ਬੰਦ ਕਰੋ

ਸਿਵਲ ਸਰਜਨ ਵਲੋਂ ਬਲਾਕ ਐਕਸਟੈਂਸ਼ਨ ਐਜੂਕੇਟਰਾਂ ਨਾਲ ਵੱਖ-ਵੱਖ ਸਿਹਤ ਪ੍ਰੋਗਰਾਮਾਂ ਸਬੰਧੀ ਅਹਿਮ ਮੀਟਿੰਗ

ਪ੍ਰਕਾਸ਼ਨ ਦੀ ਮਿਤੀ : 24/04/2025

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ

ਸਿਵਲ ਸਰਜਨ ਵਲੋਂ ਬਲਾਕ ਐਕਸਟੈਂਸ਼ਨ ਐਜੂਕੇਟਰਾਂ ਨਾਲ ਵੱਖ-ਵੱਖ ਸਿਹਤ ਪ੍ਰੋਗਰਾਮਾਂ ਸਬੰਧੀ ਅਹਿਮ ਮੀਟਿੰਗ

24 ਅਪ੍ਰੈਲ ਤੋਂ ਸ਼ੁਰੂ ਹੋ ਰਿਹਾ ਵਿਸ਼ੇਸ਼ ਟੀਕਾਕਰਨ ਹਫਤਾ, ਕੋਈ ਵੀ ਲਾਭਪਾਤਰੀ ਬੱਚਾ ਟੀਕਾਕਰਨ ਤੋਂ ਵਾਂਝਾ ਨਾ ਰਹੇ: ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ

ਤਰਨ ਤਾਰਨ, 22 ਅਪ੍ਰੈਲ

 ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ  ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆਂ ਜਿਲਾ ਤਰਨ ਤਾਰਨ ਦੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਦੀ ਪ੍ਰਧਾਨਗੀ ਹੇਠ ਮੰਗਲਵਾਰ ਨੂੰ ਦਫਤਰ ਸਿਵਲ ਸਰਜਨ ਵਿਖੇ ਆਗਾਮੀ ਵਿਸ਼ੇਸ਼ ਟੀਕਾਕਰਨ ਹਫਤੇ ਸਬੰਧੀ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਵੱਖ-ਵੱਖ ਬਲਾਕਾਂ ਤੋਂ ਬਲਾਕ ਐਕਸਟੈਂਸ਼ਨ ਐਜੂਕੇਟਰਾਂ ਵੱਲੋਂ ਹਿੱਸਾ ਲਿਆ ਗਿਆ। ਇਸ ਮੀਟਿੰਗ ਦੇ ਵਿੱਚ ਜਿਲਾ ਟੀਕਾਕਰਨ ਅਫਸਰ ਡਾ.ਵਰਿੰਦਰਪਾਲ ਕੌਰ ਅਤੇ ਜਿਲਾ ਐਪੀ ਡਿਮੋਲਜਿਸਟ ਡਾ. ਅਵਲੀਨ ਕੌਰ ਮੌਜੂਦ ਰਹੇ।

ਮੀਟਿੰਗ ਦੌਰਾਨ ਸਿਵਲ ਸਰਜਨ ਡਾ.ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਆਉਣ ਵਾਲੀ 24 ਅਪ੍ਰੈਲ ਤੋਂ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਦੇ ਵਿੱਚ ਵਿਸ਼ੇਸ਼ ਟੀਕਾਕਰਨ ਹਫਤਾ ਸ਼ੁਰੂ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਵਿਸ਼ੇਸ਼ ਟੀਕਾਕਰਨ ਹਫਤੇ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਯੋਗ ਲਾਭਪਾਤਰੀ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਦਾ ਟੀਕਾਕਰਨ ਕੀਤਾ ਜਾਵੇਗਾ। ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਵਿਸ਼ੇਸ ਟੀਕਾਕਰਨ ਕਰਨ ਹਫਤੇ ਦੌਰਾਨ ਬਲਾਕਾਂ ਦੇ ਵਿੱਚ ਮੀਜ਼ਲਸ ਅਤੇ ਰੁਬੈਲਾ (ਐਮ.ਆਰ) ਟੀਕੇ ਦੀ ਪਹਿਲੀ ਅਤੇ ਦੂਜੀ ਡੋਜ ਬਾਰੇ ਵੀ ਵਿਸ਼ੇਸ਼ ਤੌਰ ਤੇ ਸਿਹਤ ਕਰਮੀਆਂ ਵੱਲੋਂ ਧਿਆਨ ਦਿੱਤਾ ਜਾਵੇਗਾ ਅਤੇ ਜਿਹੜੇ ਵੀ ਬੱਚੇ ਇਹਨਾਂ ਟੀਕਿਆਂ ਤੋਂ ਵਾਂਝੇ ਹਨ ਉਹਨਾਂ ਨੂੰ ਤੁਰੰਤ ਇਹ ਟੀਕੇ ਲਗਾਏ ਜਾਣਗੇ।

ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਕਿਹਾ ਕਿ ਵਿਭਾਗ ਵੱਲੋਂ ਅਨੀਮੀਆ ਦੇ ਵਿਰੁੱਧ ਵੀ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਜ਼ਿਲ੍ਹੇ ਦੀਆਂ ਲੜਕੀਆਂ ਅਤੇ ਗਰਭਵਤੀ ਮਹਿਲਾਵਾਂ ਦੇ ਖੂਨ ਦੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਅਨੀਮੀਆਂ ਦੇ ਮਾੜੇ ਪ੍ਰਭਾਵਾਂ ਤੋਂ ਬਚਾਇਆ ਜਾ ਸਕੇ। ਵੱਧਦੀ ਗਰਮੀ ਨੂੰ ਧਿਆਨ ਵਿੱਚ ਰੱਖਦਿਆਂ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਗਰਮੀ ਕਾਫੀ ਵਧਣ ਦੇ ਅਸਾਰ ਲੱਗ ਰਹੇ ਹਨ, ਜਿਸ ਕਾਰਨ ਹਰ ਇਕ ਵਿਅਕਤੀ ਨੂੰ ਗਰਮੀ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਚੌਕਸ ਰਹਿਣਾ ਪਵੇਗਾ। ਉਨਾਂ ਮਾਸ ਮੀਡੀਆ ਵਿੰਗ ਨਾਲ ਜੁੜੇ ਬਲਾਕ ਐਜੂਕੇਟਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਆਪਣੇ ਬਲਾਕਾਂ ਦੇ ਵਿੱਚ ਗਰਮੀ ਅਤੇ ਹੀਟ ਵੇਵ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਜਾਰੀ ਐਡਵਾਈਜ਼ਰੀ ਬਾਰੇ ਵੱਧ ਤੋਂ ਵੱਧ ਪ੍ਰਚਾਰ ਪ੍ਰਸਾਰ ਕਰਨ।

ਡਾ. ਗੁਰਪ੍ਰੀਤ ਸਿੰਘ ਰਾਏ ਨੇ ਕਿਹਾ ਕਿ ਵਿਭਾਗ ਵੱਲੋਂ ਡੇਂਗੂ ਅਤੇ ਮਲੇਰੀਆ ਦੀ ਰੋਕਥਾਮ ਬਾਰੇ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਵਿਭਾਗ ਵੱਲੋਂ ਸੰਸਥਾਵਾਂ ਵਿਖੇ ਜਾ ਕੇ ਜਾਗਰੂਕਤਾ ਸੈਸ਼ਨ ਲਗਾਏ ਜਾ ਰਹੇ ਹਨ, ਤਾਂ ਜੋ ਨਾਗਰਿਕਾ ਨੂੰ ਇਹਨਾਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਜ਼ਿਲਾ ਟੀਕਾਕਰਨ ਅਫਸਰ ਡਾ. ਵਰਿੰਦਰ ਪਾਲ ਕੌਰ ਨੇ ਦੱਸਿਆ ਕਿ ਵਿਸ਼ੇਸ਼ ਟੀਕਾਕਰਨ ਹਫਤੇ ਸਬੰਧੀ ਸਿਹਤ ਕਰਮੀਆਂ ਵੱਲੋਂ ਯੋਗ ਲਾਭਪਾਤਰੀ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਦੀਆਂ ਸੂਚੀਆਂ ਤਿਆਰ ਕੀਤੀਆਂ ਜਾ ਚੁੱਕੀਆਂ ਹਨ।

 ਉਹਨਾਂ ਦੱਸਿਆ ਕਿ ਇਸ ਹਫਤੇ ਦੌਰਾਨ ਸਿਹਤ ਕਰਮੀਆਂ ਵੱਲੋਂ ਵੱਖ-ਵੱਖ ਪਿੰਡਾਂ ਦੇ ਵਿੱਚ ਵਿਸ਼ੇਸ਼ ਟੀਕਾਕਰਨ ਸੈਸ਼ਨ ਲਗਾਏ ਜਾਣਗੇ। ਉਹਨਾਂ ਕਿਹਾ ਕਿ ਇਸ ਹਫਤੇ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾਵੇ, ਤਾਂ ਜੋ ਇਸ ਦਾ ਲਾਭ ਨਾਗਰਿਕਾਂ ਤੱਕ ਪਹੁੰਚ ਸਕੇ। ਜਿਲਾ ਮਾਸ ਮੀਡੀਆ ਅਫਸਰ ਸ੍ਰੀ ਸੁਖਵੰਤ ਸਿੰਘ ਸਿੱਧੂ, ਕਸੇਲ ਤੋਂ ਬਲਾਕ ਐਜੂਕੇਟਰ ਨਵੀਨ ਕਾਲੀਆ, ਝਬਾਲ ਤੋਂ ਬਲਾਕ ਐਜੂਕੇਟਰ ਗੁਰਲਾਲ ਸਿੰਘ, ਕੈਰੋ ਤੋਂ ਬਲਾਕ ਐਜੂਕੇਟਰ ਰਵਿੰਦਰ ਸਿੰਘ, ਸੁਰ ਸਿੰਘ ਤੋਂ ਬਲਾਕ ਐਜੂਕੇਟਰ ਪਵਨਪ੍ਰੀਤ ਸਿੰਘ, ਐਲ ਐਚ ਵੀ ਰਜਵੰਤ ਕੌਰ, ਕੰਪਿਊਟਰ ਅਪਰੇਟਰ ਸੰਦੀਪ ਸਿੰਘ, ਵੀਸੀਸੀਐਮ ਗਗਨਦੀਪ ਕੌਰ  ਆਦਿ ਮੌਜੂਦ ਰਹੇ।