A review of preparations for the 2019 Lok Sabha elections

Publish Date : 13/03/2019

ਜ਼ਿਲਾ ਚੋਣ ਅਫ਼ਸਰ ਵੱਲੋਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਸਵੀਪ ਗਤੀਵਿਧੀਆਂ ਹੋਰ ਤੇਜ਼ੀ ਨਾਲ ਚਲਾਉਣ ਦੀ ਹਦਾਇਤ
ਲੋਕ ਸਭਾ ਚੋਣਾਂ-2019 ਦੀਆਂ ਤਿਆਰੀਆਂ ਸਬੰਧੀ ਜਾਇਜ਼ਾ ਲਿਆ
ਤਰਨ ਤਾਰਨ, 12 ਮਾਰਚ
ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਗਈ ਵਿਸ਼ੇਸ ਮੀਟਿੰਗ ਦੌਰਾਨ ਲੋਕ ਸਭਾ ਚੋਣਾਂ 2019 ਦੀਆਂ ਤਿਆਰੀਆਂ ਸਬੰਧੀ ਜਾਇਜ਼ਾ ਲਿਆ ਗਿਆ। ਇਸ ਮੌਕੇ ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ ਸਬੰਧੀ ਸਾਰੀਆਂ ਜਿੰਮੇਵਾਰੀਆਂ ਸਮਾਂਬੱਧ ਤਰੀਕੇ ਨਾਲ ਪੂਰੀਆ ਕੀਤੀਆਂ ਜਾਣ।
ਮੀਟਿੰਗ ਦੌਰਾਨ ਜ਼ਿਲਾ ਚੋਣ ਅਫ਼ਸਰ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲੇ ਵਿਚ ਹਰ ਇਕ ਯੋਗ ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰੇ, ਇਸ ਲਈ ਵੋਟਰਾਂ ਨੂੰ ਜਾਗਰੂਕ ਕਰਨ ਲਈ ਸਵੀਪ ਗਤੀਵਿਧੀਆਂ ਵਿਚ ਹੋਰ ਤਜ਼ੀ ਲਿਆਂਦੀ ਜਾਵੇ। ਉਨਾਂ ਨੇ ਕਿਹਾ ਕਿ ਵੋਟ ਪਾਉਣਾ ਸਾਡਾ ਮੌਲਿਕ ਅਧਿਕਾਰ ਹੈ ਅਤੇ ਹਰ ਇਕ ਨੂੰ ਇਸ ਅਧਿਕਾਰ ਦਾ ਇਸਤੇਮਾਲ ਬਿਨਾਂ ਕਿਸੇ ਡਰ, ਭੈਅ ਅਤੇ ਲਾਲਚ ਦੇ ਕਰਨਾ ਚਾਹੀਦਾ ਹੈ।
ਮੀਟਿੰਗ ਦੌਰਾਨ ਉਹਨਾਂ ਕਿਹਾ ਕਿ ਇਸ ਵਾਰ ਚੋਣ ਡਿਊਟੀ ਵਾਲੇ ਅਮਲੇ ਨੂੰ ਵੀ ਵੋਟ ਪਾਉਣ ਲਈ ਵੱਧ ਤੋਂ ਵੱਧ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨਾਂ ਨੇ ਕਿਹਾ ਕਿ ਚੋਣ ਅਮਲਾ ਪੋਸਟਲ ਬੈਲਟ ਪੇਪਰ ਨਾਲ ਵੋਟ ਪਾ ਸਕੇਗਾ। ਜ਼ਿਲੇ ਵਿਚ ਇਸ ਸਬੰਧੀ ਨੋਡਲ ਅਫਸਰ ਤਾਇਨਾਤ ਕੀਤਾ ਗਿਆ ਹੈ, ਜੋ ਕਿ ਇਸ ਸਬੰਧੀ ਸਾਰੀਆਂ ਕਾਰਵਾਈਆਂ ਮੁਕੰਮਲ ਕਰੇਗਾ। ਉਨਾਂ ਨੇ ਕਿਹਾ ਕਿ ਚੋਣ ਅਮਲੇ ਨੂੰ ਵੀ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਦਿਵਿਆਂਗ ਲੋਕ ਵੀ ਅਸਾਨੀ ਨਾਲ ਮਤਦਾਨ ਕੇਂਦਰ ‘ਤੇ ਆ ਕੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਸਕਣ, ਇਸ ਲਈ ਵੀ ਚੋਣ ਕਮਿਸ਼ਨ ਵੱਲੋਂ ਵਿਸੇਸ਼ ਇੰਤਜ਼ਾਮ ਕੀਤੇ ਜਾ ਰਹੇ ਹਨ।
ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਸੰਦੀਪ ਰਿਸ਼ੀ, ਐੱਸ. ਡੀ. ਐੱਮ. ਤਰਨ ਤਾਰਨ ਸ੍ਰੀ ਸੁਰਿੰਦਰ ਸਿੰੰਘ, ਐੱਸ. ਡੀ. ਐੱਮ. ਖਡੂਰ ਸਾਹਿਬ ਸ੍ਰੀ ਕੁਲਪ੍ਰੀਤ ਸਿੰਘ, ਐੱਸ. ਡੀ. ਐੱਮ. ਪੱਟੀ ਸ੍ਰੀ ਅਨਮੋਲ ਸਿੰਘ ਧਾਲੀਵਾਲ, ਐੱਸ. ਪੀ. ਹੈੱਡ ਕੁਆਟਰ ਸ੍ਰੀ ਗੌਰਵ ਤੂਰਾ, ਸਹਾਇਕ ਕਮਿਸ਼ਨਰ ਜਨਰਲ ਸ਼੍ਰੀ ਹਰਦੀਪ ਸਿੰਘ ਧਾਲੀਵਾਲ, ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਦਵਿੰਦਰ ਕੁਮਾਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
—————