ਬੰਦ ਕਰੋ

ਵੀਰਤਾ ਤੇ ਵਿਕਾਸ ਦੀ ਗਾਥਾ” ਦੀ ਥੀਮ ‘ਤੇ ਲੱਗੀ 4 ਰੋਜ਼ਾ ਚਿੱਤਰ ਪ੍ਰਦਰਸ਼ਨੀ ਦਾ ਸਮਾਪਨ

ਪ੍ਰਕਾਸ਼ਨ ਦੀ ਮਿਤੀ : 26/12/2022
“ਵੀਰਤਾ ਤੇ ਵਿਕਾਸ ਦੀ ਗਾਥਾ” ਦੀ ਥੀਮ ‘ਤੇ ਲੱਗੀ 4 ਰੋਜ਼ਾ ਚਿੱਤਰ ਪ੍ਰਦਰਸ਼ਨੀ ਦਾ ਸਮਾਪਨ
 
ਸੇਵਾਮੁਕਤ ਫੌਜੀ ਬਲਦੇਵ ਸਿੰਘ ਅਤੇ ਸਰਮੈਲ ਸਿੰਘ ਨੂੰ ਕੀਤਾ ਗਿਆ ਸਨਮਾਨਿਤ
 
ਆਖਰੀ ਦਿਨ ਚਿੱਤਰ ਪ੍ਰਦਰਸ਼ਨੀ ਵੇਖਣ ਆਇਆ ਲੋਕਾਂ ਦਾ ਹੜ੍ਹ 
 
ਕਲਾਕਾਰਾਂ ਨੇ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਬੰਨ੍ਹਿਆ ਸਮਾਂ
 
ਤਰਨਤਾਰਨ 26 ਦਸੰਬਰ :ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਕੇਂਦਰੀ ਸੰਚਾਰ ਬਿਊਰੋ ਵੱਲੋਂ ਦੇਸ਼ ਭਰ ਵਿੱਚ “ਆਜ਼ਾਦੀ ਦਾ ਅੰਮ੍ਰਿਤ ਮਹੋਤਸਵ” ਦੀ ਥੀਮ ਉੱਤੇ ਵੱਖੋ-ਵੱਖ ਥਾਵਾਂ ਉੱਤੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸੇ ਲੜੀ ਦੇ ਤਹਿਤ ਤਰਨਤਾਰਨ ਦੀ ਦਾਣਾ ਮੰਡੀ ਵਿੱਚ “ਵੀਰਤਾ ਤੇ ਵਿਕਾਸ ਦੀ ਗਾਥਾ” ਦੀ ਥੀਮ ‘ਤੇ ਲਾਈ ਗਈ ਚਾਰ ਰੋਜ਼ਾ ਚਿੱਤਰ ਪ੍ਰਦਰਸ਼ਨੀ ਦਾ ਸਮਾਪਨ ਹੋ ਗਿਆ।   
 
ਇਸ ਮੌਕੇ ਸੇਵਾਮੁਕਤ ਫੌਜੀ ਬਲਦੇਵ ਸਿੰਘ ਨੇ ਲੋਕਾਂ ਨਾਲ ਸਾਲ 1971 ਵਿੱਚ ਪਾਕਿਸਤਾਨੀ ਫੌਜ ਵੱਲੋਂ ਕੀਤੇ ਗਏ ਆਤਮਸਮਰਪਣ ਨੂੰ ਯਾਦ ਕਰਦਿਆਂ  ਕਿਹਾ ਕਿ ਉਹ ਇਸ ਘਟਨਾ ਦੇ ਚਸ਼ਮਦੀਦ ਹਨ ਅਤੇ ਉਸ ਸਮੇਂ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਨਾਲ ਤਾਇਨਾਤ ਸਨ। ਉਨ੍ਹਾਂ ਕਿਹਾ ਕਿ ਅਜ਼ਾਦੀ ਹਾਸਿਲ ਕਰਨ ਅਤੇ ਉਸਨੂੰ ਕਾਇਮ ਰੱਖਣ ਲਈ ਵੱਡੇ ਪੱਧਰ ਉੱਤੇ ਕੁਰਬਾਨੀਆਂ ਕੀਤੀਆਂ ਗਈਆਂ ਹਨ, ਇਸ ਕਰਕੇ ਸਮੇਂ-ਸਮੇਂ ਉੱਤੇ ਅਜਿਹੀਆਂ ਪ੍ਰਦਰਸ਼ਨੀਆਂ ਲਾਈਆਂ ਜਾਣੀਆਂ ਚਾਹੀਦੀਆਂ ਹਨ, ਤਾਂ ਜੋ ਨੌਜਵਾਨ ਪੀੜ੍ਹੀ ਵਿੱਚ ਦੇਸ਼ਭਗਤੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। 
 
ਇਸ ਤੋਂ ਇਲਾਵਾ ਸੇਵਾਮੁਕਤ ਫੌਜੀ ਸਰਮੈਲ ਸਿੰਘ ਨੇ ਸਾਲ 1965 ਵਿੱਚ ਪਾਕਿਸਤਾਨ ਨਾਲ ਹੋਈ ਜੰਗ ਵਿਚ ਭਾਰਤੀ ਫੌਜ ਦੇ ਜਜ਼ਬੇ ਨੂੰ ਯਾਦ ਕਰਦਿਆਂ ਕਿਹਾ ਕਿ ਚਿੱਤਰ ਪ੍ਰਦਰਸ਼ਨੀ ਵੇਖ ਕੇ ਉਨ੍ਹਾਂ ਮਹਿਸੂਸ ਕੀਤਾ, ਜਿਵੇਂ ਓਹੀ ਸਮਾਂ ਮੁੜ ਵਾਪਸ ਆ ਗਿਆ ਹੈ। 
 
ਇਸ ਮੌਕੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸੈਂਟਰਲ ਬਿਊਰੋ ਆਫ ਕਮਿਊਨੀਕੇਸ਼ਨ ਦੇ ਐੱਫ.ਪੀ.ਓ. ਗੁਰਮੀਤ ਸਿੰਘ (ਆਈ.ਆਈ.ਐੱਸ.) ਨੇ ਕਿਹਾ ਕਿ ਮਾਨਯੋਗ ਪ੍ਰਧਾਨਮੰਤਰੀ ਦੇ ਸੱਦੇ ਤੋਂ ਬਾਅਦ ਮੰਤਰਾਲੇ ਵੱਲੋਂ ਦੇਸ਼ ਭਰ ਵਿੱਚ “ਆਜ਼ਾਦੀ ਕਾ ਅੰਮ੍ਰਿਤ ਮਹੋਤਸਵ” ਥੀਮ ਉੱਤੇ ਚਿੱਤਰ ਪ੍ਰਦਰਸ਼ਨੀਆਂ ਅਤੇ ਹੋਰਨਾਂ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜੋ ਆਮ ਲੋਕਾਂ ਲਈ ਪ੍ਰੇਰਨਾ ਦਾ ਸਰੋਤ ਬਣ ਰਹੇ ਨੇ। 
 
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਇਸ ਅਹਿਦ ਦੀ ਸ਼ਲਾਘਾ ਕਰਦਿਆਂ ਚਿੱਤਰ ਪ੍ਰਦਰਸ਼ਨੀ ਵੇਖਣ ਆਏ ਲੋਕਾਂ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਭਵਿੱਖ ਵਿੱਚ ਵੀ ਆਯੋਜਿਤ ਕਰਵਾਏ ਜਾਣੇ ਚਾਹੀਦੇ ਨੇ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਵਿਰਸੇ ਨਾਲ ਜੋੜ ਕੇ ਰੱਖਿਆ ਜਾ ਸਕੇ। ਦੱਸ ਦਈਏ ਕਿ ਇਹ ਪ੍ਰਦਰਸ਼ਨੀ ਖਾਸ ਤੌਰ ਉੱਤੇ ਸਾਲ 1962, 1965, 1971 ਅਤੇ ਕਾਰਗਿਲ ਦੀ ਜੰਗ ਵਿੱਚ ਦੇਸ਼ ਲਈ ਹੋਈਆਂ ਕੁਰਬਾਨੀਆਂ ਉੱਤੇ ਕੇਂਦਰਤ ਸੀ। ਇਸ ਪ੍ਰਦਰਸ਼ਨੀ ਦੌਰਾਨ ਨੁੱਕੜ ਨਾਟਕ ਸਣੇ ਹੋਰਨਾਂ ਪੇਸ਼ਕਾਰੀਆਂ ਨੇ ਲੋਕਾਂ ਦਾ ਦਿਲ ਜਿੱਤ ਲਿਆ। ਇਸ ਤੋਂ ਇਲਾਵਾ ਚਿੱਤਰ ਪ੍ਰਦਰਸ਼ਨੀ ਵੇਖਣ ਆਏ ਲੋਕਾਂ ਨੂੰ ਨਵੇਂ ਕੋਵਿਡ ਨੇਮਾਂ ਬਾਰੇ ਵੀ ਜਾਗਰੂਕ ਕੀਤਾ ਗਿਆ ਅਤੇ ਮਾਸਕ ਵੀ ਵੰਡੇ ਗਏ। 
 
ਚਾਰ ਰੋਜ਼ਾ ਚਿੱਤਰ ਪ੍ਰਦਰਸ਼ਨੀ ਦਾ ਆਗਾਜ਼ 23 ਦਸੰਬਰ ਨੂੰ ਕੀਤਾ ਗਿਆ ਸੀ, ਜਿਸਨੂੰ ਇਲਾਕਾਵਾਸੀਆਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ। ਚਿੱਤਰ ਪ੍ਰਦਰਸ਼ਨੀ ਵੇਖਣ ਆਏ ਲੋਕਾਂ ਨੇ ਕਿਹਾ ਕਿ ਉਹ ਆਪਣੇ ਆਲੇ-ਦੁਆਲੇ ਲੋਕਾਂ ਅੰਦਰ ਦੇਸ਼ ਪ੍ਰੇਮ ਦੀ ਭਾਵਨਾ ਮੁੜ ਸੁਰਜੀਤ ਕਰਨ ਵਿਚ ਮਦਦ ਕਰਨਗੇ। ਦੱਸ ਦਈਏ ਕਿ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸੈਂਟਰਲ ਬਿਊਰੋ ਆਫ ਕਮਿਊਨੀਕੇਸ਼ਨ ਚੰਡੀਗੜ੍ਹ ਵੱਲੋਂ ਪੰਜਾਬ ਸਣੇ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੱਡੇ ਪੱਧਰ ਉੱਤੇ “ਅਜ਼ਾਦੀ ਕਾ ਅੰਮ੍ਰਿਤ ਮਹੋਤਸਵ” ਥੀਮ ਉੱਤੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।