ਬੰਦ ਕਰੋ

ਭਾਰਤੀ ਫੌਜ ਅਤੇ ਕੇਂਦਰੀ ਸੰਚਾਰ ਬਿਊਰੋ ( ਸੀਬੀਸੀ ) ਨੇ ਅਗਨੀਪਥ ਯੋਜਨਾ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ

ਪ੍ਰਕਾਸ਼ਨ ਦੀ ਮਿਤੀ : 13/03/2023

ਪੱਤਰ ਸੂਚਨਾ ਦਫ਼ਤਰ

ਸੂਚਨਾ ਅਤੇ ਪ੍ਰਸਾਰਣ ਮੰਤਰਾਲਾ

ਭਾਰਤ ਸਰਕਾਰ – ਜਲੰਧਰ

 

ਪ੍ਰੈਸ ਨੋਟ

 

ਭਾਰਤੀ ਫੌਜ ਅਤੇ ਕੇਂਦਰੀ ਸੰਚਾਰ ਬਿਊਰੋ ( ਸੀਬੀਸੀ ) ਨੇ ਅਗਨੀਪਥ ਯੋਜਨਾ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ

 

ਵੱਧ ਤੋਂ ਵੱਧ ਜਾਗਰੂਕਤਾ ਲਈ ਜ਼ਿਲ੍ਹਾ ਤਰਨਤਾਰਨ ਦੇ ਆਈ.ਟੀ.ਆਈ, ਪੌਲੀਟੈਕਨਿਕ ਅਤੇ ਕਾਲਜਾਂ ਨੂੰ ਆਨਲਾਈਨ ਲਿੰਕ ਕੀਤਾ ਗਿਆ

 

ਅਗਨੀਪਥ ਯੋਜਨਾ ਦੇ ਆਨਲਾਈਨ ਸੰਯੁਕਤ ਦਾਖਲਾ ਟੈਸਟ (ਸੀਈਈ) ਲਈ ਆਖਰੀ ਤਾਰੀਖ 15 ਮਾਰਚ ਤੋਂ ਵਧਾ ਕੇ 19 ਮਾਰਚ ਕਰ ਦਿੱਤੀ ਗਈ

 

ਪੱਟੀ (ਤਰਨਤਾਰਨ) 10/3/2023

ਕੇਂਦਰੀ ਸੰਚਾਰ ਬਿਊਰੋ (ਸੀ.ਬੀ.ਸੀ.), ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਤੇ ਜ਼ੋਨਲ ਭਰਤੀ ਦਫ਼ਤਰ (ਜ਼ੋਨਲ ਆਰ.ਓ.), ਭਾਰਤੀ ਫੌਜ, ਜਲੰਧਰ ਵਲੋਂ ਅਗਨੀਪਥ ਯੋਜਨਾ ਬਾਰੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ  ਚਲਾਈ ਜਾ ਰਹੀ ਹੈ, ਜਿਸਦਾ ਮੰਤਵ

ਦਿਲਚਸਪੀ ਰੱਖਣ ਵਾਲੇ ਨੌਜਵਾਨਾਂ ਦੀ ਫੌਜ ਦੇ ਤਿੰਨੋਂ ਵਿੰਗਾਂ ਵਿੱਚ ਅਗਨੀਵੀਰ ਯੋਜਨਾ ਦੇ ਨਾਲ-ਨਾਲ ਜੂਨੀਅਰ ਕਮਿਸ਼ਨਡ ਅਫਸਰਾਂ ਅਤੇ ਕਮਿਸ਼ਨਡ ਅਫਸਰਾਂ ਦੇ ਤੌਰ ਤੇ ਵੱਧ ਤੋਂ ਵੱਧ ਸ਼ਮੂਲੀਅਤ ਨੂੰ  ਯਕੀਨੀ ਬਣਾਉਣਾ ਹੈ।

ਕੇਂਦਰੀ ਸੰਚਾਰ ਬਿਊਰੋ (ਸੀ.ਬੀ.ਸੀ.) ਵਲੋਂ ਜਾਗਰੂਕਤਾ ਪ੍ਰੋਗਰਾਮ-ਕਮ-ਪ੍ਰਦਰਸ਼ਨੀ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਆਈ.ਟੀ.ਆਈ.), ਪੱਟੀ ਵਿੱਚ ਲਗਾਈ ਗਈ ।

ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਰਿਸ਼ੀਪਾਲ ਸਿੰਘ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਜਦ ਕਿ ਕਰਨਲ ਜੈਵੀਰ ਸਿੰਘ ਡਾਇਰੈਕਟਰ ਰਿਕਰੂਟਮੈਂਟ ਜ਼ੋਨਲ ਆਰ.ਓ. ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਮੌਜੂਦਗੀ ਦਰਜ ਕਰਵਾਈ । ਪ੍ਰਭਜੋਤ ਸਿੰਘ, ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ, ਸ੍ਰੀਮਤੀ ਭਾਰਤੀ ਸ਼ਰਮਾ, ਜ਼ਿਲ੍ਹਾ ਕੈਰੀਅਰ ਗਾਈਡੈਂਸ ਅਫ਼ਸਰ, ਸ੍ਰੀ ਗੁਰਬਚਨ ਸਿੰਘ,  ਉਪ ਜ਼ਿਲ੍ਹਾ ਸਿੱਖਿਆ ਅਫ਼ਸਰ , ਵਿਜੇ ਕੁਮਾਰ, ਪ੍ਰਿੰਸੀਪਲ- ਆਈ.ਟੀ.ਆਈ ਅਤੇ ਨਿਰਵੈਲ ਸਿੰਘ ਸੀ-ਪਾਈਟ ਇੰਚਾਰਜ ਸਤਿਕਾਰਯੋਗ ਮਹਿਮਾਨ ਸਨ।

ਕੇਂਦਰੀ ਸੰਚਾਰ ਬਿਊਰੋ (ਸੀ.ਬੀ.ਸੀ.) ਜਲੰਧਰ ਦੇ ਮੁਖੀ, ਫੀਲਡ ਪਬਲੀਸਿਟੀ ਅਫਸਰ ਰਾਜੇਸ਼ ਬਾਲੀ ਨੇ ਦੱਸਿਆ ਕਿ ਅਜਿਹਾ ਪਹਿਲੀ ਵਾਰ  ਹੋਇਆ ਹੈ ਜਦੋਂ ਜ਼ੋਨਲ ਆਰ.ਓ. ਨੇ ਪੰਜਾਬ ਵਿੱਚ ਜਾਗਰੂਕਤਾ ਮੁਹਿੰਮ ਲਈ ਉਨ੍ਹਾਂ ਦੇ ਦਫਤਰ ਸੀ.ਬੀ.ਸੀ ਨਾਲ ਤਾਲਮੇਲ ਕਾਇਮ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਸਰਹੱਦੀ ਖੇਤਰ ਵਿੱਚ ਇਸ ਜਾਗਰੂਕਤਾ ਪ੍ਰੋਗਰਾਮ ਨੂੰ ਕਰਵਾਉਣ ਦਾ ਮਕਸਦ ਨੌਜਵਾਨਾਂ ਨੂੰ ਭਾਰਤੀ ਫੌਜ ਵਿੱਚ ਭਰਤੀ ਹੋਣ ਲਈ ਹਰ ਤਰ੍ਹਾਂ ਦੀ ਜਾਣਕਾਰੀ ਮੁਹੱਈਆ ਕਰਵਾਉਣਾ ਹੈ।

ਸਮਾਗਮ ਵਾਲੀ ਥਾਂ ‘ਤੇ ਸਰਕਾਰੀ ਆਈ.ਟੀ.ਆਈ ਪੱਟੀ ਦੇ ਅਤੇ ਹੋਰ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਕਰਨਲ ਜੈਵੀਰ ਸਿੰਘ ਨੇ ਉਨ੍ਹਾਂ ਨੂੰ ਅਗਨੀਵੀਰ ਵਜੋਂ ਫੌਜ ਵਿੱਚ ਭਰਤੀ ਹੋਣ ਲਈ ਲੋੜੀਂਦੇ ਮਾਪਦੰਡਾਂ ਅਤੇ ਦਸਤਾਵੇਜ਼ਾਂ ਬਾਰੇ ਜਾਣੂ ਕਰਵਾਇਆ। ਲੋੜੀਂਦੀ ਉਚਾਈ ਅਤੇ ਭਾਰ ਨੂੰ ਮਾਪਣ ਦਾ ਰਸਮੀ ਪ੍ਰਦਰਸ਼ਨ ਵੀ ਕਰਵਾਇਆ ਗਿਆ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਕਿਹਾ ਕਿ ਭਰਤੀ ਲਈ ਹਾਜ਼ਰ ਹੋਣ ਵਾਲੇ ਸਾਰੇ ਉਮੀਦਵਾਰਾਂ ਨੂੰ ਰੈਲੀ ਸ਼ੁਰੂ ਹੋਣ ਤੋਂ ਪਹਿਲਾਂ ਡਰੱਗ ਟੈਸਟ ਪਾਸ ਕਰਨਾ ਹੋਵੇਗਾ। ਸਰੀਰ ‘ਤੇ ਟੈਟੂ ਦੀ ਬਿਲਕੁਲ ਇਜਾਜ਼ਤ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਭਾਰਤੀ ਫੌਜ ਦੀ ਖੜਗ ਭੁਜਾ ਦੇ ਤੌਰ ਤੇ ਜਾਣਿਆ ਜਾਂਦਾ ਹੈ ਅਤੇ ਸੂਬੇ ਵਿੱਚੋਂ ਵੱਡੀ ਗਿਣਤੀ ਵਿੱਚ ਨੌਜਵਾਨ ਮਾਤਰ ਭੂਮੀ ਦੀ ਸੇਵਾ ਕਰਨ ਲਈ ਫੌਜ ਵਿੱਚ ਭਰਤੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਰਹੱਦੀ ਜ਼ਿਲ੍ਹੇ ਤਰਨਤਾਰਨ ਤੋਂ ਸੈਂਕੜੇ ਜਵਾਨ ਫੌਜ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ । ਉਨ੍ਹਾਂ ਨੌਜਵਾਨਾਂ ਨੂੰ ਅਗਨੀਵੀਰ ਅਤੇ ਫੌਜੀ ਅਫਸਰ ਬਣ ਕੇ ਦੇਸ਼ ਦੀ ਸੇਵਾ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਅਗਨੀਵੀਰਾਂ ਲਈ ਆਨਲਾਈਨ ਸੰਯੁਕਤ ਦਾਖਲਾ ਟੈਸਟ (ਸੀਈਈ) ਦੀ ਆਖਰੀ ਮਿਤੀ 15 ਮਾਰਚ ਤੋਂ ਵਧਾ ਕੇ 19 ਮਾਰਚ, 2023 ਤੱਕ ਕਰ ਦਿੱਤੀ ਗਈ ਹੈ।

ਮੈਡੀਕਲ ਫਿਟਨੈਸ ਵਿੱਚ ਕਲੀਅਰ ਹੋਣ ਬਾਰੇ ਪੂਰੀ ਜਾਣਕਾਰੀ ਦਿੰਦਿਆਂ ਮੇਜਰ (ਡਾ.) ਡੀ.ਨਰੇਸ਼ ਨੇ ਦੱਸਿਆ ਕਿ ਕੁਝ ਅਨੁਸੂਚਿਤ ਜਨਜਾਤੀਆਂ ਨੂੰ ਛੱਡ ਕੇ ਕਿਸੇ ਵੀ ਨੌਜਵਾਨ ਨੂੰ ਆਪਣੇ ਸਰੀਰ ’ਤੇ ਟੈਟੂ ਬਣਾਉਣ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਦੱਸਿਆ ਕਿ ਭਰਤੀ ਪ੍ਰਕਿਰਿਆ ਤੋਂ ਪਹਿਲਾਂ ਸਾਰਿਆਂ ਦਾ ਡਰੱਗ ਟੈਸਟ ਕੀਤਾ ਜਾਵੇਗਾ।

ਡਿਪਟੀ ਕਮਿਸ਼ਨਰ ਸ੍ਰੀ ਰਿਸ਼ੀਪਾਲ ਸਿੰਘ ਨੇ ਕੇਂਦਰੀ ਸੰਚਾਰ ਬਿਊਰੋ, ਭਾਰਤੀ ਫੌਜ ਅਤੇ ਜ਼ਿਲ੍ਹਾ ਪ੍ਰਸ਼ਾਸਨ ਤਰਨਤਾਰਨ ਵੱਲੋਂ ਅਗਨੀਪੱਥ ਸਕੀਮ ਵਿੱਚ ਭਰਤੀ ਸਬੰਧੀ ਜਾਣਕਾਰੀ ਨੌਜਵਾਨਾਂ ਨਾਲ ਸਾਂਝੀ ਕਰਨ ਦੇ ਇਸ ਸਾਂਝੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਲਈ ਸੀ-ਪੀਆਈਟੀ ਨੇ ਨੌਜਵਾਨਾਂ ਨੂੰ ਸਿਖਲਾਈ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ । ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਨਾਲ ਗੱਲਬਾਤ ਕਰਕੇ ਉਹ ਨੌਜਵਾਨਾਂ ਦੇ ਹੁਨਰ ਨੂੰ ਨਿਖਾਰਨ ਦੀ ਕੋਸ਼ਿਸ਼ ਕਰਨਗੇ ਤਾਂ ਜੋ ਉਨ੍ਹਾਂ ਨੂੰ ਵੱਧ ਤੋਂ ਵੱਧ ਮੌਕੇ ਮਿਲ ਸਕਣ।

ਡਿਪਟੀ ਕਮਿਸ਼ਨਰ ਸ੍ਰੀ ਰਿਸ਼ੀਪਾਲ ਸਿੰਘ ਦੀ ਪਹਿਲਕਦਮੀ ‘ਤੇ ਜ਼ਿਲ੍ਹੇ ਦੇ ਲਗਭਗ ਸਾਰੇ ਆਈ.ਟੀ.ਆਈਜ਼, ਪੌਲੀਟੈਕਨਿਕਾਂ ਅਤੇ ਕਾਲਜਾਂ ਵਿੱਚ ਅਗਨੀਪਥ ਯੋਜਨਾ ਬਾਰੇ ਸਮੁੱਚੇ ਜਾਗਰੂਕਤਾ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ, ਜਿਸ ਨੂੰ ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰਾਂ ਵੱਲੋਂ ਸਰਗਰਮ ਸਹਿਯੋਗ ਨਾਲ ਅਮਲ ਵਿੱਚ ਲਿਆਂਦਾ ਗਿਆ ।

ਕਾਲਜ ਦੇ ਕਰੀਅਰ ਗਾਈਡੈਂਸ ਅਤੇ ਕਾਊਂਸਲਿੰਗ ਸੈੱਲ ਤਹਿਤ ਅਗਨੀਪਥ ਯੋਜਨਾ ਜਾਗਰੂਕਤਾ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਕਾਲਜ ਸਾਰੇ ਇੱਛੁਕ ਕਾਲਜ ਵਿਦਿਆਰਥੀਆਂ ਨੂੰ ਫਾਰਮ ਭਰਨ ਦੀ ਮੁਫਤ ਸਹੂਲਤ ਪ੍ਰਦਾਨ ਕਰੇਗਾ ਤਾਂ ਜੋ ਉਹ ਇੰਟਰਨੈੱਟ ਕੈਫੇ ‘ਤੇ ਨਿਰਭਰ ਨਾ ਰਹਿਣ।

ਇਸ ਮੌਕੇ ‘ਤੇ ਅਗਨੀਪਥ ‘ ਨੂੰ ਦਰਸਾਉਂਦੀ ਫੋਟੋ ਪ੍ਰਦਰਸ਼ਨੀ ਵੀ ਲਗਾਈ ਗਈ। ਵਿਦਿਆਰਥੀਆਂ ਨੇ ਇਸ ਵਿੱਚ ਬਹੁਤ ਦਿਲਚਸਪੀ ਦਰਸਾਈ ਅਤੇ ਉੱਥੇ ਦਿਖਾਈਆਂ ਗਈਆਂ ਤਸਵੀਰਾਂ ‘ਤੇ ਦਿੱਤੇ ਬਾਰ ਕੋਰਡ (ਸਕੈਨਰਾਂ) ਰਾਹੀਂ ਵੈੱਬਸਾਈਟ ਜੁਆਇਨ ਇੰਡੀਅਨ ਆਰਮੀ ਡਾਟ ਐਨ ਆਈ ਸੀ ਡਾਟ ਇਨ (joinindianarmy.nic.in) ਨਾਲ ਜੁੜ ਗਏ ।

 ਇਸ ਮੌਕੇ ਜ਼ੋਨਲ ਆਰ.ਓ. ਦਫ਼ਤਰ ਦੇ ਸੂਬੇਦਾਰ ਮੇਜਰ ਜਾਪਮਨੀ ਤੋਂ ਇਲਾਵਾ ਸਿਹਤ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਵੀ ਸ਼ਾਮਲ ਸਨ |