ਵਾਤਾਵਰਣ ਤੇ ਪਰਾਲੀ ਪ੍ਰਬੰਧਨ ਵਿਸ਼ੇ ‘ਤੇ ਸਰਕਾਰੀ ਸੈਕੰਡਰੀ ਸਮਾਰਟ ਸਕੂਲ, ਸਭਰਾਂ ਵਿਖੇ ਜਾਣਕਾਰੀ ਦਿੱਤੀ ਗਈ।
ਪ੍ਰਕਾਸ਼ਨ ਦੀ ਮਿਤੀ : 29/10/2024

ਵਾਤਾਵਰਣ ਤੇ ਪਰਾਲੀ ਪ੍ਰਬੰਧਨ ਵਿਸ਼ੇ ‘ਤੇ ਸਰਕਾਰੀ ਸੈਕੰਡਰੀ ਸਮਾਰਟ ਸਕੂਲ, ਸਭਰਾਂ ਵਿਖੇ ਜਾਣਕਾਰੀ ਦਿੱਤੀ ਗਈ।
ਵਿਦਿਆਰਥੀਆਂ ਦਾ ਸਕੂਲੀ ਸਿੱਖਿਆ ਦੇ ਨਾਲ ਨਾਲ ਆਪਣੇ ਚੌਗਿਰਦੇ ਦੀਆਂ ਮੁਸ਼ਕਿਲਾਂ ਪ੍ਰਤੀ ਸੁਚੇਤ ਹੋਣਾ ਜ਼ਰੂਰੀ : ਡਾ ਭੁਪਿੰਦਰ ਸਿੰਘ ਏਓ
ਤਰਨਤਾਰਨ 28 ਅਕਤੂਬਰ
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਆਈਏਐਸ ਦੇ ਦਿਸ਼ਾ ਨਿਰਦੇਸ਼ ਅਤੇ ਮੁੱਖ ਖੇਤੀਬਾੜੀ ਅਫਸਰ ਤਰਨ ਤਾਰਨ ਡਾ ਹਰਪਾਲ ਸਿੰਘ ਪੰਨੂ ਦੀ ਦੇਖ ਰੇਖ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੱਟੀ ਨੇ ਸੂਚਨਾ, ਸਿੱਖਿਆ ਅਤੇ ਪ੍ਰਸਾਰ ਗਤੀਵਿਧੀਆਂ ਸਬੰਧੀ ਸਰਕਾਰੀ ਸੈਕੰਡਰੀ ਸਮਾਰਟ ਸਕੂਲ ਸਭਰਾਂ ਵਿਖੇ ਵਾਤਾਵਰਨ ਅਤੇ ਪਰਾਲੀ ਪ੍ਰਬੰਧਨ ਵਿਸ਼ੇ ਤੇ ਜਾਣਕਾਰੀ ਦਿੱਤੀ। ਇਸ ਮੌਕੇ ਸਕੂਲੀ ਵਿਦਿਆਰਥੀਆਂ ਦੁਆਰਾ ਵਾਤਾਵਰਨ ਅਤੇ ਪਰਾਲੀ ਪ੍ਰਬੰਧਨ ਵਿਸ਼ੇ ਤੇ ਭਾਸ਼ਣ ,ਕਵਿਤਾ, ਕਵੀਸ਼ਰੀ, ਪੇਂਟਿੰਗ, ਨੁੱਕੜ ਨਾਟਕ ਆਦਿ ਪੇਸ਼ਕਾਰੀ ਦੀ ਸ਼ਲਾਘਾ ਕਰਦਿਆਂ ਡਾ ਭੁਪਿੰਦਰ ਸਿੰਘ ਬਲਾਕ ਖੇਤੀਬਾੜੀ ਅਫਸਰ, ਪੱਟੀ ਨੇ ਆਸ ਪ੍ਰਗਟਾਈ ਕਿ ਵਿਦਿਆਰਥੀ ਆਪਣੀ ਸਕੂਲੀ ਪੜ੍ਹਾਈ ਦੇ ਨਾਲ ਨਾਲ ਆਪਣੇ ਚੁਗਿਰਦੇ ਦੀਆਂ ਮੁਸ਼ਕਿਲਾਂ ਖਾਸ ਤੌਰ ਤੇ ਵਾਤਾਵਰਨ ਪ੍ਰਤੀ ਸੁਚੇਤ ਹੋ ਕੇ ਇਸ ਦੀ ਸਵੱਛਤਾ ਦੇ ਲਈ ਆਪ ਅਤੇ ਆਪਣੇ ਸਕੇ ਸਬੰਧੀਆਂ ਨੂੰ ਸੁਚੇਤ ਕਰਦੇ ਰਹਿਣਗੇ। ਉਹਨਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੇ
ਤਿਉਹਾਰਾਂ ਨੂੰ ਪ੍ਰਦੂਸ਼ਣ ਰਹਿਤ ਮਨਾਉਣ। ਉਨਾਂ ਪਰਾਲੀ ਪ੍ਰਬੰਧਨ ਤੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਖੇਤੀ ਕੁਦਰਤ ਤੇ ਨਿਰਭਰ ਹੈ ਅਤੇ ਮਿੱਟੀ, ਪਾਣੀ, ਹਵਾ ਅਤੇ ਜੈਵਿਕ ਵੰਨ ਸੁਵੰਨਤਾ ਇਸ ਦੇ ਅਹਿਮ ਅੰਗ ਹਨ। ਪਰਾਲੀ ਨੂੰ ਲਗਾਏ ਲਾਂਬੂ ਇਸ ਵਿਚ ਵਿਗਾੜ ਪੈਦਾ ਕਰ ਦਿੰਦੇ ਹਨ ਜਿਸ ਨਾਲ ਧਰਤੀ ਦੀ ਉਪਜਾਉ ਸ਼ਕਤੀ ਘੱਟ ਜਾਂਦੀ ਹੈ ਅਤੇ ਹਵਾ ਵਿੱਚ ਜਹਿਰੀਲੀਆਂ ਗੈਸਾਂ ਮਿਲ ਜਾਂਦੀਆਂ ਹਨ। ਇਸ ਤਰ੍ਹਾਂ ਕਰਨ ਨਾਲ ਖੇਤੀ ਖਰਚੇ ਤਾਂ ਵੱਧਦੇ ਹੀ ਹਨ ਉੱਥੇ ਸਰੀਰਕ ਬਿਮਾਰੀਆਂ ਵਿੱਚ ਵੀ ਵਾਧਾ ਦੇਖਣ ਨੂੰ ਮਿਲਦਾ ਹੈ। ਉਹਨਾਂ ਕਿਹਾ ਕਿ ਚੰਗੇ ਭਵਿੱਖ ਲਈ ਵਿਦਿਆਰਥੀ ਆਪਣੇ ਮਾਤਾ -ਪਿਤਾ ਅਤੇ ਨਜ਼ਦੀਕੀਆਂ ਨੂੰ ਪਰਾਲੀ ਸਾੜਨ ਤੋਂ ਹੁੰਦੇ ਨੁਕਸਾਨ ਬਾਰੇ ਦੱਸਣ। ਇਸ ਮੌਕੇ ਸਰਕਲ ਇੰਚਾਰਜ ਅਮਨਦੀਪ ਸਿੰਘ ਏਈਓ ਨੇ ਮਸ਼ੀਨਰੀ ਕਿਰਾਏ ਤੇ ਦੇਣ ਜਾਂ ਲੈਣ ਲਈ ਉੱਨਤ ਕਿਸਾਨ ਐਪ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਪ੍ਰੋਗਰਾਮ ਦੌਰਾਨ ਪੰਜਾਬੀ ਅਧਿਆਪਕਾ ਸੁਖਰੀਤ ਕੌਰ ਨੇ ਸਟੇਜ ਸੰਚਾਲਕ ਦੀ ਭੂਮਿਕਾ ਬਾਖੂਬੀ ਨਿਭਾਉਂਦਿਆਂ ਅਪੀਲ ਕੀਤੀ ਕਿ ਚੰਗੇ ਭਵਿੱਖ ਲਈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਹੰਭਲਾ ਮਾਰਨਾ ਪਵੇਗਾ।ਇਸ ਮੌਕੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਰਾਜਵਿੰਦਰ ਕੌਰ, ਲੈਕਚਰਾਰ ਜਸਵਿੰਦਰ ਸਿੰਘ, ਲੈਕਚਰਾਰ ਮਨਦੀਪ ਸਿੰਘ,ਖੇਤੀਬਾੜੀ ਉਪ ਨਿਰੀਖਕ ਰਣਜੀਤ ਸਿੰਘ , ਗੁਰਸਿਮਰਨ ਸਿੰਘ ,ਕਮਲਜੋਤ ਸਿੰਘ, ਮੈਡਮ ਕੁਲਬੀਰ ਕੌਰ, ਜਸਵੀਰ ਕੌਰ ਅਤੇ ਮੌਜੂਦ ਵਿਦਿਆਰਥੀਆਂ ਨੇ ਸਹਿਯੋਗ ਅਤੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਭਾਗ ਲੈਣ ਵਾਲੇ ਵਿਦਿਆਰਥੀ ਤੇ ਵਿਦਿਆਰਥਣਾਂ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਸਨਮਾਨ ਪੱਤਰ ਅਤੇ ਮਮੈਂਟੋ ਦੇ ਕੇ ਨਿਵਾਜਿਆ। ਇਸ ਮੌਕੇ ਸਰਪੰਚ ਅਵਤਾਰ ਸਿੰਘ ਅਤੇ ਨਗਰ ਦੀ ਸਮੂਹ ਪੰਚਾਇਤ ਨੇ ਵਿਸ਼ਵਾਸ ਦਿਵਾਇਆ ਕਿ ਉਹ ਇਲਾਕੇ ਵਿੱਚ ਕਿਸਾਨਾਂ ਨੂੰ ਵਾਤਾਵਰਨ ਅਤੇ ਪਰਾਲੀ ਪ੍ਰਬੰਧਨ ਸਬੰਧੀ ਜਾਗਰੂਕ ਕਰਨਗੇ ਅਤੇ ਪਿੰਡ ਨੂੰ ਭਵਿੱਖ ਵਿੱਚ ਅੱਗ ਮੁਕਤ ਕਰਨਗੇ।