ਹਾਈਪਰਟੈਂਨਸ਼ਨ ਬਾਰੇ ਫੈਲਾਈ ਜਾਂ ਰਹੀ ਹੈ ਵੱਧ ਤੋਂ ਵੱਧ ਜਾਗਰੂਕਤਾ: ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ
ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਹਾਈਪਰਟੈਂਨਸ਼ਨ ਬਾਰੇ ਫੈਲਾਈ ਜਾਂ ਰਹੀ ਹੈ ਵੱਧ ਤੋਂ ਵੱਧ ਜਾਗਰੂਕਤਾ: ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ
ਤਰਨ ਤਾਰਨ, 20 ਮਈ
ਪੰਜਾਬ ਦੇ ਸਿਹਤ ਮੰਤਰੀ ਡਾ ਬਲਬੀਰ ਸਿੰਘ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਡਾਇਰੈਕਟਰ, ਸਿਹਤ ਸੇਵਾਵਾਂ, ਪੰਜਾਬ ਡਾ ਹਿਤਿੰਦਰ ਕੌਰ ਦੀ ਰਹਿਨੁਮਾਈ ਅਤੇ ਜਿਲਾ ਤਰਨ ਤਾਰਨ ਦੇ ਸਿਵਲ ਸਰਜਨ ਡਾ ਗੁਰਪ੍ਰੀਤ ਸਿੰਘ ਰਾਏ ਦੀ ਪ੍ਰਧਾਨਗੀ ਹੇਠ ਮੰਗਲਵਾਰ ਨੂੰ ਸਿਹਤ ਵਿਭਾਗ ਵੱਲੋਂ ਦਫਤਰ ਸਿਵਲ ਸਰਜਨ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਨੋਡਲ ਅਫ਼ਸਰ ਡਾ. ਸਤਵਿੰਦਰ ਕੁਮਾਰ, ਪ੍ਰੋਗਰਾਮ ਅਫ਼ਸਰ ਡਾ. ਸੁਖਜਿੰਦਰ ਸਿੰਘ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ, ਸੁਖਵੰਤ ਸਿੰਘ ਸਿੱਧੂ ਤੋਂ ਇਲਾਵਾ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਵਲੋਂ ਸ਼ਮੂਲੀਅਤ ਕੀਤੀ ਗਈ।
ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਹਾਈਪਰਟੈਂਨਸ਼ਨ ਸੰਬੰਧੀ ਇਕ ਮਹੀਨਾ ਲੰਮੀ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਨਾਗਰਿਕਾਂ ਨੂੰ ਹਾਈਪਰਟੈਂਨਸ਼ਨ ਜਾਂ ਹਾਈ ਬਲੱਡਪ੍ਰੈਸ਼ਰ ਦੇ ਲੱਛਣਾ ਅਤੇ ਬਚਾਅ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਸਿਵਲ ਸਰਜਨ ਡਾ ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਹਾਈਪਰਟੈਂਨਸ਼ਨ ਇੱਕ ਗੈਰ ਸੰਚਾਰੀ ਰੋਗ ਹੈ ਅਤੇ ਵਿਅਕਤੀ ਨੂੰ ਇਸ ਤੋਂ ਬਚਾਅ ਲਈ ਤੰਦਰੁਸਤ ਜੀਵਨ ਸ਼ੈਲੀ ਅਪਣਾਉਣ ਦੀ ਲੋੜ ਹੈ। ਉਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਗੈਰ ਸੰਚਾਰੀ ਰੋਗਾਂ ਦੀ ਰੋਕਥਾਮ ਲਈ ਵਿਸ਼ੇਸ਼ ਤੌਰ ਤੇ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ, ਜਿਸ ਤਹਿਤ ਵਿਭਾਗ ਵੱਲੋਂ ਹਾਈ ਬਲੱਡ ਪ੍ਰੈਸ਼ਰ ਬਾਰੇ ਮਰੀਜ਼ਾਂ ਦੀ ਸ਼ਨਾਖਤ ਕਰਕੇ ਉਹਨਾਂ ਦੇ ਇਲਾਜ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।
ਸਿਵਲ ਸਰਜਨ ਡਾ ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਹਾਈਪਰਟੈਨਸ਼ਨ ਨੂੰ ਖਾਮੋਸ਼ ਕਾਤਲ ਦੇ ਨਾਮ ਵਜੋਂ ਵੀ ਜਾਣਿਆ ਜਾਂਦਾ ਹੈ। ਉਹਨਾਂ ਕਿਹਾ ਕਿ ਜੇਕਰ ਹਾਈਪਰ ਟੈਂਨਸ਼ਨ ਤੋਂ ਪੀੜਿਤ ਵਿਅਕਤੀ ਸਮੇਂ ਸਿਰ ਆਪਣਾ ਇਲਾਜ ਨਹੀਂ ਕਰਵਾਉਂਦਾ, ਤਾਂ ਇਹ ਹਾਰਟ ਅਟੈਕ ਦਾ ਵੱਡਾ ਕਾਰਨ ਬਣਦਾ ਹੈ। ਉਨਾਂ ਦੱਸਿਆ ਕਿ ਹਾਈ ਬਲੱਡ ਪ੍ਰੈਸ਼ਰ ਦਿਲ ਤੋਂ ਇਲਾਵਾ ਸਰੀਰ ਦੇ ਦੂਜੇ ਅੰਗਾਂ ਉੱਤੇ ਵੀ ਬਹੁਤ ਮਾੜਾ ਪ੍ਰਭਾਵ ਪਾਉਂਦਾ ਹੈ।
ਡਾ ਰਾਏ ਨੇ ਕਿਹਾ ਕਿ ਦਿਨੋ ਦਿਨ ਵੱਧ ਰਹੇ ਹਾਈਪਰ ਟੈਂਨਸ਼ਨ ਦੇ ਮਰੀਜ਼ਾਂ ਦੀ ਗਿਣਤੀ ਦਾ ਮੁੱਖ ਕਾਰਨ ਵਿਅਕਤੀ ਦੀ ਵਧੀਆ ਜੀਵਨਸ਼ੈਲੀ ਨਾ ਹੋਣਾ ਹੈ। ਉਹਨਾਂ ਕਿਹਾ ਕਿ ਮੌਜੂਦਾ ਸਮੇਂ ਦੌਰਾਨ ਲੋਕ ਤਲੇ ਅਤੇ ਮਸਾਲੇਦਾਰ ਬਾਜ਼ਾਰੀ ਖਾਣਿਆਂ ਨੂੰ ਤਰਜੀਹ ਦੇ ਰਹੇ ਹਨ, ਜੋ ਕਿ ਹਾਈਪਰਟੈਨਸ਼ਨ ਦਾ ਇੱਕ ਮੁੱਖ ਕਾਰਨ ਹੈ। ਉਹਨਾਂ ਕਿਹਾ ਕਿ ਸਾਨੂੰ ਰੋਜ਼ਾਨਾ ਕੁਝ ਸਮਾਂ ਕਸਰਤ ਲਈ ਵੀ ਜਰੂਰ ਕੱਢਣਾ ਚਾਹੀਦਾ ਹੈ ਅਤੇ ਜੇਕਰ ਲੋੜ ਤੋਂ ਵੱਧ ਅਸੀਂ ਆਰਾਮ ਕਰਦੇ ਹਾਂ, ਤਾਂ ਹਾਈ ਬਲੱਡ ਪ੍ਰੈਸ਼ਰ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ।
ਉਹਨਾਂ ਕਿਹਾ ਕਿ ਹਾਈਪਰ ਟੈਂਨਸ਼ਨ ਤੋਂ ਬਚਾ ਲਈ ਵਿਅਕਤੀ ਘੱਟ ਨਮਕ ਵਾਲੀ ਖੁਰਾਕ ਦਾ ਸੇਵਨ ਕਰੇ ਅਤੇ ਚਿਕਨਾਈ ਵਾਲੇ ਖਾਣੇ ਤੋਂ ਪਰਹੇਜ਼ ਕਰੇ। ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਕਮ ਨੋਡਲ ਅਫ਼ਸਰ, ਐਨ. ਸੀ. ਡੀ, ਡਾ ਸਤਵਿੰਦਰ ਕੁਮਾਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਚਲਾਈ ਜਾ ਰਹੇ ਵਿਸ਼ੇਸ਼ ਪ੍ਰੋਗਰਾਮ ਤਹਿਤ ਹਾਈਪਰਟੈਂਨਸ਼ਨ ਤੇ ਮਰੀਜ਼ਾਂ ਦਾ ਜਿੱਥੇ ਮੁਫਤ ਇਲਾਜ ਕੀਤਾ ਜਾ ਰਿਹਾ ਹੈ, ਉੱਥੇ ਨਾਲ ਹੀ ਉਹਨਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ।
ਇਸ ਮੌਕੇ ਪ੍ਰੋਗਰਾਮ ਅਫਸਰ ਡਾ. ਸੁਖਜਿੰਦਰ ਸਿੰਘ ਨੇ ਕਿਹਾ ਕਿ ਸੈਮੀਨਾਰ ਦੌਰਾਨ ਕੇਅਰ ਕੰਪੈਨੀਅਨ ਮੁਹਿੰਮ ਤਹਿਤ ਵਿਦਿਆਰਥਣਾਂ ਨੂੰ ਮਰੀਜ਼ ਪ੍ਰਤੀ ਬਣਦੀਆਂ ਜਿੰਮੇਵਾਰੀਆਂ ਬਾਰੇ ਦੱਸਿਆ ਗਿਆ ਹੈ, ਤਾਂ ਜੋ ਵਿਅਕਤੀ ਜਲਦ ਤੋਂ ਜਲਦ ਸਿਹਤਮੰਦ ਹੋਵੇ। ਉਹਨਾਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਵਿਸ਼ੇਸ਼ ਤੌਰ ਤੇ ਗਰਭਵਤੀ ਮਹਿਲਾਵਾਂ ਦੀ ਸਿਹਤ ਸੰਭਾਲ, ਜਨਮ ਉਪਰੰਤ ਬੱਚੇ ਦੀ ਸਿਹਤ ਸੰਭਾਲ ਅਤੇ ਗੈਰ ਸੰਚਾਰੀ ਰੋਗਾਂ ਤੋਂ ਪੀੜਤ ਮਰੀਜ਼ਾਂ ਦੀ ਸਿਹਤ ਸੁਰੱਖਿਆ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਮੌਕੇ ਸਮੂਹ ਪ੍ਰੋਗਰਾਮ ਅਫਸਰ, ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹੇ।
—————-