ਆਧੁਨਿਕ ਸਹੂਲਤਾਂ ਨਾਲ ਲੈਸ ਹੋ ਰਹੇ ਨੇ ਪੰਜਾਬ ਦੇ ਸਰਕਾਰੀ ਸਕੂਲ – ਸੰਧੂ
ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਆਧੁਨਿਕ ਸਹੂਲਤਾਂ ਨਾਲ ਲੈਸ ਹੋ ਰਹੇ ਨੇ ਪੰਜਾਬ ਦੇ ਸਰਕਾਰੀ ਸਕੂਲ – ਸੰਧੂ
ਤਰਨ ਤਾਰਨ 21 ਮਈ
ਸਿੱਖਿਆ ਨੂੰ ਹੋਰ ਆਧੁਨਿਕ ਰੂਪ ਦੇਣ ਅਤੇ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਤੀ ਸੁਚੇਤ ਕਰਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਵਿੱਚ ਕਰੋੜਾਂ ਰੁਪਏ ਖਰਚ ਕਰਕੇ ਵਿਦਿਆਰਥੀਆਂ ਨੂੰ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਨੇ ਪਿਛਲੇ ਤਿੰਨ ਸਾਲਾਂ ਵਿੱਚ ਬਹੁਤ ਤਰੱਕੀ ਕੀਤੀ ਹੈ ਅਤੇ ਲਗਾਤਾਰ ਆਧੁਨਿਕੀਕਰਨ ਵੱਲ ਵੱਧ ਰਿਹਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਰਦਾਰ ਹਰਜੀਤ ਸਿੰਘ ਸੰਧੂ ਚੇਅਰਮੈਨ ਮਾਰਕੀਟ ਕਮੇਟੀ ਨੇ ਸਰਕਾਰੀ ਐਲੀਮੈਂਟਰੀ ਸਕੂਲ ਕੰਗ, ਸਰਕਾਰੀ ਐਲੀਮੈਂਟਰੀ ਸਕੂਲ ਬਾਣੀਆਂ, ਸਰਕਾਰੀ ਮਿਡਲ ਸਕੂਲ ਕੰਗ ਅਤੇ ਸਰਕਾਰੀ ਹਾਈ ਸਕੂਲ ਨੌਰੰਗਾ ਬਾਦ ਵਿਖੇ ਕਰੋੜਾਂ ਰੁਪਏ ਦੀ ਲਾਗਤ ਨਾਲ ਪੂਰੇ ਹੋ ਚੁੱਕੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਮੌਕੇ ਕਹੇ।
ਉਹਨਾਂ ਕਿਹਾ ਕਿ ਹਲਕਾ ਵਿਧਾਇਕ ਸ੍ਰ ਮਨਜਿੰਦਰ ਸਿੰਘ ਲਾਲਪੁਰਾ ਦੀ ਯੋਗ ਅਗਵਾਈ ਹੇਠ ਪੂਰੇ ਹਲਕੇ ਦੇ ਸਕੂਲਾਂ ਦੀ ਨੁਹਾਰ ਬਦਲੀ ਜਾ ਰਹੀ ਹੈ। ਇਸ ਮੌਕੇ ਉਹਨਾਂ ਸਕੂਲਾਂ ਦੀਆਂ ਸ਼ਾਨਦਾਰ ਲਾਇਬ੍ਰੇਰੀਆਂ, ਕਮਰਿਆਂ ਅਤੇ ਚਾਰਦੀਵਾਰੀਆਂ ਨੂੰ ਦੇਖਣ ਤੋਂ ਬਾਅਦ ਉਹਨਾਂ ਸਕੂਲ ਪ੍ਰਿੰਸੀਪਲ ਸਾਹਿਬਾਨ, ਸਕੂਲ ਮੁਖੀਆਂ ਅਤੇ ਸਮੂਹ ਸਟਾਫ ਦੀ ਤਹਿ ਦਿਲੋਂ ਪ੍ਰਸ਼ੰਸ਼ਾ ਕੀਤੀ ਅਤੇ ਭਵਿੱਖ ਵਿੱਚ ਵੀ ਸਕੂਲਾਂ ਨੂੰ ਵਿਸ਼ਵ ਪੱਧਰੀ ਬਣਾਉਣ ਲਈ ਹਰੇਕ ਪੱਖ ਤੋਂ ਸਹਿਯੋਗ ਦੇਣ ਲਈ ਪ੍ਰੇਰਿਤ ਕੀਤਾ।
ਉਹਨਾਂ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਸ੍ਰ ਹਰਜੋਤ ਸਿੰਘ ਬੈਂਸ ਵੱਲੋਂ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸਕੂਲਾਂ ਦੀ ਬਦਲੀ ਜਾ ਰਹੀ ਨੁਹਾਰ ਤੇ ਖੁਸ਼ੀ ਜਾਹਰ ਕਰਦਿਆਂ ਸਰਕਾਰ ਪਾਸੋਂ ਇੰਝ ਹੀ ਸਕੂਲਾਂ ਦੀ ਮਦਦ ਕਰਦੇ ਰਹਿਣ ਲਈ ਬੇਨਤੀ ਕੀਤੀ । ਉਹਨਾਂ ਕਿਹਾ ਕਿ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਨਾਲ ਪੂਰੇ ਸੂਬੇ ਦੀ ਸਿੱਖਿਆ ਦਾ ਆਧੁਨੀਕਰਨ ਕਰ ਦਿੱਤਾ ਜਾਵੇਗਾ।
ਇਸ ਮੌਕੇ ਸੈਂਟਰ ਹੈਡ ਟੀਚਰ ਕੰਗ ਮੈਡਮ ਅਮਨਦੀਪ ਕੌਰ ਅਤੇ ਸਮੂਹ ਸਕੂਲ ਮੁਖੀ ਸਾਹਿਬਾਨ ਅਤੇ ਅਧਿਆਪਕ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਵੱਡੀ ਗਿਣਤੀ ਵਿਚ ਪਿੰਡ ਦੇ ਪਤਵੰਤੇ ਸੱਜਣ, ਐਸ ਐਮ ਸੀ ਕਮੇਟੀ ਚੇਅਰਮੈਂਨ, ਕਮੇਟੀ ਮੈਂਬਰ ਅਤੇ ਬੱਚਿਆਂ ਦੇ ਮਾਤਾ ਪਿਤਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।