ਬੰਦ ਕਰੋ

ਕੁਦਰਤ ਪੱਖੀ ਤਕਨੀਕਾਂ ਨੂੰ ਅਪਣਾ ਕੇ ਰਸਾਇਣਕ ਖਾਦਾਂ ਤੇ ਨਿਰਭਰਤਾ ਘਟਾਈ ਜਾਵੇ: ਡਾ ਭੁਪਿੰਦਰ ਸਿੰਘ ਏਓ

ਪ੍ਰਕਾਸ਼ਨ ਦੀ ਮਿਤੀ : 04/11/2024

ਕੁਦਰਤ ਪੱਖੀ ਤਕਨੀਕਾਂ ਨੂੰ ਅਪਣਾ ਕੇ ਰਸਾਇਣਕ ਖਾਦਾਂ ਤੇ ਨਿਰਭਰਤਾ ਘਟਾਈ ਜਾਵੇ: ਡਾ ਭੁਪਿੰਦਰ ਸਿੰਘ ਏਓ

ਸਮਾਰਟ ਸੀਡਰ ਕਣਕ ਬਿਜਾਈ ਲਈ ਸੌਖੀ, ਸਸਤੀ ਅਤੇ ਵਧੀਆ ਤਕਨੀਕ ਹੈ : ਕਿਸਾਨ ਜੁਗਰਾਜ ਸਿੰਘ
ਤਰਨ ਤਾਰਨ 04 ਨਵੰਬਰ:
ਡਿਪਟੀ ਕਮਿਸ਼ਨਰ ਤਰਨ ਤਰਨ ਸ੍ਰੀ ਰਾਹੁਲ ਆਈਏਐਸ ਦੇ ਦਿਸ਼ਾ ਨਿਰਦੇਸ਼ ਅਤੇ ਮੁੱਖ ਖੇਤੀਬਾੜੀ ਅਫਸਰ ਤਰਨ ਤਾਰਨ ਡਾ ਹਰਪਾਲ ਸਿੰਘ ਪੰਨੂ ਦੀ ਦੇਖ ਰੇਖ-ਹੇਠ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਸਬੰਧੀ ਉਤਸਾਹਿਤ ਕਰਨ ਹਿੱਤ ਬਲਾਕ ਖੇਤੀਬਾੜੀ ਅਫਸਰ, ਪੱਟੀ ਡਾ ਭੁਪਿੰਦਰ ਸਿੰਘ , ਹਰਮਨਦੀਪ ਕੌਰ ਏਡੀਓ, ਗੁਰਪ੍ਰੀਤ ਸਿੰਘ ਬੀਟੀਐਮ ਅਤੇ ਗੁਰਸਿਮਰਨ ਸਿੰਘ ਖੇਤੀ ਉਪ ਨਿਰੀਖਕ ਨੇ ਪਿੰਡ ਭੱਗੂਪੁਰ ਵਿਖੇ ਸਮਾਰਟ ਸੀਡਰ ਮਸ਼ੀਨ ਨਾਲ ਬਿਜਾਈ ਕਰ ਰਹੇ ਖੇਤ ਦਾ ਨਿਰੀਖਣ ਕੀਤਾ। ਨਿਰੀਖਣ ਦੌਰਾਨ 85 ਏਕੜ ਦੀ ਸਾਂਝੀ ਖੇਤੀ ਕਰ ਰਹੇ ਜੁਗਰਾਜ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਪ੍ਰੇਰਨਾ ਸਦਕਾ 2018 ਤੋਂ ਆਪਣਾ ਹੈਪੀਸੀਡਰ ਲੈ ਕੇ ਕਣਕ ਦੀ ਬਿਜਾਈ ਸ਼ੁਰੂ ਕੀਤੀ ਸੀ। ਸ਼ੁਰੂਆਤੀ ਦੌਰ ਵਿੱਚ ਭਾਵੇਂ ਇਹ ਮਜਬੂਰੀ ਦਾ ਕੰਮ ਲੱਗਿਆ ਪਰ ਵਧੀਆ ਨਤੀਜੇ ਮਿਲਣ ਤੇ ਲਗਾਤਾਰ ਪੰਜ ਸਾਲ ਤੋਂ ਹੈਪੀ ਸੀਡਰ ਨਾਲ ਬਿਜਾਈ ਕੀਤੀ। ਜਦ ਕਿ ਪਿਛਲੇ ਸਾਲ ਕੁਝ ਰਕਬੇ ਤੇ ਸੁਪਰ ਸੀਡਰ ਅਤੇ ਖੇਤੀਬਾੜੀ ਵਿਭਾਗ ਦੀ ਪ੍ਰੇਰਨਾ ਨਾਲ ਸਮਾਰਟ ਸੀਡਰ ਨਾਲ ਵੀ ਬਿਜਾਈ ਕਰਨ ਦਾ ਤਜ਼ਰਬਾ ਕੀਤਾ। ਮਿਲੇ ਤਜਰਬੇ ਤੋਂ ਮਹਿਸੂਸ ਹੋਇਆ ਕਿ ਸਮਾਰਟ ਸੀਡਰ , ਹੈਪੀ ਸੀਡਰ ਅਤੇ ਸੁਪਰ ਸੀਡਰ ਤਕਨੀਕ ਦਾ ਸੁਮੇਲ ਹੈ ਅਤੇ ਪਰਾਲੀ ਪ੍ਰਬੰਧਨ ਕਰਦਿਆਂ ਕਣਕ ਦੀ ਬਿਜਾਈ ਲਈ ਇਹ ਸੌਖੀ, ਸਸਤੀ ਅਤੇ ਵਧੀਆ ਤਕਨੀਕ ਹੈ। ਇਸ ਤਕਨੀਕ ਦੀ ਵਰਤੋਂ ਨਾਲ ਤਿੰਨ ਤੋਂ ਚਾਰ ਲਿਟਰ ਡੀਜਲ ਦੀ ਲਾਗਤ ਨਾਲ ਇਕ ਘੰਟੇ ਵਿੱਚ ਇੱਕ ਏਕੜ ਦੀ ਬਿਜਾਈ ਹੋ ਜਾਂਦੀ ਹੈ । ਇਸ ਦੇ ਫਾਇਦਿਆਂ ਨੂੰ ਸਮਝਦਿਆਂ ਸਾਂਝੀ ਖੇਤੀ ਲਈ ਸੀਆਰਐਮ ਸਕੀਮ ਤਹਿਤ ਸਮਾਰਟ ਸੀਡਰ ਆਨਲਾਈਨ ਅਪਲਾਈ ਕੀਤੀ ਅਤੇ ਡਰਾਅ ਨਿਕਲਣ ਤੇ ਆਪਣੀ ਖਰੀਦ ਲਈ ਹੈ। ਉਸਦੇ ਦੱਸਣ ਅਨੁਸਾਰ ਉਸਦੇ ਭਾਈਚਾਰੇ ਨੇ ਲੱਗਭਗ 80 ਏਕੜ ਵਿੱਚ ਸਮਾਰਟ ਸੀਡਰ ਨਾਲ ਕਣਕ ਦੀ ਬਿਜਾਈ ਕਰਨ ਦਾ ਮਨ ਬਣਾਇਆ ਹੈ ਅਤੇ ਜਿੱਥੇ ਵੱਤਰ ਨਹੀਂ ਹੈ ਉੱਥੇ ਪੰਜ ਏਕੜ ਵਿੱਚ ਗੱਠਾਂ ਬਣਾ ਲਈਆਂ ਹਨ। ਉਸਦੇ ਕਹਿਣ ਅਨੁਸਾਰ ਲਗਾਤਾਰ ਫਸਲਾਂ ਦੀ ਰਹਿੰਦ ਖੂੰਹਦ ਨੂੰ ਖੇਤ ਵਿੱਚ ਰੱਖਣ ਨਾਲ ਕਣਕ ਅਤੇ ਝੋਨੇ ਦਾ ਝਾੜ ਚੰਗਾ ਮਿਲ ਰਿਹਾ ਹੈ। ਇਸ ਮੌਕੇ ਡਾ ਭੁਪਿੰਦਰ ਸਿੰਘ ਏਓ ਨੇ ਦੂਜੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਬਿਨਾਂ ਸਮਾਂ ਗੁਆਏ ਸਾਨੂੰ ਆਂਢ ਗੁਆਂਢ ਅਪਣਾਈਆਂ ਜਾ ਰਹੀਆਂ ਕੁਦਰਤ ਪੱਖੀ ਤਕਨੀਕਾਂ ਨੂੰ ਸਮਝ ਕੇ ਇਹਨਾਂ ਨੂੰ ਆਪਣੇ ਖੇਤਾਂ ਵਿੱਚ ਅਪਣਾਉਣਾ ਚਾਹੀਦਾ ਹੈ ਤਾਂ ਜੋ ਰਸਾਇਣਕ ਖਾਦਾਂ ਤੇ ਨਿਰਭਰਤਾ ਘੱਟ ਸਕੇ।ਗੱਲਬਾਤ ਦੌਰਾਨ ਜੁਗਰਾਜ ਸਿੰਘ ਨੇ ਦੱਸਿਆ ਕਿ ਵੇਖੋ ਵੇਖੀ ਕਿਸਾਨ ਇਹਨਾਂ ਤਕਨੀਕਾਂ ਨੂੰ ਸਮਝ ਕੇ ਅਪਣਾ ਰਹੇ ਹਨ ਕਿਉਂਕਿ ਉਹ ਵੀ ਸਮਝਦੇ ਹਨ ਕਿ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਇਆ ਖੇਤੀ ਖਰਚੇ ਵਧਦੇ ਹਨ। ਇਸ ਮੌਕੇ ਮਿੱਟੀ ਦੇ ਸੈਂਪਲ ਲੈਣ ਸਮੇਂ ਜਾਣਕਾਰੀ ਦਿੱਤੀ ਗਈ ਕਿ ਖੇਤੀ ਮਾਹਿਰਾਂ ਦੀ ਸਲਾਹ ਅਨੁਸਾਰ ਡੀ ਏ ਪੀ ਦੇ ਬਦਲ ਵਜੋਂ ਹੋਰ ਫਾਸਫੋਰਸ ਤੱਤ ਵਾਲੀਆਂ ਖ਼ਾਦਾਂ ਨੂੰ ਬਦਲਵੇਂ ਸਰੋਤ ਵਜੋਂ ਵਰਤਿਆ ਜਾਵੇ।ਉਹਨਾਂ ਕਿਹਾ ਕਿ ਕਣਕ ਦੀ ਕਾਸ਼ਤ ਲਈ ਕਿਸਾਨ ਐਨ ਪੀ ਕੇ (12:32 :16) ਦਾ ਡੇਢ ਬੈਗ ਜਾਂ ਸਿੰਗਲ ਸੁਪਰ ਫਾਸਫੇਟ ਦੇ ਤਿੰਨ ਬੈਗ ਵਰਤ ਕੇ ਫਾਸਫੋਰਸ ਦੀ ਲੋੜ ਨੂੰ ਪੂਰਾ ਕਰ ਸਕਦੇ ਹਨ। ਇਸ ਮੌਕੇ ਸੁਖਦੇਵ ਸਿੰਘ, ਬਿਕਰਮ ਸਿੰਘ, ਫੀਲਡ ਵਰਕਰ ਬਲਜੀਤ ਕੌਰ ਗੁਰਲਾਲ ਸਿੰਘ ਨੇ ਸਹਿਯੋਗ ਤੇ ਜਾਣਕਾਰੀ ਸਾਂਝੀ ਕੀਤੀ