ਮੁੱਖ ਖੇਤੀਬਾੜੀ ਅਫ਼ਸਰ ਤਰਨਤਾਰਨ ਡਾ ਸੁਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖੇਤੀਬਾੜੀ ਵਿਭਾਗ ਬਲਾਕ ਪੱਟੀ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰ ਤਰਨਤਾਰਨ ਨੇ ਵਿਸ਼ਵ ਦਾਲਾਂ ਦਿਵਸ ਪਿੰਡ ਸਭਰਾ ਵਿਖੇ ਮਨਾਇਆ
ਤਰਨਤਾਰਨ 10 ਫਰਵਰੀ : ਮੁੱਖ ਖੇਤੀਬਾੜੀ ਅਫ਼ਸਰ ਤਰਨਤਾਰਨ ਡਾ ਸੁਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖੇਤੀਬਾੜੀ ਵਿਭਾਗ ਬਲਾਕ ਪੱਟੀ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰ ਤਰਨਤਾਰਨ ਨੇ ਵਿਸ਼ਵ ਦਾਲਾਂ ਦਿਵਸ ਪਿੰਡ ਸਭਰਾ ਵਿਖੇ ਮਨਾਇਆ। ਉੱਦਮੀ ਕਿਸਾਨ ਜਗਜੀਤ ਸਿੰਘ ਬੱਬੂ ਦੇ ਫਾਰਮ ਤੇ ਆਯੋਜਿਤ ਪ੍ਰੋਗਰਾਮ ਦੌਰਾਨ ਡਾ ਭੁਪਿੰਦਰ ਸਿੰਘ ਬਲਾਕ ਖੇਤੀਬਾੜੀ ਅਫ਼ਸਰ ਪੱਟੀ ਨੇ ਦਾਲਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਾਲਾਂ ਪ੍ਰੋਟੀਨ ਦਾ ਚੰਗਾ ਸਰੋਤ ਹੋਣ ਨਾਤੇ ਜਿਥੇ ਮਨੁੱਖੀ ਸਿਹਤ ਲਈ ਲਾਭਦਾਇਕ ਹਨ ਉਥੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਵਿੱਚ ਵੀ ਇਹਨਾਂ ਦਾ ਅਹਿਮ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਸਾਡੀ ਰੋਜ਼ਾਨਾ ਖੁਰਾਕ ਵਿੱਚ ਦਾਲਾਂ ਦੀ ਖਪਤ ਘੱਟੋ ਘੱਟ 80 ਗ੍ਰਾਮ ਪ੍ਰਤੀ ਵਿਅਕਤੀ ਪ੍ਰਤੀ ਦਿਨ ਹੋਣੀ ਚਾਹੀਦੀ ਹੈ ਪਰ ਸਾਡੇ ਦੇਸ਼ ਵਿੱਚ ਇਹਨਾਂ ਦੀ ਉਪਲੱਬਧਤਾ 42 ਤੋਂ 47 ਗ੍ਰਾਮ ਹੀ ਹੈ ਜੋ ਕਿ ਬਹੁਤ ਘੱਟ ਹੈ। ਉਹਨਾਂ ਜਾਗਰੂਕ ਕਰਦਿਆਂ ਕਿਹਾ ਕਿ ਦਾਲਾਂ ਹੇਠ ਰਕਬਾ ਲਿਆਉਣ ਨਾਲ਼ ਜ਼ਮੀਨ ਦੇ ਡਿਗਦੇ ਪੱਧਰ ਨੂੰ ਵੀ ਠੱਲ੍ਹ ਪਵੇਗੀ ਅਤੇ ਜ਼ਮੀਨ ਦੀ ਲੰਮੇ ਸਮੇਂ ਤਕ ਉਪਜਾਊ ਸ਼ਕਤੀ ਵੀ ਬਣੀ ਰਹੇਗੀ। ਇਸ ਮੌਕੇ ਡਾ ਪਰਮਿੰਦਰ ਕੌਰ ਪੌਦਾ ਸੁਰੱਖਿਆ ਮਾਹਿਰ ਨੇ ਮੌਜੂਦ ਕਣਕ ਦੀ ਫ਼ਸਲ ਵਿੱਚ ਸੰਭਾਵੀ ਕੀੜੇ-ਮਕੌੜੇ ਅਤੇ ਬਿਮਾਰੀਆਂ ਦੀ ਰੋਕਥਾਮ ਸਬੰਧੀ ਜਾਣਕਾਰੀ ਦਿੰਦਿਆਂ ਸੁਝਾਅ ਦਿੱਤਾ ਕਿ ਵਧਦੇ ਤਾਪਮਾਨ ਤੋਂ ਬਚਾਅ ਲਈ ਚਾਰ ਕਿਲੋ ਪੋਟਾਸ਼ੀਅਮ ਨਾਈਟਰੇਟ ਨੂੰ 200 ਲਿਟਰ ਪਾਣੀ ਵਿਚ ਘੋਲ ਬਣਾ ਕੇ 2 ਛਿੜਕਾਅ ਕੀਤੇ ਜਾਣ।ਉਹਨਾਂ ਦੱਸਿਆ ਕਿ ਦਾਲਾਂ ਦੀ ਕਾਸ਼ਤ ਲਈ ਬੀਜ ਸੋਧ ਤਕਨੀਕ ਜ਼ਰੂਰ ਅਪਨਾਈ ਜਾਵੇ। ਇਸ ਮੌਕੇ ਡਾ ਸਵਰੀਤ ਖਹਿਰਾ ਪਸਾਰ ਮਾਹਿਰ (ਫਲ ਵਿਗਿਆਨ) ਨੇ ਘਰੇਲੂ ਬਗੀਚੀ ਵਿਚ ਫ਼ਲਦਾਰ ਬੂਟਿਆਂ ਦੀਆਂ ਬਿਮਾਰੀਆਂ ਦੀ ਸੁਚੱਜੀ ਰੋਕਥਾਮ ਬਾਰੇ ਜਾਣਕਾਰੀ ਦਿੰਦਿਆਂ ਸੁਝਾਅ ਦਿੱਤਾ ਕਿ ਫ਼ਲਦਾਰ ਬੂਟੇ ਪ੍ਰਮਾਣਿਤ ਅਦਾਰਿਆਂ ਤੋਂ ਹੀ ਲਏ ਜਾਣ।ਇਸ ਮੌਕੇ ਡਾ ਭਾਰਤ ਭੂਸ਼ਨ ਨੇ ਜਾਣਕਾਰੀ ਦਿੱਤੀ ਕਿ ਸਾਉਣੀ ਰੁੱਤ ਵਿੱਚ ਅਰਹਰ ਦੀ ਬਿਜਾਈ ਲਈ ਮਈ ਦਾ ਦੂਜਾ, ਸੋਇਆਬੀਨ ਲਈ ਜੂਨ ਦਾ ਪਹਿਲਾ ਪੰਦਰਵਾੜਾ ਅਤੇ ਮੂੰਗੀ ਦੀ ਬਿਜਾਈ ਲਈ ਜੁਲਾਈ ਦਾ ਦੂਜਾ ਪੰਦਰਵਾੜਾ ਢੁਕਵਾਂ ਸਮਾਂ ਹੈ। ਇਸ ਮੌਕੇ ਉੱਦਮੀ ਕਿਸਾਨ ਜਗਜੀਤ ਸਿੰਘ ਬੱਬੂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੀਟੀਐਮ ਗੁਰਪ੍ਰੀਤ ਸਿੰਘ ਅਤੇ ਸਰਕਲ ਇੰਚਾਰਜ ਅਮਰਿੰਦਰ ਸਿੰਘ ਏਡੀਓ ਨੇ ਕਿਸਾਨ ਉਪਯੋਗੀ ਟ੍ਰੇਨਿੰਗਾ ਬਾਬਤ ਜਾਣਕਾਰੀ ਦਿੰਦਿਆਂ ਘਰੇਲੂ ਬੀਜ ਤਿਆਰ ਕਰਨ ਲਈ ਕਿਹਾ।ਇਸ ਮੌਕੇ ਕਿਸਾਨ ਆਗੂ ਸੋਹਣ ਸਿੰਘ ਨੇ ਖੇਤੀ ਵਿੱਚ ਆਉਂਦੀਆਂ ਮੁਸ਼ਕਲਾਂ ਬਾਬਤ ਗੱਲਬਾਤ ਕਰਦਿਆਂ ਸਾਥੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦੇ ਨਾੜ ਨੂੰ ਖੇਤਾਂ ਵਿੱਚ ਹੀ ਵਾਹਿਆ ਜਾਵੇ ਤਾਂ ਜੋ ਰੁੱਖ਼ਾਂ ਅਤੇ ਫਸਲ ਉਪਯੋਗੀ ਜੀਵ ਜੰਤੂਆਂ ਦਾ ਨੁਕਸਾਨ ਨਾ ਹੋਵੇ। ਇਸ ਮੌਕੇ ਕਾਲਜ ਸਿੰਘ, ਅਵਤਾਰ ਸਿੰਘ, ਠੇਕੇਦਾਰ ਸਤਨਾਮ ਸਿੰਘ, ਹਰਜਿੰਦਰ ਸਿੰਘ ਸਾਬਕਾ ਸਰਪੰਚ, ਸ਼ਰਨਜੀਤ ਸਿੰਘ ਭੂਰਾ,ਸਾਬ ਸਿੰਘ, ਜਗੀਰ ਸਿੰਘ, ਗੁਰਸਾਹਿਬ ਸਿੰਘ ਮੈਂਬਰ ਪੰਚਾਇਤ, ਭੁਪਿੰਦਰ ਸਿੰਘ, ਨਿਸ਼ਾਨ ਸਿੰਘ ਉਪ ਨਿਰੀਖਕ, ਗੁਰਦੇਵ ਸਿੰਘ ਮਾਣਕਪੁਰਾ, ਗੁਰਦੇਵ ਸਿੰਘ ਸਹਾਇਕ ਤਕਨੀਕੀ ਪ੍ਰਬੰਧਕ, ਸਲਵਿੰਦਰ ਸਿੰਘ ਨੇ ਸਹਿਯੋਗ ਅਤੇ ਜਾਣਕਾਰੀ ਸਾਂਝੀ ਕੀਤੀ।