ਬੰਦ ਕਰੋ

ਆਤਿਸ਼ਬਾਜੀ ਚਲਾਉਣ/ਵਰਤੋਂ ਕਰਨ ਸਬੰਧੀ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪਾਬੰਦੀ ਦੇ ਹੁਕਮ ਜਾਰੀ

ਪ੍ਰਕਾਸ਼ਨ ਦੀ ਮਿਤੀ : 23/10/2024

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਆਤਿਸ਼ਬਾਜੀ ਚਲਾਉਣ/ਵਰਤੋਂ ਕਰਨ ਸਬੰਧੀ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪਾਬੰਦੀ ਦੇ ਹੁਕਮ ਜਾਰੀ
ਤਰਨ ਤਾਰਨ, 23 ਅਕਤੂਬਰ :
ਜ਼ਿਲ੍ਹਾ ਮੈਜਿਸਟਰੇਟ, ਤਰਨ ਤਾਰਨ ਸ੍ਰੀ ਪਰਮਵੀਰ ਸਿੰਘ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਾਰੀ ਹੁਕਮ ਦੁਆਰਾ ਜ਼ਿਲ੍ਹਾ ਤਰਨ ਤਾਰਨ ਦੀ ਹਦੂਦ ਅੰਦਰ ਮਿਤੀ 31 ਅਕਤੂਬਰ, 2024 (ਦਿਵਾਲੀ ਦੇ ਦਿਨ) ਸ਼ਾਮ 08:00 ਵਜੇ ਤੋਂ ਰਾਤ 10:00 ਵਜੇ ਤੱਕ ਅਤੇ ਮਿਤੀ 15 ਨਵੰਬਰ, 2024 (ਗੁਰਪੁਰਬ ਦੇ ਦਿਨ) ਨੂੰ ਸਵੇਰੇ 4 ਵਜੇ ਤੋਂ ਸਵੇਰੇ 5 ਵਜੇ ਤੱਕ ਅਤੇ ਰਾਤ 09:00 ਵਜੇ ਤੋਂ ਰਾਤ 10:00 ਵਜੇ ਤੱਕ, ਕ੍ਰਿਸਮਿਸ ਵਾਲੇ ਦਿਨ ਮਿਤੀ 25 ਦਸੰਬਰ, 2024 ਅਤੇ ਨਵੇਂ ਸਾਲ ਦੇ ਮੌਕੇ ‘ਤੇ ਮਿਤੀ 31 ਦਸੰਬਰ, 2024 ਦੀ ਰਾਤ ਨੂੰ 11:55 ਵਜੇ ਤੋਂ ਸਵੇਰੇ 12:30 ਤੱਕ ਦੇ ਸਮੇਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਆਤਿਸ਼ਬਾਜੀ ਚਲਾਉਣ/ਵਰਤੋਂ ਕਰਨ ‘ਤੇ ਮੁਕੰਮਲ ਪਾਬੰਦੀ ਲਗਾਈ ਹੈ।
ਇਸ ਤੋਂ ਇਲਾਵਾ ਸਾਈਲੈਂਸ ਜ਼ੋਨ ਜਿਵੇਂ ਕਿ ਸਰਕਾਰੀ ਦਫਤਰਾਂ, ਜੰਗਲਾਤ, ਹਸਪਤਾਲਾਂ, ਵਿੱਦਿਅਕ ਸੰਸਥਾਵਾਂ, ਅਦਾਲਤਾਂ, ਧਾਰਮਿਕ ਸੰਸਥਾਵਾਂ ਜਾਂ ਕੋਈ ਏਰੀਆ ਜਿਹੜਾ ਕਿ ਸਮਰੱਥ ਅਧਿਕਾਰੀ ਵੱਲੋ ਸਾਈਲੈਂਸ ਜ਼ੋਨ ਐਲਾਨਿਆ ਗਿਆ ਹੋਵੇ, ਦੇ 100 ਮੀਟਰ ਦੇ ਘੇਰੇ ਵਿੱਚ ਆਤਿਸ਼ਬਾਜੀ/ਪਟਾਕਿਆਂ ਨੂੰ ਚਲਾਉਣ ਤੇ ਵੀ ਮੁਕੰਮਲ ਪਾਬੰਦੀ ਲਗਾਈ ਗਈ ਹੈ।