ਗ੍ਰਾਮ ਪੰਚਾਇਤ ਆਮ ਚੋਣਾਂ-2024 ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਲਾਗੂ-ਜ਼ਿਲ੍ਹਾ ਚੋਣ ਅਫ਼ਸਰ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਗ੍ਰਾਮ ਪੰਚਾਇਤ ਆਮ ਚੋਣਾਂ-2024 ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਲਾਗੂ-ਜ਼ਿਲ੍ਹਾ ਚੋਣ ਅਫ਼ਸਰ
ਪੰਚਾਇਤੀ ਚੋਣਾਂ ਲਈ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਭਰਨ ਦਾ ਕੰਮ 27 ਸਤੰਬਰ ਤੋਂ ਹੋਵੇਗਾ ਸ਼ੁਰੂ
ਤਰਨ ਤਾਰਨ, 26 ਸਤੰਬਰ :
ਗ੍ਰਾਮ ਪੰਚਾਇਤ ਆਮ ਚੋਣਾਂ-2024 ਦੇ ਸਬੰਧ ਵਿੱਚ ਮਾਣਯੋਗ ਰਾਜ ਚੋਣ ਕਮਿਸ਼ਨ ਵੱਲੋਂ ਚੋਣਾਂ ਕਰਵਾਉਣ ਸਬੰਧੀ ਪ੍ਰੈਸ ਕਾਨਫਰੰਸ ਰਾਹੀਂ ਸੰਬੋਧਨ ਕਰਨ ਦੇ ਨਾਲ ਹੀ ਆਦਰਸ਼ ਚੋਣ ਜਾਬਤਾ ਲਾਗੂ ਹੋ ਗਿਆ ਹੈ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਗੁਲਪ੍ਰੀਤ ਸਿੰਘ ਨੇ ਕਿਹਾ ਕਿ ਇਹ ਚੋਣਾਂ ਕਰਵਾਉਣ ਸਬੰਧੀ ਜਾਰੀ ਮਿਤੀਆਂ ਅਨੁਸਾਰ ਮਿਤੀ 27 ਸਤੰਬਰ, 2024 ਤੋਂ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਭਰਨ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਲਈ ਜ਼ਿਲ੍ਹਾ ਤਰਨ ਤਾਰਨ ਦੇ ਅੱਠ ਬਲਾਕਾਂ ਵਿੱਚ ਵੱਖ-ਵੱਖ ਢੁਕਵੀਆਂ ਜਗ੍ਹਾਂਵਾਂ ਦੀ ਸ਼ਨਾਖਤ ਕੀਤੀ ਗਈ ਹੈ, ਜਿੱਥੇ ਕਿ ਨਾਮਜ਼ਦਗੀਆਂ ਦਾਖਲ ਕਰਨ ਲਈ ਉਮੀਦਵਾਰ ਪਹੁੰਚ ਕਰ ਸਕਦੇ ਹਨ।
ਉਹਨਾਂ ਦੱਸਿਆ ਕਿ ਬਲਾਕ ਤਰਨ ਤਾਰਨ ਦੀਆਂ ਨਾਮਜ਼ਦਗੀਆਂ ਬੀ. ਡੀ. ਪੀ. ਓ. ਦਫਤਰ ਬਲਾਕ ਤਰਨ ਤਾਰਨ ਵਿਖੇ ਬਲਾਕ ਦੇ ਕਲੱਸਟਰ ਨੰਬਰ 11 ਤੋਂ 21 ਤੱਕ, ਬਲਾਕ ਗੰਡੀਵਿੰਡ ਦੀਆਂ ਨਾਮਜ਼ਦਗੀਆਂ ਕਲੱਸਟਰ ਨੰਬਰ 22 ਤੋਂ 25 ਤੱਕ ਬਲਾਕ ਦਫਤਰ ਗੰਡੀਵਿੰਡ ਵਿਖੇ, ਬਲਾਕ ਖਡੂਰ ਸਾਹਿਬ ਦੀਆਂ ਨਾਮਜ਼ਦਗੀਆਂ ਕਲੱਸਟਰ ਨੰਬਰ 48 ਤੋਂ 54 ਤੱਕ ਗੁਰੂ ਅਰਜਨ ਦੇਵ ਕਾਲਜ ਖਡੂਰ ਸਾਹਿਬ ਵਿਖੇ, ਬਲਾਕ ਚੋਹਲਾ ਸਾਹਿਬ ਦੀਆਂ ਨਾਮਜ਼ਦਗੀਆਂ ਕਲੱਸਟਰ ਨੰਬਰ 01 ਤੋਂ 4 ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੋਹਲਾ ਸਾਹਿਬ (ਧੁੰਨ ਢਾਏ ਵਾਲਾ ਰੋਡ) ਵਿਖੇ, ਬਲਾਕ ਭਿੱਖੀਵਿੰਡ ਦੀਆਂ ਨਾਮਜ਼ਦਗੀਆਂ ਕਲੱਸਟਰ ਨੰਬਰ 33 ਤੋਂ 40 ਤੱਕ ਸਰਕਾਰੀ ਪੌਲੀਟੈਕਨੀਕਲ ਕਾਲਜ ਭਿੱਖੀਵਿੰਡ ਵਿਖੇ, ਬਲਾਕ ਵਲਟੋਹਾ ਦੀਆਂ ਨਾਮਜ਼ਦਗੀਆਂ ਕਲੱਸਟਰ ਨੰਬਰ 41 ਤੋਂ 47 ਤੱਕ ਦਫਤਰ ਬਲਾਕ ਵਲਟੋਹਾ ਵਿਖੇ, ਬਲਾਕ ਪੱਟੀ ਦੀਆਂ ਨਾਮਜ਼ਦਗੀਆਂ ਕਲੱਸਟਰ ਨੰਬਰ ਤੋਂ 26 ਤੱਕ 32 ਦਫਤਰ ਬਲਾਕ ਪੱਟੀ ਵਿਖੇ ਅਤੇ ਬਲਾਕ ਨੌਸ਼ਹਿਰਾ ਪੰਨੂਆਂ ਦੀਆਂ ਨਾਮਜ਼ਦਗੀਆਂ ਕਲੱਸਟਰ ਨੰਬਰ 05 ਤੋਂ 10 ਤੱਕ ਦਫਤਰ ਬਲਾਕ ਨੌਸ਼ਹਿਰਾ ਪੰਨੂਆਂ ਵਿਖੇ ਲਈਆਂ ਜਾਣਗੀਆਂ।
ਉਹਨਾਂ ਕਿਹਾ ਕਿ ਇਹ ਚੋਣਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜਾਉਣ ਲਈ ਜਿਲ੍ਹਾ ਤਰਨ ਤਾਰਨ ਦੇ ਅੱਠ ਬਲਾਕਾਂ ਲਈ ਵੱਖ-ਵੱਖ ਅਧਿਕਾਰੀ ਜਿੰਨ੍ਹਾਂ ਵਿੱਚ ਸਬ-ਡਵੀਜਨਲ ਮੈਜਿਸਟੇ੍ਰਟ, ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਬਤੌਰ ਏ. ਈ. ਆਰ. ਓ. ਤਾਇਨਾਤ ਕੀਤੇ ਗਏ ਹਨ।ਜ਼ਿਲ੍ਹਾ ਚੋਣ ਅਫ਼ਸਰ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਚੋਣਾਂ ਨੂੰ ਸ਼ਾਤਮਈ ਢੰਗ ਨਾਲ ਮੁਕੰਮਲ ਕਰਵਾਉਣ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਦੇਣ ਅਤੇ ਨਾਲ-ਨਾਲ ਆਪਣੇ ਵੋਟ ਦੇ ਹੱਕ ਦੀ ਵਰਤੋਂ ਵੱਧ ਚੜ ਕੇ ਕਰਨ।