ਬੰਦ ਕਰੋ

ਮੁੱਖ ਮੰਤਰੀ ਪੰਜਾਬ ਤੇ ਬਿਜਲੀ ਮੰਤਰੀ ਈ ਟੀ ਓ ਦਾ ਬੈਕਿੰਗ ਰਾਹੀਂ ਹੋਰਨਾਂ ਸੂਬਿਆਂ ਨੂੰ ਬਿਜਲੀ ਸਪਲਾਈ ਨਾ ਦਿੱਤੇ ਜਾਣ ਦਾ ਫੈਸਲਾ ਸੁਆਗਤ ਯੋਗ – ਸ: ਸੁਰ ਸਿੰਘ

ਪ੍ਰਕਾਸ਼ਨ ਦੀ ਮਿਤੀ : 22/05/2025

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ

ਮੁੱਖ ਮੰਤਰੀ ਪੰਜਾਬ ਤੇ ਬਿਜਲੀ ਮੰਤਰੀ ਈ ਟੀ ਓ ਦਾ ਬੈਕਿੰਗ ਰਾਹੀਂ ਹੋਰਨਾਂ ਸੂਬਿਆਂ ਨੂੰ ਬਿਜਲੀ ਸਪਲਾਈ ਨਾ ਦਿੱਤੇ ਜਾਣ ਦਾ ਫੈਸਲਾ ਸੁਆਗਤ ਯੋਗ – ਸ: ਸੁਰ ਸਿੰਘ

-ਝੋਨੇ ਦੇ ਸੀਜਨ ਤੇ ਘਰੇਲੂ ਤੇ ਉਦਯੋਗਿਕ ਖਪਤਕਾਰਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ-ਜਸਬੀਰ ਸੁਰ ਸਿੰਘ

ਤਰਨਤਾਰਨ, 21 ਮਈ

ਪੰਜਾਬ ਪਾਵਰਕਾਮ ਦੇ ਡਾਇਰੈਕਟਰ (ਪ੍ਰਬੰਧਕੀ) ਅਤੇ ਆਮ ਆਦਮੀ ਪਾਰਟੀ (ਕਿਸਾਨ ਵਿੰਗ) ਦੇ ਸੂਬਾ ਉੱਪ ਪ੍ਰਧਾਨ ਸ: ਜਸਬੀਰ ਸਿੰਘ ਸੁਰ ਸਿੰਘ ਨੇ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਵਲੋਂ ਕਿਸਾਨ ਹਿੱਤਾਂ ਦੀ ਰਾਖੀ ਲਈ ਪਹਿਲਾਂ ਭਾਖੜਾ ਡੈਮ ਤੋਂ ਹਰਿਆਣੇ ਸੂਬੇ ਨੂੰ ਵਾਧੂ ਪਾਣੀ ਨਾ ਦੇਣ ਤੋਂ ਲਏ ਵਿਧਾਨਿਕ ਤੇ ਸੜਕਾਂ ਤੇ ਸੰਘਰਸ਼ੀ ਸਖਤ ਸਟੈਂਡ ਅਤੇ ਹੁਣ ਪੰਜਾਬ ਦੇ ਕਿਸਾਨਾਂ ਨੂੰ ਝੋਨੇ ਦੀ ਲਵਾਈ ਲਈ ਖੇਤੀ ਟਿਊਬਵੈਲਾਂ ਰਾਹੀਂ 8 ਘੰਟੇ ਝੋਨੇ ਦੀ ਲਵਾਈ ਤੇ ਪਾਲਣ ਪੋਸ਼ਣ ਲਈ 8 ਘੰਟੇ ਨਿਰੰਤਰ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਪੰਜਾਬ ਪਾਵਰਕਾਮ ਨੂੰ ਪਹਿਲੀ ਜੂਨ ਤੋਂ ਹੋਰਨਾਂ ਸੂਬਿਆਂ ਨੂੰ ਬੈਕਿੰਗ ਰਾਹੀਂ ਬਿਜਲੀ ਸਪਲਾਈ ਨਾ ਦੇਣ ਦੇ ਦਿੱਤੇ ਦਿਸ਼ਾ ਨਿਰਦੇਸ਼ਾਂ ਦਾ ਸੁਆਗਤ ਕੀਤਾ ਅਤੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਨੂੰ ਇੰਨ੍ਹ ਬਿੰਨ੍ਹ ਅਮਲੀ ਜਾਮਾ ਪਹਿਨਉਂਦਿਆਂ ਪਾਵਰਕਾਮ ਮੰਤਰੀ ਪੰਜਾਬ ਸ: ਹਰਭਜਨ ਸਿੰਘ ਈ ਟੀ ਓ ਵਲੋਂ ਪਾਵਰਕਾਮ ਮੈਨਜਮੈਂਟ ਨਾਲ ਉੱਚ ਤਾਕਤੀ ਮੀਟਿੰਗ ਕਰਕੇ ਪਾਵਰਕਾਮ ਨੂੰ ਮੁੱਖ ਮੰਤਰੀ ਸ: ਮਾਨ ਦੇ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰਨ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਹਨ।

ਜਿਸ ਲਈ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈਟੀਓ ਵਧਾਈ ਤੇ ਧੰਨਵਾਦ ਦੇ ਸਹੀ ਅਰਥਾਂ ‘ਚ ਹੱਕਦਾਰ ਹਨ। ਗੱਲਬਾਤ ਦੌਰਾਨ ਪਾਵਰਕਾਮ ਡਾਇਰੈਕਟਰ ਸ: ਜਸਬੀਰ ਸਿੰਘ ਸੁਰ ਸਿੰਘ ਨੇ ਉਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜਾਣਕਾਰੀ ਦਿੱਤੀ ਕਿ ਕਿਸਾਨ ਆਗੂਆਂ ਦੀ ਮੰਗ ਤੇ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਰਾਹਤ ਰਾਸ਼ੀ ਦੇਣ ਤੋਂ ਇਲਾਵਾ 31 ਮਈ ਤੱਕ ਸਿੱਧੀ ਬਿਜਾਈ ਲਈ ਖੇਤੀ ਟਿਊਬਵੈਲਾਂ ਨੂੰ 8 ਘੰਟੇ ਬਿਜਲੀ ਸਪਲਾਈ ਦੇਣ ਦੀ ਪਾਵਰਕਾਮ ਵਲੋਂ ਮੰਜੂਰੀ ਦੇ ਦਿੱਤੀ ਗਈ ਹੈ।

ਉਨ੍ਹਾਂ ਨੇ ਕਿਸਾਨਾਂ ਨੂੰ ਸਿੱਧੀ ਬਿਜਾਈ ਰਾਹੀਂ ਆਪਣੇ ਹੋਰ ਨਿੱਜੀ ਖਰਚੇ ਬਚਾਉਣ ਤੋਂ ਇਲਾਵਾ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਸਿੱਧੀ ਬਿਜਾਈ ਨੂੰ ਪਹਿਲ ਦੇਣ ਦਾ ਸੱਦਾ ਦਿੱਤਾ। ਡਾਇਰੈਕਟਰ ਸ: ਸੁਰ ਸਿੰਘ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਪਹਿਲੀ ਜੂਨ ਤੋਂ ਝੋਨੇ ਦੀ ਸਿੰਚਾਈ ਲਈ 8 ਘੰਟੇ ਬਿਜਲੀ ਨਿਰਵਿਘਨ ਸਪਲਾਈ ਲਈ ਸਾਰੀਆਂ ਤਿਆਰੀਆਂ ਕਰਕੇ ਸੂਬੇ ਨੂੰ ਵੱਖ ਵੱਖ ਜ਼ਿਲ਼ਿਆਂ ਦੇ ਆਧਾਰ ਤੇ 3 ਜੋਨਾਂ ਵਿੱਚ ਵੰਡ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਇਤਿਹਾਸ ‘ਚ ਸੂਬਾ ਮਾਨ ਸਰਕਾਰ ਦੇ ਕਾਰਜਕਾਲ ‘ਚ ਇਹ ਵੀ ਪਹਿਲੀ ਵਾਰ ਹੈ, ਕਿ ਪਹਿਲੀ ਜੂਨ ਤੋਂ ਝੋਨੇ ਦੀ ਲਵਾਈ ਦੀ ਖੁੱਲ ਦਿੰਦਿਆਂ ਪਹਿਲੀ ਜੂਨ ਤੋਂ ਹੀ 8 ਘੰਟੇ ਖੇਤੀ ਟਿਊਬਵੈਲਾਂ ਨੂੰ ਨਿਰੰਤਰ ਬਿਜਲੀ ਸਪਲਾਈ ਦੇਣ ਦੇ ਪ੍ਰਬੰਧ ਕੀਤੇ ਗਏ ਹਨ, ਨਹੀਂ ਤਾਂ ਅਕਸਰ ਸਾਬਕਾ ਅਕਾਲੀ ਭਾਜਪਾ ਤੇ ਕਾਂਗਰਸ ਸਰਕਾਰਾਂ ਦੇ ਕਾਰਜਕਾਲ ‘ਚ ਝੋਨੇ ਦੀ ਲਵਾਈ 15 ਜੂਨ ਦੇ ਨੇੜੇ ਤੇੜੇ ਲਗਾਉਣ ਦੀ ਖੁੱਲ ਮਿਲਦੀ ਸੀ ਅਤੇ ਖੇਤੀ ਟਿਊਬਵੈਲਾਂ ਤੋਂ ਵੀ 8 ਘੰਟੇ ਲਈ ਨਿਰਵਿਘਨ ਬਿਜਲੀ ਸਪਲਾਈ ਦੇ ਬਜਾਏ ਟੁੱਟਵੇਂ ਰੂਪ ‘ਚ ਬਿਜਲੀ ਸਪਲਾਈ ਦਿੱਤੀ ਜਾਂਦੀ ਰਹੀ ਹੈ, ਜਦੋਂ ਕਿ ਸਾਬਕਾ ਸਰਕਾਰਾਂ ਵਲੋਂ ਝੋਨੇ ਦੀ ਬਿਜਾਈ ਦੇ ਨਿਰਧਾਰਿਤ ਸਮੇਂ ਤੋਂ 1 ਦਿਨ ਵੀ ਪਹਿਲਾਂ ਝੋਨੇ ਦੀ ਲਵਾਈ ਕਰਨ ਵਾਲੇ ਕਿਸਾਨ ਦੇ ਝੋਨੇ ਵਾਲੇ ਖੇਤਾਂ ਨੂੰ ਪਾਵਰਕਾਮ ਤੇ ਪੁਲੀਸ ਵਿਭਾਗ ਵਲੋਂ ਜ਼ਬਰੀ ਵਾਹ ਕੇ ਕਿਸਾਨ ਦਾ ਆਰਥਿਕ ਉਜਾੜਾ ਕੀਤਾ ਜਾਂਦਾ ਸੀ।

ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਝੋਨੇ ਦੇ ਸੀਜਨ ਦੌਰਾਨ ਖੇਤੀ ਟਿਊਬਵੈਲਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਤੋਂ ਇਲਾਵਾ ਘਰੇਲੂ ਖਪਤਕਾਰਾਂ ਤੇ ਉਦਯੋਗਾਂ ਨੂੰ ਪਹਿਲਾਂ ਦੀ ਤਰਾਂ ਬਿਜਲੀ ਸਪਲਾਈ ਮਿਲਦੀ ਰਹੇਗੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਝੋਨੇ ਦੇ ਸੀਜਨ ਦੌਰਾਨ ਕਿਸਾਨਾਂ ਦੀਆਂ ਟਰਾਂਸਫਾਰਮਰਾਂ ਤੇ ਹੋਰ ਬਿਜਲੀ ਸਪਲਾਈ ਨਾਲ ਸ਼ਿਕਾਇਤਾਂ ਦਾ ਵੀ ਨਿਪਟਾਰਾ ਨਾਲੋ ਨਾਲ ਬੇਹਤਰ ਢੰਗ ਨਾਲ ਕੀਤਾ ਜਾਵੇਗਾ। ਤਾਂ ਜੋ ਕਿਸਾਨਾਂ ਨੂੰ ਨਜਾਇਜ਼ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਅਤੇ ਜਿਥੋਂ ਕਿਤੇ ਕਿਸੇ ਮੁਲਾਜਮ ਵਲੋਂ ਕਿਸਾਨਾਂ ਨੂੰ ਬਿਜਲੀ ਸਪਲਾਈ ਬਹਾਲੀ ਦੇ ਮਾਮਲੇ ‘ਚ ਨਜਾਇਜ਼ ਤੰਗ ਪਰੇਸ਼ਾਨ ਕਰਨ ਦੀ ਸੂਚਨਾ ਪ੍ਰਾਪਤ ਹੋਵੇਗੀ , ਉਸ ਮੁਲਾਜਮ ਵਿਰੁੱਧ ਵੀ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

ਕੈਪਸ਼ਨ: ਗੱਲਬਾਤ ਦੌਰਾਨ ਪੰਜਾਬ ਪਾਵਰਕਾਮ ਦੇ ਡਾਇਰੈਕਟਰ (ਪ੍ਰਬੰਧਕੀ) ਸ: ਜਸਬੀਰ ਸਿੰਘ ਸੁਰ ਸਿੰਘ।