“ਵੀਰਤਾ ਤੇ ਵਿਕਾਸ ਦੀ ਗਾਥਾ” ਦੀ ਥੀਮ ਉੱਤੇ ਚਿੱਤਰ ਪ੍ਰਦਰਸ਼ਨੀ ਦਾ ਆਗਾਜ਼
“ਵੀਰਤਾ ਤੇ ਵਿਕਾਸ ਦੀ ਗਾਥਾ” ਦੀ ਥੀਮ ਉੱਤੇ ਚਿੱਤਰ ਪ੍ਰਦਰਸ਼ਨੀ ਦਾ ਆਗਾਜ਼
ਤਰਨਤਾਰਨ ਦੀ ਦਾਣਾ ਮੰਡੀ ਵਿੱਚ ਚਾਰ ਰੋਜ਼ਾ ਪ੍ਰਦਰਸ਼ਨੀ ਹੋਈ ਸ਼ੁਰੂ
ਵੀਰ ਚੱਕਰ ਹਵਲਦਾਰ ਤੇਜਿੰਦਰ ਸਿੰਘ ਨੇ ਖਾਸ ਤੌਰ ‘ਤੇ ਕੀਤੀ ਸ਼ਿਰਕਤ
ਕਲਾਕਾਰਾਂ ਵੱਲੋਂ ਕੀਤੀਆਂ ਪੇਸ਼ਕਾਰੀਆਂ ਨੇ ਬੰਨ੍ਹਿਆ ਸਮਾਂ
ਤਰਨ ਤਾਰਨ, 23 ਦਸੰਬਰ :
ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵੱਲੋਂ ਦੇਸ਼ ਭਰ ਵਿੱਚ “ਆਜ਼ਾਦੀ ਦਾ ਅੰਮ੍ਰਿਤ ਮਹੋਤਸਵ” ਤੇ “ਵੀਰਤਾ ਤੇ ਵਿਕਾਸ ਦੀ ਗਾਥਾ” ਦੀ ਥੀਮ ਉੱਤੇ ਵੱਖੋ ਵੱਖ ਥਾਵਾਂ ਉੱਤੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸੇ ਲੜੀ ਦੇ ਤਹਿਤ ਤਰਨਤਾਰਨ ਦੀ ਦਾਣਾ ਮੰਡੀ ਵਿੱਚ ਇੱਕ ਚਾਰ ਰੋਜ਼ਾ ਪ੍ਰਦਰਸ਼ਨੀ ਲਾਈ ਗਈ ਹੈ, ਜਿਸ ਵਿਚ ਵੀਰ ਚੱਕਰ ਹਵਲਦਾਰ ਤੇਜਿੰਦਰ ਸਿੰਘ ਨੇ ਖਾਸ ਤੌਰ ਉੱਤੇ ਸ਼ਿਰਕਤ ਕੀਤੀ ਅਤੇ ਆਪਣੇ ਵਿਚਾਰ ਸਾਂਝੇ ਕੀਤੇ।
ਚਿੱਤਰ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਤੋਂ ਬਾਅਦ ਵੀਰ ਚੱਕਰ ਹਵਲਦਾਰ ਤੇਜਿੰਦਰ ਸਿੰਘ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿੱਚ ਪੰਜਾਬੀਆਂ ਦਾ ਵਡਮੁੱਲਾ ਯੋਗਦਾਨ ਹੈ, ਜਿਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਨਵੀਂ ਪਨੀਰੀ ਨੂੰ ਆਪਣੇ ਵਿਰਸੇ ਅਤੇ ਕੁਰਬਾਨੀਆਂ ਬਾਰੇ ਦੱਸਣਾ ਬਹੁਤ ਜ਼ਰੂਰੀ ਹੈ, ਜਿਸ ਵਿਚ ਸਮੇਂ-ਸਮੇਂ ਉੱਤੇ ਆਯੋਜਿਤ ਕਰਵਾਏ ਜਾਂਦੇ ਅਜਿਹੇ ਪ੍ਰੋਗਰਾਮਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ਇਸਦੇ ਨਾਲ ਹੀ ਸਥਾਨਕ ਵਾਸੀਆਂ ਨੇ ਵੀ ਚਿੱਤਰ ਪ੍ਰਦਰਸ਼ਨੀ ਦੀ ਸ਼ਲਾਘਾ ਕਰਦਿਆਂ ਇਸ ਨੂੰ ਇੱਕ ਚੰਗਾ ਉਪਰਾਲਾ ਕਰਾਰ ਦਿੱਤਾ।
ਇਸ ਮੌਕੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਐੱਫ.ਪੀ.ਓ. ਗੁਰਮੀਤ ਸਿੰਘ (ਆਈ.ਆਈ.ਐੱਸ.) ਨੇ ਕਿਹਾ ਕਿ ਮਾਨਯੋਗ ਪ੍ਰਧਾਨਮੰਤਰੀ ਦੇ ਸੱਦੇ ਤੋਂ ਬਾਅਦ ਮੰਤਰਾਲੇ ਵੱਲੋਂ ਦੇਸ਼ ਭਰ ਦੇ ਵਿੱਚ “ਆਜ਼ਾਦੀ ਦਾ ਅੰਮ੍ਰਿਤ ਮਹੋਤਸਵ” ਅਤੇ ਇਸ ਨਾਲ ਜੁੜੇ ਹੋਰਨਾਂ ਵਿਸ਼ਿਆਂ ਉੱਤੇ ਚਿੱਤਰ ਪ੍ਰਦਰਸ਼ਨੀਆਂ ਤੇ ਹੋਰਨਾਂ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਲ 2021 ਦੇ ਮਾਰਚ ਮਹੀਨੇ ਵਿੱਚ ਸ਼ੁਰੂ ਹੋਏ ਪ੍ਰੋਗਰਾਮਾਂ ਦੀ ਲੜੀ 75 ਹਫ਼ਤਿਆਂ ਦਾ ਸਫ਼ਰ ਤੈਅ ਕਰਦੀ ਹੋਈ ਸਮਾਪਤ ਹੋਵੇਗੀ।
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਇਸ ਅਹਿਦ ਦੀ ਸ਼ਲਾਘਾ ਕਰਦਿਆਂ ਲੋਕਾਂ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਭਵਿੱਖ ਵਿੱਚ ਵੀ ਆਯੋਜਿਤ ਕਰਵਾਏ ਜਾਣੇ ਚਾਹੀਦੇ ਨੇ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਵਿਰਸੇ ਨਾਲ ਜੋੜ ਕੇ ਰੱਖਿਆ ਜਾ ਸਕੇ। ਜ਼ਿਕਰਯੋਗ ਹੈ ਕਿ ਚਿੱਤਰ ਪ੍ਰਦਰਸ਼ਨੀ ਤੋਂ ਇਲਾਵਾ ਮੰਤਰਾਲੇ ਵੱਲੋਂ ਸ਼ਨੀਵਾਰ ਨੂੰ ਵਿਦਿਆਥੀਆਂ ਦੇ ਲੇਖ, ਪੇਂਟਿੰਗ ਅਤੇ ਰੰਗੋਲੀ ਮੁਕਾਬਲੇ ਵੀ ਕਰਵਾਏ ਜਾਣਗੇ ਅਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।
ਬਹਿਰਹਾਲ ਚਿੱਤਰ ਪ੍ਰਦਰਸ਼ਨੀ ਵਿੱਚ ਵੱਖੋ ਵੱਖ ਕਲਾਕਾਰਾਂ ਵਲੋਂ ਦਿੱਤੀਆਂ ਗਈਆਂ ਪੇਸ਼ਕਾਰੀਆਂ ਨੇ ਸਮਾਂ ਬੰਨ੍ਹ ਦਿੱਤਾ। ਅੰਬਿਕਾ ਸੋਨੀ ਗਰੁੱਪ ਅਤੇ ਜਾਦੂਗਰ ਜਗਦੇਵ ਦੀ ਪਰਫਾਰਮੈਂਸ ਦੀ ਦਰਸ਼ਕਾਂ ਵੱਲੋਂ ਕਾਫੀ ਸ਼ਲਾਘਾ ਕੀਤੀ ਗਈ।