ਸਿਹਤ ਵਿਭਾਗ ਵੱਲੋਂ ਸਕੂਲੀ ਵਿਦਿਆਰਥੀਆਂ ਅਤੇ ਬਜ਼ੁਰਗਾਂ ਲਈ ਵੰਡੀਆਂ ਗਈਆਂ ਮੁਫਤ ਐਨਕਾਂ: ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ

ਸਿਹਤ ਵਿਭਾਗ ਵੱਲੋਂ ਸਕੂਲੀ ਵਿਦਿਆਰਥੀਆਂ ਅਤੇ ਬਜ਼ੁਰਗਾਂ ਲਈ ਵੰਡੀਆਂ ਗਈਆਂ ਮੁਫਤ ਐਨਕਾਂ: ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ
ਤਰਨ ਤਾਰਨ ਜਨਵਰੀ 28: ਜ਼ਿਲਾ ਤਰਨ ਤਾਰਨ ਦੇ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆ ਜ਼ਿਲਾ ਹਸਪਤਾਲ ਤਰਨ ਤਾਰਨ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਸਰਬਜੀਤ ਸਿੰਘ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਬਲਾਕਾਂ ਵਿੱਚ ਪੜਦੇ ਸਕੂਲੀ ਵਿਦਿਆਰਥੀਆਂ ਅਤੇ ਬਜ਼ੁਰਗਾਂ ਲਈ ਸਿਹਤ ਵਿਭਾਗ ਵੱਲੋਂ ਜਾਂਚ ਉਪਰੰਤ ਬਣਾਈਆਂ ਗਈਆਂ ਮੁਫਤ ਐਣਕਾਂ ਨੂੰ ਮੰਗਲਵਾਰ ਨੂੰ ਬਲਾਕਾਂ ਦੇ ਅਪਥਾਲਮਿਕ ਅਫਸਰਾਂ ਵਿੱਚ ਵੰਡਿਆ ਗਿਆ। ਇਸ ਮੌਕੇ ਐਨਪੀਸੀਬੀ ਪ੍ਰੋਗਰਾਮ ਦੇ ਨੋਡਲ ਅਫਸਰ ਡਾਕਟਰ ਨਵਨੀਤ ਸਿੰਘ ਵੀ ਮੌਜੂਦ ਰਹੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਸਿਵਿਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿਚ ਪੜਦੇ ਜਿਹੜੇ ਵੀ ਵਿਦਿਆਰਥੀਆਂ ਦੀਆਂ ਅੱਖਾਂ ਵਿੱਚ ਦੂਰ ਅਤੇ ਨੇੜੇ ਦੀ ਨਿਗਾਹ ਸਬੰਧੀ ਸਮੱਸਿਆ ਪਾਈ ਜਾਂਦੀ ਹੈ ਤਾਂ ਉਹਨਾਂ ਵਿਦਿਆਰਥੀਆਂ ਨੂੰ ਵਿਭਾਗ ਵੱਲੋਂ ਬਿਲਕੁਲ ਮੁਫਤ ਐਨਕਾਂ ਤਿਆਰ ਕਰਕੇ ਦਿੱਤੀਆਂ ਜਾਂਦੀਆਂ ਹਨ।
ਉਹਨਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ 365 ਐਨਕਾਂ ਨੂੰ ਤਿਆਰ ਕਰਵਾ ਕੇ ਅਪਥਾਲਮਿਕ ਅਫਸਰਾਂ ਦੇ ਵਿੱਚ ਵੰਡਿਆ ਗਿਆ ਹੈ ਜਿਨਾਂ ਵੱਲੋਂ ਆਪਣੇ ਆਪਣੇ ਬਲਾਕਾਂ ਦੇ ਸਕੂਲਾਂ ਦੇ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਐਣਕਾਂ ਦਿੱਤੀਆਂ ਜਾਣਗੀਆਂ। ਸਿਵਲ ਸਰਜਨ ਡਾਕਟਰ ਰਾਏ ਨੇ ਦੱਸਿਆ ਕਿ ਸਕੂਲੀ ਵਿਦਿਆਰਥੀਆਂ ਤੋਂ ਇਲਾਵਾ ਜਿਹੜੇ ਬਜ਼ੁਰਗ ਵਿਅਕਤੀਆਂ ਵੱਲੋਂ ਸਿਹਤ ਕੇਂਦਰਾਂ ਵਿਖੇ ਆ ਕੇ ਅੱਖਾਂ ਦੀ ਜਾਂਚ ਕਰਵਾਈ ਗਈ ਅਤੇ ਜਿਨਾਂ ਦੀ ਨਿਗਾਹ ਨੂੰ ਲੈ ਕੇ ਸਮੱਸਿਆ ਪਾਈ ਗਈ ਉਹਨਾਂ ਨੂੰ ਵੀ ਵਿਭਾਗ ਵੱਲੋਂ ਮੁਫਤ ਐਨਕਾਂ ਦਿੱਤੀਆਂ ਜਾਣਗੀਆਂ।
ਵਿਦਿਆਰਥੀਆਂ ਨੂੰ ਸਲਾਹ ਦਿੰਦਿਆਂ ਸਿਵਲ ਸਰਜਨ ਡਾਕਟਰ ਰਾਏ ਨੇ ਸਕੂਲੀ ਜੀਵਨ ਦੌਰਾਨ ਨਜ਼ਰ ਦਾ ਬਿਲਕੁਲ ਸਹੀ ਰਹਿਣੀ ਚਾਹੀਦੀ ਹੈ ਅਤੇ ਵਿਿਦਆਰਥੀਆਂ ਨੂੰ ਨਜ਼ਰ ਕਾਇਮ ਰੱਖਣ ਲਈ ਲੋੜੀਂਦੀ ਕਸਰਤ ਕਰਨੀ ਚਾਹੀਦੀ ਹੈ । ਉਹਨਾਂ ਕਿਹਾ ਕਿ ਬੱਚਿਆਂ ਨੂੰ ਬਹੁਤਾ ਜ਼ਿਆਦਾ ਸਮਾਂ ਮੋਬਾਈਲ ਫੋਨਾਂ ਅਤੇ ਕੰਪਿਊਟਰ ਤੇ ਨਹੀਂ ਬਿਤਾਉਣਾ ਚਾਹੀਦਾ ਕਿਉਂਕਿ ਇਸ ਦਾ ਸਿੱਧਾ ਪ੍ਰਭਾਵ ਨਜ਼ਰ ਉੱਤੇ ਪੈਂਦਾ ਹੈ ਅਤੇ ਇਹੀ ਕਾਰਨ ਹੈ ਕਿ ਅੱਜ ਕੱਲ੍ਹ ਨੌਜਵਾਨ ਪੀੜ੍ਹੀ ਦੀਆਂ ਨਜ਼ਰ ਸਬੰਧੀ ਸਮੱਸਿਆਵਾਂ ਦੇ ਵਿੱਚ ਕਾਫੀ ਵਾਧਾ ਹੋਇਆ ਹੈ ।
ਸੀਨੀਅਰ ਮੈਡੀਕਲ ਅਫਸਰ ਡਾਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜ਼ਿਲਾਂ ਹਸਪਤਾਲ ਵਿਖੇ ਜਿੱਥੇ ਅੱਖਾਂ ਦੀ ਜਾਂਚ ਕੀਤੀ ਜਾਂਦੀ ਹੈ ਉੱਥੇ ਨਾਲ ਹੀ ਮਾਹਿਰ ਡਾਕਟਰਾਂ ਵੱਲੋਂ ਅੱਖਾਂ ਦੇ ਆਪਰੇਸ਼ਨ ਵੀ ਬਿਲਕੁਲ ਮੁਫਤ ਕੀਤੇ ਜਾਂਦੇ ਹਨ।
ਨੋਡਲ ਅਫਸਰ ਡਾਕਟਰ ਨਵਨੀਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਅੱਖਾਂ ਦੇ ਤੰਦਰੁਸਤੀ ਲਈ ਹਰ ਮਹੀਨੇ ਜਾਂਚ ਕੈਂਪ ਲਗਾਈ ਜਾਂਦੇ ਹਨ ਜਿੱਥੇ ਅਪਥਾਲਮਿਕ ਅਫਸਰਾਂ ਵੱਲੋਂ ਸਕੂਲੀ ਵਿਦਿਆਰਥੀਆਂ ਦੀਆਂ ਅੱਖਾਂ ਦੀ ਜਾਂਚ ਬਰੀਕੀ ਨਾਲ ਕੀਤੀ ਜਾਂਦੀ ਹੈ।
ਇਸ ਮੌਕੇ ਆਪਥਾਲਮਿਕ ਅਫਸਰ ਬਲਜੀਤ ਸਿੰਘ ਢਿੱਲੋਂ, ਬਲਵਿੰਦਰ ਸਿੰਘ ਬਾਠ, ਪਰਮਜੀਤ ਕੌਰ, ਅੰਮ੍ਰਿਤ ਪਾਲ ਸਿੰਘ, ਅਰਵਿੰਦਰ ਸਿੰਘ, ਦਵਿੰਦਰ ਕੌਰ, ਜੋਤੀ, ਰਜਤ ਸਿੰਘ, ਅਤੇ ਸਨਦੀਪ ਕੌਰ ਆਦਿ ਮੌਜੂਦ ਰਹੇ।