ਡੀ. ਏ. ਪੀ ਦੀਆਂ ਬਦਲਵੀਆਂ ਖਾਦਾਂ ਤੋਂ ਵੀ ਮਿਲਦੇ ਹਨ ਫਸਲਾਂ ਲਈ ਬਹੁਤ ਜ਼ਰੂਰੀ ਤੱਤ-ਮੁੱਖ ਖੇਤੀਬਾੜੀ ਅਫਸਰ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਡੀ. ਏ. ਪੀ ਦੀਆਂ ਬਦਲਵੀਆਂ ਖਾਦਾਂ ਤੋਂ ਵੀ ਮਿਲਦੇ ਹਨ ਫਸਲਾਂ ਲਈ ਬਹੁਤ ਜ਼ਰੂਰੀ ਤੱਤ-ਮੁੱਖ ਖੇਤੀਬਾੜੀ ਅਫਸਰ
ਤਰਨ ਤਾਰਨ, 13 ਨਵੰਬਰ :
ਮੁੱਖ ਖੇਤੀਬਾੜੀ ਅਫਸਰ, ਤਰਨ ਤਾਰਨ ਡਾ. ਹਰਪਾਲ ਸਿੰਘ ਪੰਨੂ ਨੇ ਕਿਸਾਨ ਭਰਾਵਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਡੀ. ਏ. ਪੀ. ਖਾਦ ਦੇ ਅਯਾਤ ਵਿੱਚ ਮੁਸ਼ਕਿਲ ਆਉਣ ਕਾਰਨ ਇਸ ਖਾਦ ਦੇ ਮਿਲਣ ਵਿੱਚ ਦਿੱਕਤ ਪੰਜਾਬ ਵਿੱਚ ਹੀ ਨਹੀਂ ਸਗੋਂ ਪੂਰੇ ਭਾਰਤ ਵਿੱਚ ਆ ਰਹੀ ਹੈ।ਜ਼ਿਲੇ ਵਿੱਚ ਕਣਕ ਦੀ ਬਿਜਾਈ ਜੋਰਾਂ ‘ਤੇ ਹੈ ਅਤੇ ਮੌਸਮ ਵੀ ਕਣਕ ਦੀ ਬਿਜਾਈ ਲਈ ਢੁੱਕਵਾਂ ਹੈ ਇਸ ਲਈ ਕਿਸਾਨ ਵੀਰ ਕਣਕ ਦੀ ਬਿਜਾਈ ਵਿੱਚ ਦੇਰੀ ਨਾ ਕਰਦੇ ਹੋਏ ਡੀ. ਏ. ਪੀ. ਦੀਆਂ ਬਦਲਵੀਆਂ ਖਾਦਾਂ ਜਿਵੇਂ ਕਿ ਸਿੰਗਲ ਸੁਪਰ ਫਾਸਫੇਟ, ਟਰੀਪਲ ਸੁਪਰ ਫਾਸਫੇਟ, ਐਨ.ਪੀ.ਕੇ ਦੀ ਵਰਤੋਂ ਕਰਕੇ ਕਣਕ ਦੀ ਸਮੇਂ ਸਿਰ ਬਿਜਾਈ ਕਰਨ ।
ਉਹਨਾਂ ਦੱਸਿਆ ਕਿ ਹੋਏ ਡੀ. ਏ. ਪੀ. ਦੀਆਂ ਬਦਲਵੀਆਂ ਖਾਦਾਂ ਵਿੱਚ ਫਾਸਫੋਰਸ ਦੇ ਨਾਲ-ਨਾਲ ਹੋਰ ਵੀ ਜ਼ਰੂਰੀ ਤੱਤ ਹੁੰਦੇ ਹਨ ਜੋ ਕਿ ਫਸਲਾਂ ਲਈ ਬਹੁਤ ਜ਼ਰੂਰੀ ਹੁੰਦੇ ਹਨ। ਉਦਾਹਰਨ ਦੇ ਤੌਰ ਤੇ ੳੇੁਹਨਾਂ ਦੱਸਿਆ ਕਿ ਡੀ. ਏ. ਪੀ ਵਿੱਚ 18 ਕਿਲੋਗ੍ਰਾਮ ਨਾਈਟਰੋਜਨ ਅਤੇ 46 ਕਿਲੋਗ੍ਰਾਮ ਫਾਸਫੋਰਸ ਕੁਇੰਟਲ ਪਿੱਛੇ ਹੁੰਦੀ ਹੈ, ਡੀ. ਏ. ਪੀ. ਦੀ ਬਦਲਵੀਂ ਖਾਦ ਸਿੰਗਲ ਸੁਪਰ ਫਾਸਫੇਟ ਵਿੱਚ 16 ਕਿਲੋਗ੍ਰਾਮ ਫਾਸਫੋਰਸ, 18 ਕਿਲੋਗ੍ਰਾਮ ਕੈਲਸ਼ੀਅਮ ਅਤੇ 12 ਕਿਲੋਗ੍ਰਾਮ ਸਲਫਰ ਤੱਤ ਹੁੰਦੇ ਹਨ ਜੋ ਕਿ ਫਸਲਾਂ ਲਈ ਬਹੁਤ ਜ਼ਰੂਰੀ ਹਨ।
ਉਹਨਾਂ ਦੱਸਿਆ ਕਿ ਪੌਦੇ ਦੇ ਵਾਧੇ ਲਈ ਕੁੱਲ 17 ਵੱਡੇ ਅਤੇ ਛੋਟੇ ਤੱਤ ਜ਼ਰੂਰੀ ਹੁੰਦੇ ਹਨ।ਸਿੰਗਲ ਸੁਪਰ ਫਾਸਫੇਟ ਦੀ ਵਰਤੋਂ ਕਰਨ ਨਾਲ ਇੱਕ ਖਾਦ ਵਿੱਚੋਂ 3 ਜ਼ਰੂਰੀ ਤੱਤ ਮਿਲ਼ ਰਹੇ ਹਨ।ਇਹ ਖਾਦਾਂ ਮਾਰਕੀਟ ਵਿੱਚ ਉਪਲੱਬਧ ਹਨ, ਇਸ ਲਈ ਕਿਸਾਨ ਵੀਰ ਸਿੰਗਲ ਸੁਪਰ ਫਾਸਫੇਟ, ਟਰੀਪਲ ਸੁਪਰ ਫਾਸਫੇਟ (0:46:0) ਨਾਲ 15-20 ਕਿਲੋ ਯੂਰੀਆ ਦੀ ਬਿਜਾਈ ਵੇਲੇ ਅਤੇ ਐਨ. ਪੀ. ਕੇ (12:32:16), (10:26:26) ਦੀ ਵਰਤੋਂ ਕਰਕੇ ਕਣਕ ਦੀ ਬਿਜਾਈ ਕਰ ਸਕਦੇ ਹਨ ।