ਸਮੈਮ ਸਕੀਮ ਅਧੀਨ ਕਿਸਾਨਾਂ ਨੂੰ ਸਬਸਿਡੀ ‘ਤੇ ਦਿੱਤੀ ਜਾਣ ਵਾਲੀ ਮਸ਼ੀਨਰੀ ਦੇ ਕੱਢੇ ਗਏ ਡਰਾਅ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਸਮੈਮ ਸਕੀਮ ਅਧੀਨ ਕਿਸਾਨਾਂ ਨੂੰ ਸਬਸਿਡੀ ‘ਤੇ ਦਿੱਤੀ ਜਾਣ ਵਾਲੀ ਮਸ਼ੀਨਰੀ ਦੇ ਕੱਢੇ ਗਏ ਡਰਾਅ
ਤਰਨ ਤਾਰਨ, 07 ਮਾਰਚ :
ਮੁੱਖ ਖੇਤੀਬਾੜੀ ਅਫਸਰ, ਤਰਨ ਤਾਰਨ ਡਾ. ਸੁਰਿੰਦਰ ਸਿੋੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋ ਸਾਂਝੇ ਤੌਰ ਤੇ ਖੇਤੀ ਮਸ਼ੀਨੀਕਰਣ ਨੂੰ ਉਤਸ਼ਾਹਿਤ ਕਰਨ ਲਈ ਸਬ ਮਿਸ਼ਨ ਆਨ ਐਗਰੀਕਲਚਰ ਮੈਕਾਨਾਈਜੇਸ਼ਨ (ਸਮੈਮ) ਚਲਾਇਆ ਜਾ ਰਿਹਾ ਹੈ। ਇਸੇ ਮਿਸ਼ਨ ਤਹਿਤ ਕਿਸਾਨਾਂ ਨੂੰ ਵਿਅਕਤੀਗਤ ਤੌਰ ਤੇ ਕਸਟਮ ਹਾਇਰਿੰਗ ਸੈਂਟਰਾਂ ਵਿੱਚ ਲੇਜਰ ਲੈਂਡ ਲੈਵਲਰ, ਰੇਜਡ ਬੈੱਡ ਪਲਾਂਟਰ, ਪਟੈਟੋ ਪਲਾਂਟਰ, ਪਟੈਟੋ ਡਿਗਰ, ਸਬ ਸੋਇਲਰ, ਡੀ.ਐਸ.ਆਰ ਡਰਿੱਲ, ਨੋਮੈਟਿਕ ਪਲਾਂਟਰ, ਪਾਵਰ ਵੀਡਰ, ਪਾਵਰ ਹੈਰੋ, ਪੈਡੀ ਟਰਾਂਸ ਪਲਾਂਟਰ ਆਦਿ ਸਬਸਿਡੀ ਤੇ ਦਿੱਤੇ ਜਾਣੇ ਹਨ।
ਇਸ ਲਈ ਕਿਸਾਨਾਂ ਵੱਲੋ ਆਨ ਲਾਈਨ ਪੋਰਟਲ ਤੇ ਮਿਤੀ 28 ਫਰਵਰੀ ਤੱਕ ਆਪਣੀਆਂ ਅਰਜੀਆਂ ਦਿੱਤੀਆਂ ਗਈਆਂ ਸਨ। ਇਹਨਾਂ ਪ੍ਰਾਪਤ ਹੋਈਆਂ ਅਰਜੀਆਂ ਵਿੱਚੋ ਚੋਣ ਕਰਨ ਲਈ ਡਰਾਅ ਸਹਾਇਕ ਕਮਿਸ਼ਨਰ ਜਨਰਲ ਤਰਨ ਤਾਰਨ ਸ੍ਰੀ ਪੁਨੀਤ ਸ਼ਰਮਾ ਦੀ ਪ੍ਰਧਾਨਗੀ ਹੇਠ ਕੱਢੇ ਗਏ। ਇਹ ਡਰਾਅ ਸ੍ਰੀ ਪੁਨੀਤ ਸ਼ਰਮਾ ਦੇ ਹੁਕਮਾਂ ਅਨੁਸਾਰ ਕਿਸਾਨਾਂ ਦੇ ਆਪਣੇ ਹੱਥੀ ਪੂਰਨ ਵੀਡਿਉਗਰਾਫੀ ਕਰਦੇ ਹੋਏ ਕੱਢੇ ਗਏ। ਇਸ ਡਰਾਅ ਸਬੰਧੀ ਕਿਸਾਨਾਂ ਨੇ ਵੀ ਆਪਣੀ ਤਸੱਲੀ ਪ੍ਰਗਟਾਈ। ਮੁੱਖ ਖੇਤੀਬਾੜੀ ਅਫਸਰ ਨੇ ਅਪੀਲ ਕੀਤੀ ਕਿ ਜਿਹਨਾਂ ਕਿਸਾਨਾਂ ਦੇ ਡਰਾਅ ਨਿਕਲੇ ਹਨ, ਉਹ ਕਿਸਾਨ ਸੈਕਸ਼ਨ ਪੱਤਰ ਜਾਰੀ ਹੋਣ ਉਪਰੰਤ ਆਪਣੀਆਂ ਮਸ਼ੀਨਾਂ ਸਮੇ ਸਿਰ ਖਰੀਦ ਲੈਣ ਤਾਂ ਜੋ ਸਬਸਿਡੀ ਸਮੇਂ ਸਿਰ ਜਾਰੀ ਕੀਤੀ ਜਾ ਸਕੇ।