ਬੰਦ ਕਰੋ

ਝੋਨੇ ਦੀ ਸਿੱਧੀ ਬਿਜਾਈ ਸਬੰਧੀ ਪਿੰਡ ਜਲਾਲਾਬਾਦ ਵਿਖੇ ਲਗਾਇਆ ਗਿਆ ਕਿਸਾਨ ਸਿਖਲਾਈ ਕੈਂਪ

ਪ੍ਰਕਾਸ਼ਨ ਦੀ ਮਿਤੀ : 24/05/2023
ਝੋਨੇ ਦੀ ਸਿੱਧੀ ਬਿਜਾਈ ਸਬੰਧੀ ਪਿੰਡ ਜਲਾਲਾਬਾਦ ਵਿਖੇ ਲਗਾਇਆ ਗਿਆ ਕਿਸਾਨ ਸਿਖਲਾਈ ਕੈਂਪ
 
ਖਡੂਰ ਸਾਹਿਬ, 22 ਮਈ :
 
ਮੁੱਖ ਖੇਤੀਬਾੜੀ ਅਫ਼ਸਰ ਡਾਕਟਰ ਹਰਪਾਲ ਸਿੰਘ ਪੰਨੂੰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਖੇਤੀਬਾੜੀ ਅਫ਼ਸਰ ਡਾਕਟਰ ਮਲਵਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਪਿੰਡ ਜਲਾਲਾਬਾਦ ਵਿਖੇ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ । ਕਿਸਾਨਾਂ ਨੂੰ ਸੰਬੋਧਨ ਕਰਦਿਆਂ ਯਾਦਵਿੰਦਰ ਸਿੰਘ ਬਲਾਕ ਟੈਕਨਾਲੋਜੀ ਮੈਨੇਜਰ ਨੇ ਦੱਸਿਆ ਕਿ ਝੋਨੇ/ਬਾਸਮਤੀ ਦੀ ਸਿੱਧੀ ਬਿਜਾਈ ਦੀ ਸਫਲਤਾ ਵਿੱਚ 60% ਹਿੱਸਾ ਜ਼ਮੀਨ ਦੀ ਕਿਸਮ ਅਤੇ ਉਸਦੀ ਤਿਆਰੀ ਨਿਰਧਾਰਿਤ ਕਰਦੀ ਹੈ।ਬਾਕੀ 20% ਬੀਜਣ ਦੇ ਤਰੀਕੇ +20% ਨਦੀਨ ਪ੍ਰਬੰਧ ਦੀ ਸਫਲਤਾ ਉੱਤੇ ਨਿਰਭਰ ਹੈ ।ਦਰਮਿਆਨੀ ਤੋਂ ਭਾਰੀ ਅਤੇ ਰੇਤਲੀ ਚੀਕਣੀ ਜ਼ਮੀਨ ਵਿੱਚ ਹੀ ਸਿੱਧੀ ਬਿਜਾਈ ਕਾਮਯਾਬ ਹੈ, ਰੇਤਲੀ ਜ਼ਮੀਨ ਚ ਨਹੀਂ ਕਰਨੀ ਚਾਹੀਦੀ ਖਾਸ ਕਰ ਜਿੱਥੇ ਨਹਿਰੀ ਪਾਣੀ ਨਾ ਹੋਵੇ। ਸਿੱਧੀ ਬਿਜਾਈ ਲਈ ਤਿਆਰੀ ਕਣਕ ਦੀ ਕਟਾਈ ਅਤੇ ਤੂੜੀ ਬਣਾਉਣ ਤੋਂ ਫੌਰਨ ਬਾਦ ਸ਼ੁਰੂ ਕਰ ਦੇਣੀ ਚਾਹੀਦੀ ਹੈ।ਜੇਕਰ ਕਿਸਮ ਪਿਛਲੇ ਸਾਲ ਵਾਲੀ ਹੀ ਬੀਜਣੀ ਹੈ ਤਾਂ ਪੁਰਾਣੇ ਝੋਨੇ ਦੇ ਰਲੇ ਦਾ ਡਰ ਘਟ ਜਾਂਦਾ ਹੈ ਪਰ ਜੇਕਰ ਕਿਸਮ ਨਵੀਂ ਬੀਜਣੀ ਹੈ ਤਾਂ ਪਿਛਲੇ ਸਾਲ ਦੇ ਝੋਨੇ ਦੇ ਬੀਜ(ਰਲੇ) ਅਤੇ ਨਦੀਨ ਨੂੰ ਉਗਾਉਣ ਲਈ ਇੱਕ ਜਾਂ ਦੋ ਰੌਣੀਆਂ ਦੀ ਜਰੂਰਤ ਪੈਂਦੀ ਹੈ। ਰੌਣੀ ਕਰਕੇ ਉੱਗੇ ਰਲੇ ਅਤੇ ਨਦੀਨ ਨੂੰ ਤਵੀਆਂ, ਪਲਟਾਵੀਆਂ ਹੱਲਾਂ,ਮੋਟੀਆਂ ਹੱਲਾਂ,ਰੋਟਾਵੇਟਰ ਆਦਿ ਨਾਲ ਵਾਹ ਕੇ ਨਸ਼ਟ ਕਰਕੇ ਜ਼ਮੀਨ ਨੂੰ ਬਿਜਾਈ ਕਰਨ ਦੀ ਤਰੀਕ ਤੱਕ ਖੁੱਲਾ ਛੱਡ ਦੇਣਾ ਚਾਹੀਦਾ ਹੈ ।ਜੇ ਬਿਜਲੀ ਪਾਣੀ ਉਪਲਬਧ ਨਹੀਂ ਤਾਂ ਵੀ ਜ਼ਮੀਨ ਨੂੰ ਦੋ ਵਾਰ ਸੁੱਕਾ ਹੀ ਵਾਹ ਕੇ ਸੂਰਜ ਦੀ ਤਪਸ਼ ਲੱਗਣ ਲਈ ਛੱਡ ਦਿਓ ।ਬਿਜਾਈ ਤੋਂ ਇੱਕ ਦੋ ਦਿਨ ਪਹਿਲਾਂ ਲੇਜ਼ਰ ਲੈਵਲਰ ਜਰੂਰ ਫੇਰਨਾ ਚਾਹੀਦਾ ਹੈ। ਝੋਨੇ ਦੀਆਂ ਪਰਮਲ ਕਿਸਮਾਂ ਦੀ ਸਿੱਧੀ ਬਿਜਾਈ ਦਾ ਸਹੀ ਸਮਾਂ 20 ਮਈ ਤੋਂ 5 ਜੂਨ ਤੱਕ ਹੈ ਅਤੇ ਬਾਸਮਤੀ  ਕਿਸਮਾਂ ਲਈ 10 ਤੋਂ 25 ਜੂਨ ਤੱਕ ਹੈ ।ਝੋਨੇ ਦੀਆਂ ਥੋੜੇ ਸਮੇਂ ਚ ਪੱਕਣ ਵਾਲੀਆਂ ਪਰਮਲ ਕਿਸਮਾਂ ਨੂੰ ਹੀ ਤਰਜੀਹ ਦੇਣੀ ਚਾਹੀਦੀ ਹੈ ਜਿਵੇਂ PR 122,126,128,129 ਅਤੇ ਸਾਵਾ 127,134,7301 ਆਦਿ
(ਪੂਸਾ 44 ,ਪੂਸਾ ਪੀਲੀ ਜਾਂ ਪੂਸਾ ਡੋਗਰ ਤੋਂ ਪਰਹੇਜ਼ ਹੀ ਚੰਗਾ ਹੈ)
ਨਵੀਆਂ ਕਿਸਮਾਂ ਪੀ ਆਰ 130 ਅਤੇ 131 ।ਬਾਸਮਤੀ ਲਈ ਘੱਟ ਸਮਾਂ ਲੈਣ ਵਾਲੀ 1509,1692, 1847
1121,1718,1885 ਪੂਸਾ 1401,1886 ਅਤੇ ਪੀ ਬੀ 7 ਉਪਯੁਕਤ ਹਨ ।ਪਰਮਲ ਬੀਜਾਂ ਲਈ ਸੋਧ ਵਾਸਤੇ ਸਪਰਿੰਟ 75 ਡਬਲਿਊ ਐਸ ਦਵਾਈ ਅਤੇ ਬਾਸਮਤੀ ਬੀਜਾਂ ਲਈ ਟਰਾਈਕੋਡਰਮਾ ਅਤੇ ਸੂਡੋਮਨਾਸ ਅਤੇ ਇਫਕੋ ਬਾਇਓ ਕਨਸੋਰਸੀ਼ਆ ਦੀ ਪ੍ਰਤਿ ਕਿੱਲੋ ਬੀਜ ਲਈ 8-10 ਗ੍ਰਾਮ ਮਾਤਰਾ ਕਾਫੀ ਹੈ । ਇਸਤੋਂ ਪਹਿਲਾਂ ਨਿੱਗਰ ਬੀਜ ਹਾਸਿਲ ਕਰਨ ਲਈ ਬੀਜ ਨੂੰ ਲੂਣ ਵਾਲੇ ਪਾਣੀ ਚ ਡੁਬੋ ਕੇ ਸਿਰਫ ਡੁੱਬਿਆ ਰਹਿਣ ਵਾਲਾ ਬੀਜ ਹੀ ਵਰਤੋ ।ਤੈਰਨ ਵਾਲਾ ਬੀਜ ਪਾਸੇ ਕਰ ਦੇਣਾ ਚਾਹੀਦਾ ਹੈ ।ਨਿੱਗਰ ਬੀਜ ਨੂੰ ਲੂਣ ਵਾਲੇ ਪਾਣੀ ਚੋਂ ਕੱਢ ਕੇ ਚੰਗੀ ਤਰਾਂ ਧੋਕੇ ਫਿਰ ਸੋਧਣ ਵਾਲੀਆਂ ਦਵਾਈਆਂ ਲਾਓ ।ਬੀਜ ਮਾਤਰਾ ਪਰਮਲ ਕਿਸਮਾਂ ਲਈ 7-9 ਕਿੱਲੋ ਅਤੇ ਬਾਸਮਤੀ ਲਈ 5-7 ਕਿੱਲੋ ਨਿੱਗਰ ਬੀਜ ਕਾਫੀ ਹੈ । ਜ਼ਿਆਦਾ ਝਾੜ/ਬੂਟਾ ਮਾਰਨ ਵਾਲੀਆਂ ਕਿਸਮਾਂ ਦਾ ਬੀਜ ਘੱਟ ਮਾਤਰਾ ਚ ਵਰਤਣਾ ਹੈ ਤਾਂ ਜੋ ਫੋਕ ਪੱਤਲ ਜ਼ਿਆਦਾ ਨਾ ਆਵੇ ।ਸਿੱਧੀ ਬਿਜਾਈ ਕਰਨ ਦੇ  ਦੋ ਤਰੀਕੇ ਹਨ  ਲੱਕੀ ਸੀਡਰ ਡਰਿੱਲ ਅਤੇ ਡੀ ਐਸ ਆਰ ਡਰਿੱਲ ਪੀ ਏ ਯੂ ਦੇ @ਇੰਜੀਨਿਰਿੰਗ ਵਿਭਾਗ ਦੁਆਰਾ ਵਿਕਸਿਤ ਇਹ ਮਸ਼ੀਨ ਤਰ ਵੱਤਰ ਦੇ ਢੁਕਵੇਂ ਹਾਲਾਤਾਂ ਚ ਸਿੱਧੀ ਬਿਜਾਈ ਕਰਨ ਦੀ ਸਭ ਤੋਂ ਵਧੀਆ ਤਕਨੀਕ ਹੈ ਜੋ ਇੱਕ ਹੀ ਵਾਰ ਚ ਬੀਜ+ਖਾਦ ਕੇਰਦੀ ਅਤੇ ਦਵਾਈ ਸਪਰੇਅ ਕਰ ਦਿੰਦੀ ਹੈ ।ਤਰ ਵੱਤਰ ਬਿਜਾਈ ਸ਼ਾਮ ਵੇਲੇ ਕਰਨੀ ਹੁੰਦੀ ਹੈ ਅਤੇ ਪਹਿਲਾ ਪਾਣੀ 21 ਦਿਨ ਬਾਦ ਲੱਗਦਾ ਹੈ ਉਹ ਵੀ ਮੌਸਮ ਦੇਖ ਕੇ ਪਾਣੀ ਲੇਟ ਲੱਗਣ ਕਰਕੇ ਝੋਨੇ ਚ ਲੋਹੇ ਅਤੇ ਨਦੀਨਾਂ ਦੀ ਸਮੱਸਿਆ ਘੱਟ ਹੀ ਆਉਂਦੀ ਹੈ । ਇਸ ਮੌਕੇ ਰਾਜ ਖੇਤੀ ਸਟੋਰ, ਕੰਗ ਖੇਤੀ ਸਟੋਰ, ਮੱਖਣ ਸਿੰਘ, ਅਮਨਜੀਤ ਸਿੰਘ ,ਕਰਨ ਕੁਮਾਰ, ਬਲਰਾਜ ਸਿੰਘ, ਜੋਗਾ ਸਿੰਘ, ਅਤੇ ਪਿੰਡ ਦੇ ਅਗਾਂਹ ਵਧੂ ਕਿਸਾਨ ਹਾਜ਼ਰ ਸਨ।