ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਵੱਲੋਂ ਤੇਜ਼ਾਬੀ ਹਮਲੇ ਦੇ ਪੀੜਤਾਂ ਲਈ ਕਾਨੂੰਨੀ ਸੇਵਾਵਾਂ ਸਕੀਮ, 2016 ਸਬੰਧੀ ਆਯੋਜਿਤ ਕੀਤਾ ਗਿਆ ਸੈਮੀਨਾਰ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਵੱਲੋਂ ਤੇਜ਼ਾਬੀ ਹਮਲੇ ਦੇ ਪੀੜਤਾਂ ਲਈ ਕਾਨੂੰਨੀ ਸੇਵਾਵਾਂ ਸਕੀਮ, 2016 ਸਬੰਧੀ ਆਯੋਜਿਤ ਕੀਤਾ ਗਿਆ ਸੈਮੀਨਾਰ
ਤਰਨ ਤਾਰਨ, 18 ਜਨਵਰੀ :
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਵੱਲੋਂ ਅੱਜ ਸ਼੍ਰੀਮਤੀ ਪ੍ਰਤਿਮਾ ਅਰੋੜਾ ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਦੀ ਅਗਵਾਈ ਹੇਠ ਪਿੰਡ ਭਾਈ ਲੱਧੂ ਖੁਰਦ, ਵਰਨਾਲਾ ਅਤੇ ਸੰਤ ਸਿਪਾਹੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਘਰਿਆਲਾ ਵਿਖੇ ਵਕੀਲ ਸਾਹਿਬ ਅਤੇ ਪੈਰਾ ਲੀਗਲ ਵਲੰਟੀਅਰਾਂ ਰਾਹੀਂ ਮੁਫ਼ਤ ਕਾਨੂੰਨੀ ਸਹਾਇਤਾ ਸਬੰਧੀ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ।
ਇਸ ਸੈਮੀਨਾਰ ਵਿੱਚ ਸ਼੍ਰੀ ਰਵਿੰਦਰ ਸਿੰਘ ਵਕੀਲ ਅਤੇ ਸ਼੍ਰੀ ਪ੍ਰਬਦੀਪ ਸਿੰਘ ਪੀ. ਐਲ. ਵੀ. ਨੇ ਦੱਸਿਆ ਕਿ ਨੈਸ਼ਨਲ ਲੀਗਲ ਸਰਵਿਸ, ਨਵੀਂ ਦਿੱਲੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ 11 ਫਰਵਰੀ, 2023 ਨੂੰ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਲੋਕ ਅਦਾਲਤ ਦੇਸ਼ ਦੀ ਹਰ ਤਹਿਸੀਲ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਲਗਾਈ ਜਾ ਰਹੀ ਹੈ। ਇਸੇ ਤਰ੍ਹਾਂ ਹਰ ਕੰਮ ਵਾਲੇ ਸ਼ੁੱਕਰਵਾਰ ਨੂੰ ਪ੍ਰੀ-ਲੋਕ ਅਦਾਲਤ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ। ਨੈਸ਼ਨਲ, ਪ੍ਰੀ ਅਤੇ ਮਾਸਿਕ ਲੋਕ ਅਦਾਲਤ ਵਿੱਚ ਦੋ ਧਿਰਾਂ ਦੀ ਆਪਸੀ ਰਜ਼ਾਮੰਦੀ ਨਾਲ ਝਗੜਿਆਂ ਦਾ ਨਿਪਟਾਰਾ ਕੀਤਾ ਜਾਂਦਾ ਹੈ।
ਉਹਨਾਂ ਦੱਸਿਆ ਕਿ ਲੀਗਲ ਸਰਵਿਸ ਐਕਟ 1987 ਦੇ ਅਧੀਨ ਲੋਅਰ ਕੋਰਟ ਤੋਂ ਲੈ ਕਿ ਸੁਪਰੀਮ ਕੋਰਟ ਤੱਕ ਮੁਫਤ ਵਕੀਲ ਮਿਲਦੇ ਹਨ। ਜਿਸ ਵਿੱਚ ਐਸ.ਸੀ., ਬੀ.ਸੀ., ਐਸ.ਟੀ., ਕਿਸੇ ਬੇਗਾਰ ਦਾ ਮਾਰਿਆ, ਉਦਯੋਗਿਕ ਕਾਮੇ, ਔਰਤ, ਹਵਾਲਾਤੀ ਅਤੇ ਕੈਦੀ, ਟਰਾਂਸਜੈਡਰ, ਅਤੇ ਜਰਨਲ ਕੈਟਾਗਿਰੀ ਦੇ ਵਿੱਚ 3 ਲੱਖ ਤੋਂ ਘੱਟ ਆਮਦਨ ਵਾਲੇ ਵਿਅਕਤੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜ਼ਮੀਨੀ ਮੰਜ਼ਲ ਜ਼ਿਲ੍ਹਾ ਕਚਹਿਰੀ ਤਰਨ ਤਾਰਨ ਤੋ ਮੁਫਤ ਵਕੀਲ ਲੈ ਸਕਦੇ ਹਨ। ਇਸ ਤੋਂ ਇਲਾਵਾ ਮੀਡੀਏਸ਼ਨ ਸੈਂਟਰ ਤਰਨ ਤਾਰਨ, ਪੱਟੀ ਅਤੇ ਖਡੂਰ ਸਾਹਿਬ ਵਿਖੇ ਚੱਲ ਰਿਹਾ ਹੈ ਜਿਸ ਵਿੱਚ ਕੋਰਟਾਂ ਵਿੱਚ ਚੱਲ ਰਹੇ ਕੇਸਾਂ ਦਾ ਆਪਸੀ ਰਜ਼ਾਮੰਦੀ ਨਾਲ ਨਿਪਟਾਰਾ ਕਰਵਾਇਆ ਜਾਂਦਾ ਹੈ। ਜਿਸ ਨਾਲ ਕੋਰਟ ਵਿੱਚ ਕੇਸਾਂ ਦਾ ਲੱਗਣ ਵਾਲਾ ਸਮਾਂ ਬਚ ਜਾਂਦਾ ਹੈ ਅਤੇ ਪਾਰਟੀਆਂ ਦਾ ਆਪਸੀ ਪਿਆਰ ਬਣਿਆ ਰਹਿੰਦਾ ਹੈ। ਵਕੀਲ ਸਾਹਿਬ ਨੇ ਦੱਸਿਆ ਕਿ ਅਸੀਂ ਮੀਡੀਏਸ਼ਨ ਸੈਂਟਰ ਵਿੱਚ ਪ੍ਰੀ ਇੰਸਟੀਚਿਊਸ਼ਨ ਮੈਟਰੋਮੋਨੀਅਲ ਕੇਸ ਵੀ ਲਗਾ ਸਕਦੇ ਹਾਂ। ਇਹ ਉਹ ਕੇਸ ਹੁੰਦੇ ਹਨ ਜੋ ਅਜੇ ਤੱਕ ਕੋਰਟ ਵਿੱਚ ਦਾਖਲ ਨਹੀਂ ਹੋਏ ਹੁੰਦੇ ਅਤੇ ਪਾਰਟੀਆਂ ਆਪਣਾ ਸਮਾਂ ਅਤੇ ਪੈਸਾ ਬਚਾਉਣ ਲਈ ਮੀਡੀਏਸ਼ਨ ਸੈਂਟਰ ਵਿੱਚ ਕੇਸ ਲਗਾ ਸਕਦੇ ਹਨ। ਵਕੀਲ ਸਾਹਿਬ ਜੀ ਨੇ ਦੱਸਿਆ ਕਿ ਤਰਨ ਤਾਰਨ ਕੋਰਟ ਦੇ ਮੀਡੀਏਸ਼ਨ ਸੈਂਟਰ ਵਿੱਚ ਪ੍ਰੀ ਇੰਸਟੀਚਿਊਸ਼ਨ ਮੀਡੀਏਸ਼ਨ ਦੇ ਵਿੱਚ ਕੰਪਨੀਆਂ ਦੇ ਵਪਾਰੀਆਂ ਦੇ ਝਗੜਿਆਂ ਦਾ ਨਿਪਟਾਰਾ ਵੀ ਮਾਮੂਲੀ ਫੀਸ ਲੈ ਕਿ ਕੀਤਾ ਜਾਂਦਾ ਹੈ।
ਉਹਨਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਆਪਣੇ ਝਗੜੇ ਦਾ ਨਿਪਟਾਰਾ ਆਪਸੀ ਰਜ਼ਾਮੰਦੀ ਨਾਲ ਇਸ ਰਾਸ਼ਟਰੀ ਲੋਕ ਅਦਾਲਤ ਜ਼ਰੀਏ ਹੱਲ ਕਰਨਾ ਚਾਹੁੰਦਾ ਹੈ ਤਾਂ ਉਹ ਆਪਣੀ ਅਰਜ਼ੀ ਆਪਣੇ ਸਬੰਧਤ ਕੋਰਟ ਵਿੱਚ ਜਾਂ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਫਤਰ ਵਿਖੇ ਦੇ ਸਕਦਾ ਹੈ। ਨੈਸ਼ਨਲ ਲੋਕ ਅਦਾਲਤ ਰਾਹੀਂ ਹੱਲ ਕੀਤੇ ਜਾਂਦੇ ਮੁਕੱਦਮਿਆਂ ਦੀ ਅੱਗੇ ਕਿਸੇ ਵੀ ਅਦਾਲਤ ਵਿੱਚ ਅਪੀਲ ਨਹੀਂ ਕੀਤੀ ਜਾ ਸਕਦੀ ਅਤੇ ਲੋਕ ਅਦਾਲਤ ਰਾਹੀਂ ਹੱਲ ਕੀਤੇ ਗਏ ਮਾਮਲੇ ਦਾ ਫੈਸਲਾ ਅੰਤਿਮ ਹੁੰਦਾ ਹੈ।
ਨੈਸ਼ਨਲ ਲੋਕ ਅਦਾਲਤ ਰਾਹੀਂ ਆਪਣੇ ਮੁਕੱਦਮੇ ਹੱਲ ਕਰਵਾਉਣ ਲਈ ਜਿਥੇ ਲੋਕਾਂ ਦੇ ਪੈਸੇ ਦੀ ਬਚਤ ਹੁੰਦੀ ਹੈ ਉਥੇ ਦੋਹਾਂ ਧਿਰਾਂ ਵਿੱਚ ਪ੍ਰੇਮ ਪਿਆਰ ਵੀ ਬਣਿਆ ਰਹਿੰਦਾ ਹੈ ਅਤੇ ਕੋਈ ਵੀ ਧਿਰ ਆਪਣੇ ਆਪ ਨੂੰ ਜਿੱਤੀ ਜਾ ਹਾਰੀ ਮਹਿਸੂਸ ਨਹੀਂ ਕਰਦੀ। ਜੇਕਰ ਲੋਕ ਅਦਾਲਤ ਵਿੱਚ ਕੇਸ ਦਾ ਫੈਸਲਾ ਹੋ ਜਾਂਦਾ ਹੈ ਤਾਂ ਇਸ ਕੇਸ ਵਿੱਚ ਲੱਗੀ ਕੋਰਟ ਫੀਸ ਵਾਪਿਸ ਹੋ ਜਾਂਦੀ ਹੈ।
ਇਹ ਨੈਸ਼ਨਲ ਲੋਕ ਅਦਾਲਤ ਇਸ ਵਾਰ 11 ਫਰਵਰੀ, 2023 ਨੂੰ ਤਰਨ ਤਾਰਨ, ਪੱਟੀ ਅਤੇ ਖਡੂਰ ਸਾਹਿਬ ਵਿਖੇ ਲੱਗ ਰਹੀ ਹੈ।ਜਿਆਦਾ ਜਾਣਕਾਰੀ ਲਈ ਟੋਲ ਫ੍ਰੀ ਨੰਬਰ 1968 ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਦੇ ਨੰਬਰ 01852-223291 ਤੋਂ ਜਾਣਕਾਰੀ ਲਈ ਜਾ ਸਕਦੀ ਹੈ।