ਸਕੈਨ ਐਂਡ ਸ਼ੇਅਰ ਫੀਚਰ ਦਾ ਮਰੀਜ਼ ਲੈ ਰਹੇ ਹਨ ਲਾਭ- ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ
ਸਕੈਨ ਐਂਡ ਸ਼ੇਅਰ ਫੀਚਰ ਦਾ ਮਰੀਜ਼ ਲੈ ਰਹੇ ਹਨ ਲਾਭ- ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ
ਤਰਨ ਤਾਰਨ, 04 ਜੂਨ
ਜ਼ਿਲ੍ਹਾ ਹਸਪਤਾਲ ਤਰਨ ਤਾਰਨ ਵਿੱਚ ਆਪਣਾ ਇਲਾਜ ਕਰਵਾਉਣ ਲਈ ਜਿੱਥੇ ਮਰੀਜ਼ਾਂ ਨੂੰ ਲੰਮੀਆਂ ਲਾਈਨਾਂ ਵਿਚ ਲੱਗਣਾ ਪੈਂਦਾ ਸੀ, ਉੱਥੇ ਹੁਣ ਪੰਜਾਬ ਸਰਕਾਰ ਵਲੋਂ ਸਕੈਨ ਐਂਡ ਸ਼ੇਅਰ ਫੀਚਰ ਚਲਾਇਆ ਗਿਆ ਹੈ, ਜਿੱਥੇ ਮਰੀਜ਼ਾਂ ਨੂੰ ਹੁਣ ਲੰਮੀਆਂ ਲਾਈਨਾਂ ਵਿੱਚ ਨਹੀਂ ਲੱਗਣਾ ਪਵੇਗਾ, ਸਿਰਫ ਮਰੀਜ਼ ਨੂੰ ਆਪਣੇ ਮੋਬਾਈਲ ਵਿੱਚ ਬਾਰ ਕੋਡ ਸਕੈਨ ਕਰਕੇ ਡਾਕਟਰ ਨੂੰ ਮਿਲਿਆ ਜਾ ਸਕੇਗਾ। ਇਸ ਨਾਲ ਮਰੀਜ਼ ਦੀ ਸਮੇਂ ਦੀ ਬੱਚਤ ਹੋਵੇਗੀ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਵਲ ਸਰਜਨ ਤਰਨ ਤਾਰਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਕਰਦਿਆਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਮਰੀਜ਼ਾਂ ਦੀ ਸਹੂਲਤ ਅਤੇ ਸਮੇਂ ਦੀ ਬੱਚਤ ਲਈ ਆਯੂਸ਼ਮਾਨ ਭਾਰਤ ਹੈਲਥ ਅਕਾਊਂਟ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤਹਿਤ ਮਰੀਜ਼ਾਂ ਨੂੰ ਪਰਚੀ ਕਟਵਾਉਣ ਲਈ ਲੰਬੀ ਕਤਾਰਾਂ ਵਿੱਚ ਲੱਗਣ ਦੀ ਲੋੜ ਨਹੀਂ ਹੈ । ਮਰੀਜ਼ ਆਪਣੇ ਸਮਾਰਟ ਫੋਨ ਤੇ ਕੋਡ ਸਕੈਨ ਕਰ ਕੇ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ, ਤੇ ਟੋਕਨ ਨੰਬਰ ਜਾਰੀ ਹੋਣ ਤੇ ਪਰਚੀ ਪ੍ਰਾਪਤ ਕੀਤੀ ਜਾ ਸਕਦੀ ਹੈ। ਡਾ. ਰਾਏ ਨੇ ਦੱਸਿਆ ਕਿ ਇਸ ਐਪ ਦਾ ਲਾਭ ਇਹ ਹੈ, ਕਿ ਪਰਚੀ ਕਟਵਾਉਣ ਦੌਰਾਨ ਡਾਟਾ ਐਂਟਰੀ ਦੌਰਾਨ ਹੋਣ ਵਾਲੀਆਂ ਗਲਤੀਆਂ ਵਿਚ ਸੁਧਾਰ ਹੋਵੇਗਾ। ਨਾਲ ਹੀ ਮਰੀਜ਼ ਨੂੰ ਆਪਣੀਆਂ ਰਿਪੋਰਟਾਂ ਦਾ ਰਿਕਾਰਡ ਵੀ ਡਿਜੀਟਲ ਹੋ ਜਾਵੇਗਾ, ਜਿਸ ਤਹਿਤ ਮਰੀਜ਼ਾਂ ਨੂੰ ਹੁਣ ਆਪਣੇ ਨਾਲ ਰਿਪੋਰਟਾਂ ਲੈ ਕੇ ਜਾਣ ਦੀ ਵੀ ਲੋੜ ਨਹੀਂ ਹੈ ।
ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਸਤਵਿੰਦਰ ਭਗਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਯੂਸ਼ਮਾਨ ਭਾਰਤ ਡਿਜੀਟਲ ਮਿਸ਼ਨ ਤਹਿਤ ਜ਼ਿਲ੍ਹਾ ਹਸਪਤਾਲ ਤਰਨ ਤਾਰਨ ਮਹੀਨਾ ਮਈ ਵਿਚ ਪੂਰੇ ਪੰਜਾਬ ਵਿੱਚੋਂ ਦੂਸਰੇ ਨੰਬਰ ਤੇ ਆਇਆ ਹੈ। ਇਸ ਸਬੰਧੀ ਜ਼ਿਲ੍ਹਾ ਮੌਨੀਟਰਿੰਗ ਐਂਡ ਇਵੈਲੂਏਸ਼ਨ ਅਫਸਰ ਵੱਲੋਂ ਮਰੀਜ਼ਾਂ ਨੂੰ ਏ.ਬੀ.ਡੀ.ਐਮ. ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਤਰਨ ਤਾਰਨ ਡਾ: ਸਰਬਜੀਤ ਸਿੰਘ ਵੀ ਮੌਜੂਦ ਸਨ।