀ ਦਿੰਦੇ ਕਿਹਾ ਕਿ ਥੈਲਾਸੇਮੀਆ (ਖੂਨ ਨਾ ਬਣਨਾ) ਇਕ ਜਮਾਂਦਰੂ ਬਿਮਾਰੀ ਹੈ, ਜਿਸ ਤੋਂ ਬਚਾਅ ਸਿਰਫ਼ ਜਾਗਰੂਕਤਾ ਰਾਹੀਂ ਹੀ ਬਚਿਆ ਜਾ ਸਕਦਾ ਹੈ ।
ਉਹਨਾਂ ਕਿਹਾ ਕਿ ਥੈਲਾਸੇਮੀਆ ਸਬੰਧੀ ਲੋਕਾਂ ਵਿੱਚ ਬਹੁਤ ਘੱਟ ਜਾਗਰੂਕਤਾ ਹੈ, ਜਿਸ ਕਾਰਨ ਜਾਣੇ ਅਣਜਾਣੇ ਵਿਚ ਇਕ ਨੰਨ੍ਹੀ ਜਾਨ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਂਦੀ ਹੈ। ਸੋ ਲੋੜ ਹੈ, ਇਸ ਬਿਮਾਰੀ ਸਬੰਧੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਤਾਂ ਜੋ ਇਸ ਭਿਆਨਕ ਬਿਮਾਰੀ ਤੋਂ ਨਵ ਜਨਮੇ ਬੱਚੇ ਨੂੰ ਬਚਾਇਆ ਜਾ ਸਕੇ।
ਇਸ ਬਿਮਾਰੀ ਨਾਲ ਨਵ-ਜਨਮੇਂ ਬੱਚੇ ਵਿਚ ਖੂਨ ਬਣਨ ਦੀ ਪ੍ਰਕਿਰਿਆ ਬਹੁਤ ਘੱਟ ਹੁੰਦੀ ਹੈ, ਜਿਸ ਕਾਰਨ ਬੱਚੇ ਨੂੰ ਹਰ 10 ਜਾਂ 15 ਦਿਨਾਂ ਬਾਅਦ ਖੂਨ ਚੜਾਉਣ ਦੀ ਲੋੜ ਪੈਂਦੀ ਹੈ। ਹਰ ਦਸ ਜਾਂ ਪੰਦਰਾਂ ਦਿਨਾਂ ਬਾਅਦ ਹਸਪਤਾਲ ਜਾਣਾ, ਖੂਨ ਚੜਾਉਣਾ ਕਿਸੇ ਵੀ ਬੱਚੇ ਜਾਂ ਉਸਦੇ ਮਾਤਾ ਪਿਤਾ ਤੇ ਸਮੂਹ ਪਰਿਵਾਰ ਲਈ ਇਕ ਦੁਖਦਾਈ ਸੰਤਾਪ ਹੁੰਦਾ ਹੈ । ਉਹਨਾਂ ਕਿਹਾ ਕਿ ਸ਼ੁਰੂ ਵਿਚ ਇਹ ਬਿਮਾਰੀ ਅਰਬ ਦੇਸ਼ਾਂ ਵਿਚ ਪਾਈ ਜਾਂਦੀ ਸੀ।ਪਰ ਹੁਣ ਸਾਡੇ ਭਾਰਤ ਦੇਸ਼ ਵਿੱਚ 4 ਕਰੋੜ ਤੋਂ ਵੱਧ ਔਰਤ ਮਰਦ ਹਨ ਜੋ ਕੇ ਦੇਖਣ ਵਿਚ ਬਿਲਕੁਲ ਤੰਦਰੁਸਤ ਹਨ, ਪਰ ਮਾਈਨਰ ਥੈਲਾਸੀਮੀਕ ਜੀਣ ਕੈਰੀਅਰ (ਵਾਹਕ) ਹੁੰਦੇ ਹਨ ਅਤੇ 10 ਤੋਂ 20 ਹਜ਼ਾਰ ਮੇਜਰ ਥੈਲਾਸੀਮੀਕ ਰੋਗੀ ਹਰ ਸਾਲ ਪੈਦਾ ਹੁੰਦੇ ਹਨ।
ਡਾ. ਰੇਖਾ ਪੈਥੋਲੋਜਿਸਟ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੇਜਰ ਥੈਲੇਸੇਮੀਆ, ਜਿੰਨ੍ਹਾ ਬੱਚਿਆਂ ਦੇ ਮਾਤਾ ਪਿਤਾ ਦੋਵਾਂ ਵਿੱਚ ਥੈਲੇਸੇਮੀਆ ਜੀਵਾਣੂ ਹੁੰਦਾ ਹੈ ।ਉਹਨਾਂ ਦੇ ਬੱਚੇ ਮੇਜਰ ਥੈਲੇਸੇਮਿਕ ਹੁੰਦੇ ਹਨ, ਜੋ ਕਿ ਬਹੁਤ ਭਿਆਨਕ ਰੋਗ ਹੈ । ਇਸ ਰੋਗ ਕਾਰਨ ਰੋਗੀ ਵਿਚ ਖੂਨ ਨਹੀਂ ਬਣਦਾ। ਇਸ ਵਿਚ ਹਰ 10 ਜਾਂ 15 ਦਿਨ ਬਾਅਦ ਰੋਗੀ ਨੂੰ ਖੂਨ ਚੜਾਉਣਾ ਪੈਂਦਾ ਹੈ, ਜੋ ਕਿ ਇਕ ਬਹੁਤ ਦਰਦਨਾਕ ਤੇ ਗੰਭੀਰ ਕ੍ਰਿਆ ਹੈ।
ਉਹਨਾਂ ਦੱਸਿਆ ਕਿ ਮਾਇਨਰ ਥੈਲੇਸੇਮੀਆ ਉਹਨਾਂ ਬੱਚਿਆ ਨੂੰ ਹੁੰਦਾ ਹੈ ਜਿੰਨਾ ਦੇ ਮਾਤਾ ਪਿਤਾ ਵਿਚੋਂ ਕਿਸੇ ਇੱਕ ਵਿੱਚ ਥੈਲੇਸੇਮੀਆ ਦੇ ਜੀਵਾਣੂ ਹੋਣ। ਇਸ ਬਿਮਾਰੀ ਦੇ ਲੱਛਣ ਕੁਝ ਇਸ ਤਰ੍ਹਾਂ ਦੇ ਹੁੰਦੇ ਹਨ ਕਿ ਸ਼ੁਰੂ ਵਿਚ ਬੱਚਾ ਆਮ ਵਿਖਾਈ ਦਿੰਦਾ ਹੈ, ਪਰ ਉਮਰ ਦੇ ਨਾਲ ਨਾਲ ਉਸ ਵਿਚ ਖੂਨ ਦੀ ਕਮੀ ਹੋ ਜਾਂਦੀ ਹੈ ਤੇ ਅੱਗੇ ਚੱਲਕੇ ਬੱਚਾ ਕਮਜੋਰ ਹੋ ਜਾਂਦਾ ਹੈ, ਸਰੀਰ ਹਲਕਾ ਹੋ ਜਾਂਦਾ ਹੈ ਦਿਲ ਦੀ ਧੜਕਨ ਵੱਧ ਜਾਂਦੀ ਹੈ, ਬੱਚਾ ਖੇਡ ਕੁੱਦ ਵਿਚ ਭਾਗ ਨਹੀ ਲੈ ਸਕਦਾ, ਇਸੇ ਸਮੇਂ ਦੌਰਾਨ ਬੱਚੇ ਦੇ ਗਲੇ ਅਤੇ ਅੱਖਾਂ ਵਿਚ ਸੋਜ ਰਹਿਣ ਲੱਗ ਜਾਂਦੀ ਹੈ। ਬੱਚਾ ਲਗਾਤਾਰ ਬਿਮਾਰ ਰਹਿਣ ਲੱਗ ਜਾਂਦਾ ਹੈ ਭਾਰ ਨਹੀ ਵੱਧਦਾ । ਜਿਵੇਂ ਥਕਾਵਟ, ਕਮਜ਼ੋਰੀ, ਪੀਲਾ ਪੇਸ਼ੀ, ਚਮੜੀ ਦੀ ਯੈਲੋ (ਪੀਲੀਆ),ਚਿਹਰੇ ਦੇ ਹੱਡੀ ਰੋਗ ,ਹੌਲੀ ਵਿਕਾਸ ਦਰ,ਪੇਟ ਸੋਜ, ਹਨੇਰੇ ਪਿਸ਼ਾਬ ਥੈਲਾਸੀਮੀਆਂ ਤੋਂ ਬਚਾਅ ਦੇ ਢੰਗ -ਵਿਆਹ ਤੋਂ ਪਹਿਲਾਂ ਤੇ ਗਰਭ ਅਵਸਥਾ ਦੇ ਦੂਸਰੇ ਮਹੀਨੇ ਤੋਂ ਬਾਅਦ ਐਚ. ਬੀ. ਏ-2 ਦਾ ਟੈਸਟ ਕਰਵਾਉਣਾ ਅਤਿ ਜਰੂਰੀ ਹੈ। ਰੋਗੀ ਦਾ ਹੀਮੋਗਲੋਬੀਨ 11 ਜਾਂ 12 ਰੱਖਿਆ ਜਾਵੇ। ਸਮੇਂ ਸਿਰ ਦਵਾਈਆਂ ਤੇ ਇਲਾਜ ਕਰਵਾਇਆ ਜਾਣਾ ਚਾਹੀਦਾ ਹੈ ।ਬੋਨ ਮੈਰੋ ਟਰਾਂਸਪਲਾਂਟੇਸ਼ਨ ਕਰਵਾਇਆ ਜਾ ਸਕਦਾ ਹੈ, ਪਰ ਉਸਦੀ ਲਾਗਤ ਬਹੁਤ ਜਿਆਦਾ ਹੁੰਦੀ ਹੈ।
ਜ਼ਿਲ੍ਹਾ ਟੀਕਾਕਰਣ ਅਫਸਰ ਡਾ. ਵਰਿੰਦਰਪਾਲ ਕੌਰ ਨੇ ਕਿਹਾ ਕਿ ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਅਧੀਨ ਸਰਕਾਰੀ ਹਸਪਤਾਲਾਂ ਵਿਚ ਪੈਦਾ ਹੋਏ ਨਵਜਾਤ ਬੱਚੇ (0 ਤੋਂ 6 ਹਫਤੇ), ਆਂਗਣਵਾੜੀ ਸੈਂਟਰਾਂ ‘ਚ ਦਰਜ ਬੱਚੇ (6 ਹਫਤੇ ਤੋਂ 6 ਸਾਲ),ਪੰਜਾਬ ਰਾਜ ਦੇ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿਚ ਪੜਦੇ ਪਹਿਲੀ ਤੋਂ ਬਾਰਵੀਂ ਕਲਾਸ ( 6 ਤੋਂ 18 ਸਾਲ ) ਤਕ ਦੇ ਬੱਚੇ ਮੁਫਤ ਇਲਾਜ ਦੇ ਹੱਕਦਾਰ ਹਨ। ਥੈਲਾਸੀਮੀਆ ਦੀ ਬਿਮਾਰੀ ਤੋਂ ਪੀੜਤ ਜੋ ਸਰਕਾਰੀ ਸਕੂਲਾਂ ਵਿੱਚ ਪੜਦੇ ਬੱਚੇ ਪੀ. ਜੀ. ਆਈ. ਚੰਡੀਗੜ ਜਾਂ ਹੋਰ ਥੈਲਾਸੀਮੀਕ ਸੋਸਾਇਟੀਆਂ ਵਿੱਚੋਂ ਪਹਿਲਾਂ ਹੀ ਇਲਾਜ ਕਰਵਾ ਰਹੇ ਹਨ।ਉਹ ਵੀ ਇਸ ਸਕੀਮ ਅਧੀਨ ਮੁਫਤ ਇਲਾਜ ਦੇ ਹੱਕਦਾਰ ਹਨ। ਥੈਲਾਸੀਮੀਆ ਤੋਂ ਪੀੜਤ ਬੱਚਿਆਂ ਦੇ ਮਾਤਾ ਪਿਤਾ ਮੁਫਤ ਇਲਾਜ ਦੀ ਸੁਵਿਧਾ ਲੈਣ ਲਈ ਆਪਣੇ ਜਿਲੇ ਦੇ ਸਿਵਲ ਸਰਜਨ ਦਫਤਰ ਵਿਚ ਜਾ ਇਸ ਸਕੀਮ ਅਧੀਨ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਸ ਮੌਕੇ ਤੇ ਬੱਚਿਆਂ ਦੇ ਰੋਗਾਂ ਦੇ ਮਾਹਰ ਡਾ. ਨੀਰਜ ਲਤਾ ਨੇ ਬੱਚਿਆਂ ਦਾ ਪੋਸਟਰ ਕੰਪੀਟੀਸ਼ਨ ਕਰਵਾਇਆ। ਜਿਹੜੇ ਬੱਚੇ ਪਿਹਲੇ ਦੂਜੇ ਅਤੇ ਤੀਸਰੇ ਨੰਬਰ ਉਪਰ ਆਏ ਉਹਨਾਂ ਨੂੰ ਇਨਾਮ ਅਤੇ ਸਰਟੀਫਿਕੇਟ ਦਿੱਤੇ ਗਏ। ਇਸ ਮੌਕੇ ਤੇ ਰੈਡ ਕਰਾਸ ਸੋਸਾਇਟੀ ਅਤੇ ਥੈਲਾਸੀਮੀਆ ਸੁਸਾਇਟੀ ਵੱਲੋਂ ਸਿਵਲ ਹਸਪਤਾਲ ਵਿਖੇ ਖੂਨਦਾਨ ਕੈਂਪ ਵੀ ਲਗਾਇਆ ਗਿਆ।
ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ. ਰੇਨੂੰ ਭਾਟੀਆਂ, ਸੀਨੀਅਰ ਮੈਡੀਕਲ ਅਫਸਰ ਡਾ. ਸਵਰਨਜੀਤ ਧਵਨ, ਡਾ. ਸੁਖਬੀਰ ਕੌਰ, ਡਾ. ਸੁਖਜਿੰਦਰ ਸਿੰਘ ਅਤੇ ਹੋਰ ਦਫਤਰ ਦਾ ਸਾਰਾ ਸਟਾਫ ਮੌਜੂਦ ਸੀ।