ਬੰਦ ਕਰੋ

ਜਿਲੇ ਦੇ ਵਿੱਚ ਲੱਗਣਗੇ ਵਿਸ਼ੇਸ਼ ਐਮ ਆਰ ਟੀਕਾਕਰਨ ਕੈਂਪ, ਕੋਈ ਵੀ ਯੋਗ ਬੱਚਾ ਨਾ ਰਹੇ ਵਾਂਝਾ: ਸਿਵਲ ਸਰਜਨ ਡਾ ਗੁਰਪ੍ਰੀਤ ਸਿੰਘ ਰਾਏ

ਪ੍ਰਕਾਸ਼ਨ ਦੀ ਮਿਤੀ : 23/06/2025

ਜਿਲੇ ਦੇ ਵਿੱਚ ਲੱਗਣਗੇ ਵਿਸ਼ੇਸ਼ ਐਮ ਆਰ ਟੀਕਾਕਰਨ ਕੈਂਪ, ਕੋਈ ਵੀ ਯੋਗ ਬੱਚਾ ਨਾ ਰਹੇ ਵਾਂਝਾ: ਸਿਵਲ ਸਰਜਨ ਡਾ ਗੁਰਪ੍ਰੀਤ ਸਿੰਘ ਰਾਏ

ਤਰਨ ਤਾਰਨ, 19 ਜੂਨ

ਜ਼ਿਲਾ ਤਰਨ ਤਾਰਨ ਦੇ ਸਿਵਲ ਸਰਜਨ ਡਾ ਗੁਰਪ੍ਰੀਤ ਸਿੰਘ ਰਾਏ ਦੀ ਪ੍ਰਧਾਨਗੀ ਅਤੇ ਜ਼ਿਲਾ ਟੀਕਾਕਰਨ ਅਫਸਰ ਡਾ ਵਰਿੰਦਰ ਪਾਲ ਕੌਰ ਦੀ ਅਗਵਾਈ  ਹੇਠ ਵੀਰਵਾਰ ਨੂੰ ਜ਼ਿਲ੍ਹੇ ਦੇ ਵਿੱਚ ਚੱਲ ਰਹੇ ਟੀਕਾਕਰਨ ਪ੍ਰੋਗਰਾਮ ਸਬੰਧੀ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਵੱਖ-ਵੱਖ ਬਲਾਕਾਂ ਤੋਂ ਬਲਾਕ ਐਕਸਟੈਂਸ਼ਨ ਐਜੂਕੇਟਰਜ, ਮਲਟੀਪਰਪਜ ਹੈਲਥ ਸੁਪਰਵਾਈਜ਼ਰ (ਫੀਮੇਲ) ਅਤੇ ਬੀ.ਐਸ.ਏਜ ਵੱਲੋਂ ਹਿੱਸਾ ਲਿਆ ਗਿਆ। ਇਸ ਮੌਕੇ ਵਿਸ਼ਵ ਸਿਹਤ ਸੰਸਥਾ ਦੇ ਨੁਮਾਇੰਦੇ ਡਾ ਇਸ਼ਿਤਾ ਵੱਲੋਂ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਗਈ।

ਮੀਟਿੰਗ ਦੌਰਾਨ ਸਿਵਲ ਸਰਜਨ ਡਾ ਗੁਰਪ੍ਰੀਤ ਸਿੰਘ ਰਾਏ ਵੱਲੋਂ ਵਿਸ਼ੇਸ਼ ਤੌਰ ‘ਤੇ ਜ਼ਿਲੇ ਦੇ ਵਿੱਚ ਲੱਗਣ ਵਾਲੇ ਮੀਜ਼ਲਜ ਰੂਬੈਲਾ (ਐਮ.ਆਰ) ਟੀਕਿਆਂ ਦੀਆਂ ਦੋਵੇਂ ਖੁਰਾਕਾਂ ਦੀ ਸਮੀਖਿਆ ਬੜੀ ਹੀ ਬਰੀਕੀ ਨਾਲ ਕੀਤੀ। ਉਨ੍ਹਾਂ ਕਿਹਾ ਕਿ ਜ਼ਿਲੇ ਦੇ ਵਿੱਚ ਐਮ. ਆਰ ਟੀਕੇ ਦੀ ਔਸਤ ਨੂੰ ਸੁਧਾਰਨ ਦੇ ਲਈ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਦੇ ਵਿੱਚ ਵਿਸ਼ੇਸ਼ ਐਮ ਆਰ ਟੀਕਾਕਰਨ ਕੈਂਪਾਂ ਦਾ ਆਯੋਜਨ ਕਰ ਰਿਹਾ ਹੈ। ਉਹਨਾਂ ਕਿਹਾ ਕਿ ਬਲਾਕਾਂ ਦੇ ਸੀਨੀਅਰ ਮੈਡੀਕਲ ਅਫਸਰ ਵੱਲੋਂ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗਾ, ਕਿ ਉਹਨਾਂ ਦੇ ਬਲਾਕਾਂ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਵਿਸ਼ੇਸ਼ ਐਮ ਆਰ ਟੀਕਾਕਰਨ ਕੈਂਪ ਨਿਰੰਤਰ ਲੱਗਦੇ ਰਹਿਣਗੇ ਅਤੇ ਜਿਹੜੇ ਵੀ ਬੱਚੇ ਇਹਨਾਂ ਟੀਕਿਆਂ ਤੋਂ ਵਾਂਝੇ ਹਨ, ਉਹਨਾਂ ਨੂੰ ਤੁਰੰਤ ਇਹ ਟੀਕੇ ਲਗਾਏ ਜਾਣ।

ਸਿਵਲ ਸਰਜਨ ਡਾ ਗੁਰਪ੍ਰੀਤ ਸਿੰਘ ਰਾਏ ਨੇ ਕਿਹਾ ਕਿ ਮਲਟੀਪਰਪਜ ਹੈਲਥ ਵਰਕਰ (ਫੀਮੇਲ) ਵੱਲੋਂ ਆਪਣੇ ਆਪਣੇ ਪਿੰਡਾਂ ਦੇ ਵਿੱਚ ਵਿਸ਼ੇਸ਼ ਕੈਂਪ ਲਗਾ ਕੇ ਐਮ ਆਰ ਦੀਆਂ ਖੁਰਾਕਾਂ ਯੋਗ ਬੱਚਿਆਂ ਨੂੰ ਲਗਾਈਆਂ ਜਾਣ ਅਤੇ ਯੂ-ਵਿਨ ਪੋਰਟਲ ਦੇ ਉੱਤੇ ਯੋਗ ਬੱਚੇ ਦੀ ਜਾਣਕਾਰੀ ਦਿਓ ਰੋਜਾਨਾ ਅਪਲੋਡ ਕੀਤਾ ਜਾਵੇ। ਜ਼ਿਲਾ ਟੀਕਾਕਰਨ ਅਫਸਰ ਡਾ ਵਰਿੰਦਰ ਪਾਲ ਕੌਰ ਨੇ ਕਿਹਾ ਕਿ ਐਮ ਆਰ ਟੀਕਾਕਰਨ ਸਬੰਧੀ ਲੱਗਣ ਵਾਲੇ ਕੈਂਪਾਂ ਦਾ ਨਿਰੀਖਣ ਉਹਨਾਂ ਵੱਲੋਂ ਵਿਸ਼ੇਸ਼ ਤੌਰ ਤੇ ਕੀਤਾ ਜਾਵੇਗਾ। ਉਹਨਾਂ ਕਿਹਾ ਕਿ  ਜ਼ਿਲਾ ਹੈਡਕੁਆਟਰ ਵੱਲੋਂ ਯੋਗ ਬੱਚਿਆਂ ਦੀ ਸੂਚੀ ਨੂੰ ਵੱਖ-ਵੱਖ ਬਲਾਕਾਂ ਦੇ ਨਾਲ ਸਾਂਝਾ ਕਰ ਦਿੱਤਾ ਗਿਆ ਹੈ ਅਤੇ ਸਿਹਤ ਕਰਮੀਆਂ ਨੂੰ ਹਿਦਾਇਤ ਕੀਤੀ ਗਈ ਹੈ, ਕਿ ਉਹ ਸੂਚੀ ਮੁਤਾਬਿਕ ਤੁਰੰਤ ਬੱਚਿਆਂ ਦਾ ਐਮ ਆਰ ਟੀਕਾਕਰਨ ਨੂੰ ਯਕੀਨੀ ਬਣਾਓਣ।

ਉਹਨਾਂ ਕਿਹਾ ਕਿ ਬਲਾਕਾਂ ਦੇ ਸੀਨੀਅਰ ਮੈਡੀਕਲ ਅਫਸਰਾਂ ਵੀ ਵਿਸ਼ੇਸ਼ ਕੈਂਪਾਂ ਦਾ ਨਿਰੀਖਣ ਕਰਨ ਅਤੇ ਮਾਸ ਮੀਡੀਆ ਵਿੰਗ ਵੱਲੋਂ ਇਹਨਾਂ ਕੈਂਪਾਂ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾਵੇ, ਤਾਂ ਜੋ ਐਮ ਆਰ ਟੀਕੇ ਤੋਂ ਵਾਂਝੇ ਬੱਚਿਆਂ ਨੂੰ ਇਹ ਲਾਭ ਪਹੁੰਚ ਸਕੇ। ਡਾ ਵਰਿੰਦਰ ਪਾਲ ਕੌਰ ਨੇ ਕਿਹਾ ਕਿ ਕੈਂਪਾਂ ਦੌਰਾਨ ਹੋਈ ਐਮ ਆਰ ਟੀਕਾਕਰਨ ਦੀ ਕਵਰੇਜ ਬਾਰੇ ਰੋਜਾਨਾ ਰਿਵਿਊ ਮੀਟਿੰਗ ਕੀਤੀ ਜਾਵੇਗੀ। ਵਿਸ਼ਵ ਸਿਹਤ ਸੰਸਥਾ ਦੇ ਡਾ ਇਸ਼ਿਤਾ ਵੱਲੋਂ ਜ਼ਿਲੇ ਦੇ ਵੱਖ ਵੱਖ ਬਲਾਕਾਂ ਦੇ ਵਿੱਚ ਲੱਗਣ ਵਾਲੇ ਟੀਕਿਆਂ ਦੀ ਔਸਤ ਨੂੰ ਸਿਹਤ ਕਰਮੀਆਂ ਨਾਲ ਸਾਂਝਾ ਕੀਤਾ। ਇਸ ਮੌਕੇ ਜ਼ਿਲਾ ਐਪੀਡਮੋਲੋਜਿਸਟ ਡਾ ਰਾਘਵ ਗੁਪਤਾ ਡਾ ਅਵਲੀਨ ਕੌਰ ਅਤੇ ਵੀ ਸੀ ਸੀ ਐਮ ਮਨਦੀਪ ਸਿੰਘ ਆਦਿ ਮੌਜੂਦ ਰਹੇ।