ਰਾਜ ਚੋਣ ਕਮਿਸ਼ਨ ਵੱਲੋਂ ਨਗਰ ਨਿਗਮ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਆਮ ਚੋਣਾਂ-2025 ਸਬੰਧੀ ਵੋਟਰ ਸੂਚੀਆਂ ਤਿਆਰ ਕਰਨ ਲਈ ਪ੍ਰੋਗਰਾਮ ਜਾਰੀ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਰਾਜ ਚੋਣ ਕਮਿਸ਼ਨ ਵੱਲੋਂ ਨਗਰ ਨਿਗਮ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਆਮ ਚੋਣਾਂ-2025 ਸਬੰਧੀ ਵੋਟਰ ਸੂਚੀਆਂ ਤਿਆਰ ਕਰਨ ਲਈ ਪ੍ਰੋਗਰਾਮ ਜਾਰੀ
ਤਰਨ ਤਾਰਨ, 22 ਜਨਵਰੀ :
ਮਾਣਯੋਗ ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਸੂਬੇ ਵਿੱਚ ਨਗਰ ਨਿਗਮ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਆਮ ਚੋਣਾਂ-2025 ਕਰਵਾਉਣ ਲਈ ਯੋਗਤਾ ਮਿਤੀ 01 ਜਨਵਰੀ 2025 ਦੇ ਅਧਾਰ ‘ਤੇ ਵੋਟਰ ਸੂਚੀਆਂ ਤਿਆਰ ਕਰਨ ਲਈ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ, ਤਰਨ ਤਾਰਨ ਸ੍ਰੀ ਰਾਹੁਲ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਡਰਾਫ਼ਟ ਵੋਟਰ ਸੂਚੀਆਂ (ਯੋਗਤਾ ਮਿਤੀ 01 ਜਨਵਰੀ 2025 ਦੇ ਅਧਾਰ ‘ਤੇ) ਮਿਤੀ 20 ਜਨਵਰੀ 2025 ਤੋਂ 24 ਜਨਵਰੀ 2025 ਤੱਕ ਤਿਆਰ ਕੀਤੀਆਂ ਜਾਣਗੀਆਂ। ਇਸ ਤੋਂ ਬਾਅਦ 25 ਜਨਵਰੀ 2025 ਨੂੰ ਡਰਾਫ਼ਟ ਵੋਟਰ ਸੂਚੀਆਂ ਦੀ ਪ੍ਰਕਾਸ਼ਨਾਂ ਕੀਤੀ ਜਾਵੇਗੀ ਅਤੇ ਮਿਤੀ 27 ਜਨਵਰੀ ਤੋਂ 3 ਫਰਵਰੀ 2025 ਤੱਕ ਵੋਟਰ ਸੂਚੀਆਂ ਸਬੰਧੀ ਦਾਅਵੇ ਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ 11 ਫਰਵਰੀ 2025 ਤੱਕ ਦਾਅਵੇ ਤੇ ਇਤਰਾਜ਼ਾਂ ਨੂੰ ਦੂਰ ਕੀਤਾ ਜਾਵੇਗਾ ਅਤੇ ਇਸ ਉਪਰੰਤ 14 ਫਰਵਰੀ 2025 ਨੂੰ ਵੋਟਰ ਸੂਚੀਆਂ ਦੀ ਫਾਈਨਲ ਪ੍ਰਕਾਸ਼ਨਾਂ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਪਰੋਕਤ ਜਾਰੀ ਪ੍ਰੋਗਰਾਮ ਅਨੁਸਾਰ ਨਵੀਆਂ ਵੋਟਾਂ ਬਣਾਉਣ, ਕਟਾਉਣ ਜਾਂ ਕਿਸੇ ਕਿਸਮ ਦੀ ਸੋਧ ਲਈ ਫਾਰਮ ਨੰਬਰ 7, 8 ਅਤੇ 9 ਭਰੇ ਜਾਣਗੇ ਅਤੇ ਇਹ ਫਾਰਮ ਸਬੰਧਿਤ ਨਗਰ ਨਿਗਮ, ਨਗਰ ਕੌਂਸਲ, ਸਬੰਧਿਤ ਉਪ ਮੰਡਲ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਜਾਂ ਰਾਜ ਚੋਣ ਕਮਿਸ਼ਨ ਦੀ ਵੈੱਬਸਾਈਟ sec.punjab.gov.in ਤੋਂ ਵੀ ਡਾਊਨਲੋਡ ਕੀਤੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਵਿੱਚ ਨਗਰ ਕੌਂਸਲ ਤਰਨ ਤਾਰਨ ਦੀ ਆਮ ਚੋਣ-2025 ਕਰਵਾਈ ਜਾਣੀ ਹੈ।