ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਜਾਗਰੂਕਤਾ ਜ਼ਰੂਰੀ- ਡਿਪਟੀ ਕਮਿਸ਼ਨਰ
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਪ੍ਰੈਸ ਨੋਟ
- ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਜਾਗਰੂਕਤਾ ਜ਼ਰੂਰੀ- ਡਿਪਟੀ ਕਮਿਸ਼ਨਰ
- ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਤੋਂ ਦੂਜੇ ਕਿਸਾਨ ਵੀ ਪ੍ਰੇਰਨਾ ਲੈਣ
- ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਸਬੰਧੀ ਵੱਖ ਵੱਖ ਵਿਭਾਗਾਂ ਦੇ ਮੁੱਖੀਆਂ ਨਾਲ ਕੀਤੀ ਮੀਟਿੰਗ
ਤਰਨ ਤਾਰਨ 23 ਜੂਨ ( ) ਡਿਪਟੀ ਕਮਿਸ਼ਨਰ ਤਰਨਤਾਰਨ ਮੋਨੀਸ਼ ਕੁਮਾਰ ਵੱਲੋਂ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਸਬੰਧੀ ਵੱਖ ਵੱਖ ਵਿਭਾਗਾਂ ਦੇ ਮੁੱਖੀਆਂ ਨਾਲ ਅਗਾਊਂ ਮੀਟਿੰਗ ਕੀਤੀ ਗਈ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ਼੍ਰੀ ਸੱਕਤਰ ਸਿੰਘ ਬੱਲ਼, ਖੇਤੀਬਾੜੀ ਅਫਸਰ ਹਰਪਾਲ ਸਿੰਘ, ਬਾਗਬਾਨੀ ਅਫਸਰ ਹਰਭਜਨ ਸਿੰਘ, ਡਿਪਟੀ ਡਾਇਰੈਕਟਰ ਡੇਅਰੀ ਵਰਿਆਮ ਸਿੰਘ, ਡਿਪਟੀ ਡਾਇਰੈਕਟਰ ਪਸੂ ਪਾਲਣ ਵਿਭਾਗ ਰਾਜਿੰਦਰ ਸਿੰਘ, ਪ੍ਰਾਜੈਕਟ ਡਾਇਰੈਕਟਰ ਆਤਮਾ ਬਿਕਰਮ ਸੂਦ, ਬੀਡੀਪੀਓ ਜਸਬੀਰ ਸਿੰਘ ਵੀ ਹਾਜ਼ਰ ਸਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਕਿਸਾਨਾਂ ਦਾ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਜਿਸ ਲਈ ਸਰਕਾਰ ਦੀਆ ਹਦਾਇਤਾਂ ਮੁਤਾਬਿਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਜਾਗਰੂਕ ਕੈਂਪ ਤਾਂ ਲਗਾਏ ਹੀ ਜਾਂਦੇ ਹਨ, ਪਰ ਇਸ ਲਈ ਕਿਸਾਨ ਖੁਦ ਵੀ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਤੋਂ ਪ੍ਰੇਰਨਾ ਲੈਣ ਅਤੇ ਪਰਾਲੀ ਨੂੰ ਅੱਗ ਨਾ ਲਗਾਉਣ।
ਡਿਪਟੀ ਕਮਿਸ਼ਨਰ ਨੇ ਸਬੰਧਿਤ ਵਿਭਾਗਾਂ ਦੇ ਅਧਿਕਾਰਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਵਿਚ ਪਰਾਲੀ ਨੂੰ ਅੱਗ ਲਗਾਉਣ ਦੇ ਕੇਸਾਂ ਨੂੰ ਠੱਲ ਪਾਉਣ ਲਈ ਹੁਣ ਤੋਂ ਹੀ ਪੂਰਨ ਐਕਸ਼ਨ ਪਲਾਨ, ਫਸਲੀ ਵਿਭਿੰਨਤਾ ਪਲਾਨ ਅਤੇ ਐਕਸਟੇਂਸ਼ਨ ਅਤੇ ਐਨਫੋਰਸਮੈਨਟ ਟੀਮਾਂ ਦੀ ਸੂਚਨਾ ਆਦਿ ਤਿਆਰ ਕੀਤੀ ਜਾਵੇ ਅਤੇ ਪਿੰਡਾਂ ਵਿਚ ਜਾਗਰੂਕਤਾ ਕੈਂਪ ਵੀ ਲਗਾਏ ਜਾਣ। ਡਿਪਟੀ ਕਮਿਸ਼ਨਰ ਨੇ ਪਿੰਡਾਂ ਦੇ ਸਰਪੰਚਾਂ ਨੂੰ ਵੀ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਆਪਣੇ ਪਿੰਡਾਂ ਦੇ ਕਿਸਾਨਾਂ ਨੂੰ ਜਾਗਰੂਕ ਕਰਨ। ਉਨ੍ਹਾਂ ਦੱਸਿਆ ਕਿ ਜੇਕਰ ਪਿੰਡ ਵਿਚ ਕੋਈ ਵੀ ਪਰਾਲੀ ਸਾੜਨ ਦਾ ਕੇਸ ਨਹੀ ਆਉਂਦਾ ਉਸ ਪਿੰਡ ਦੀ ਪੰਚਾਇਤ ਨੂੰ ਵੱਖਰੇ ਤੌਰ ਤੇ ਰੀਵਾਰਡਜ ਵੀ ਦਿੱਤੇ ਜਾਂਦੇ ਹਨ।