Close

Chief Minister Capt. Amarinder Singh launches 56 new services at Service Centers through virtual events

Publish Date : 10/02/2021
DC Sir
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਰਚੁਅਲ ਸਮਾਗਮ ਰਾਹੀਂ ਸੇਵਾ ਕੇਂਦਰਾਂ ਵਿਖੇ 56 ਨਵੀਆਂ ਸੇਵਾਵਾਂ ਦੀ ਸ਼ੁਰੂਆਤ
ਇੱਕ ਛੱਤ ਹੇਠ ਸੇਵਾਵਾਂ ਮੁਹੱਈਆ ਹੋਣ ਨਾਲ ਲੋਕਾਂ ਨੂੰ ਵੱਖ-ਵੱਖ ਦਫਤਰਾਂ ਵਿਚ ਜਾਣ ਤੋਂ ਮਿਲੇਗੀ ਨਿਜਾਤ 
ਡਿਪਟੀ ਕਮਿਸ਼ਨਰ ਵੱਲੋਂ ਸੇਵਾ ਕੇਂਦਰ ਵਿੱਚ ਸੇਵਾਵਾਂ ਦਾ ਲਾਭ ਪ੍ਰਾਪਤ ਕਰਨ ਵਾਲੇ ਲਾਭਪਾਤਰੀਆਂ ਨੂੰ ਦਿੱਤੇ ਗਏ ਸੇਵਾਵਾਂ ਦੇ ਦਸਤਾਵੇਜ਼ 
ਤਰਨ ਤਾਰਨ, 09 ਫਰਵਰੀ :
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਇੱਕ ਵਰਚੁਅਲ ਸਮਾਗਮ ਰਾਹੀਂ ਅੱਜ ਰਾਜ ਭਰ ਦੇ ਸੇਵਾ ਕੇਂਦਰਾਂ ਵਿਖੇ 56 ਨਵੀਆਂ ਨਾਗਰਿਕ ਸੇਵਾਵਾਂ ਦੀ ਸ਼ੁਰੂਆਤ ਕੀਤੀ ਗਈ।ਇਸ ਮੌਕੇ ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰਾਂ ਵਿਖੇ ਪਹਿਲਾਂ ਲੱਗਭੱਗ 271 ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।ਉਨ੍ਹਾਂ ਕਿਹਾ ਕਿ 56 ਨਵੀਆਂ ਸੇਵਾਵਾਂ ਜਿਸ ਵਿਚ ਟਰਾਂਸਪੋਰਟ ਵਿਭਾਗ ਨਾਲ ਸਬੰਧਤ 35, ਪੁਲਿਸ ਵਿਭਾਗ (ਸਾਂਝ ਕੇਂਦਰ) ਨਾਲ ਸਬੰਧਤ 20 ਅਤੇ 1 ਸੇਵਾ ਮਾਲ ਵਿਭਾਗ ਨਾਲ ਸਬੰਧਤ ਸੇਵਾ ਕੇਂਦਰਾਂ ਵਿਖੇ ਸ਼ੁਰੂ ਕੀਤੀ ਗਈ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਅੰਦਰ 516 ਸੇਵਾ ਕੇਂਦਰ ਚੱਲ ਰਹੇ ਹਨ ਜਿਸ ਵਿਚ 247 ਸ਼ਹਿਰੀ ਖੇਤਰ ਅਤੇ 269 ਸੇਵਾ ਕੇਂਦਰ ਪੇਂਡੂ ਖੇਤਰ ਵਿਖੇ ਆਪਣੀਆਂ ਸੇਵਾਵਾਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਕ ਛੱਤ ਹੇਠ ਸੇਵਾਵਾਂ ਮੁਹੱਈਆ ਹੋਣ ਨਾਲ ਲੋਕਾਂ ਨੂੰ ਵੱਖ-ਵੱਖ ਦਫਤਰਾਂ ਵਿਚ ਜਾਣ ਤੋਂ ਨਿਜਾਤ ਮਿਲੀ ਹੈ ਤੇ ਖੱਜਲ ਖੁਆਰੀ ਵੀ ਘੱਟੀ ਹੈ।
ਇਸ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਅਤੇ ਹੋਰ ਅਧਿਕਾਰੀਆਂ ਵੱਲੋਂ ਆੱਨਲਾਈਨ ਸ਼ਿਰਕਤ ਕੀਤੀ ਗਈ ।ਇਸ ਤੋਂ ਇਲਾਵਾ ਜ਼ਿਲ੍ਹੇ ਦੇ ਸਮੂਹ ਸੇਵਾ ਕੇਂਦਰਾਂ ਅਤੇ 58 ਸਕੂਲਾਂ ਵਿੱਚ ਵੀ ਆੱਨਲਾਈਨ ਪ੍ਰੋਗਰਾਮ ਆਯੋਜਿਤ ਕੀਤੇ ਗਏ ਅਤੇ ਵਸਨੀਕਾਂ ਨੂੰ ਸੇਵਾ ਕੇਂਦਰਾਂ ਰਾਹੀਂ 56 ਹੋਰ ਵੱਖ ਵੱਖ ਤਰ੍ਹਾਂ ਦੀਆਂ ਨਵੀਆਂ ਸੇਵਾਵਾਂ ਮੁਹੱਈਆਂ ਕਰਨ ਦੀ ਸ਼ੁਰੂਆਤ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਇਹ ਸੇਵਾਵਾਂ ਸੇਵਾ ਕੇਂਦਰਾਂ ਰਾਹੀਂ ਮਿਲ ਰਹੀਆਂ ਮੌਜੂਦਾ 271 ਸੇਵਾਵਾਂ ਤੋਂ ਇਲਾਵਾ ਹੋਣਗੀਆ।ਡਰਾਈਵਿੰਗ ਲਾਇਸੈਂਸ, ਵਾਹਨ ਰਜਿਸਟਰੇਸ਼ਨ ਸਰਟੀਫਿਕੇਟ, ਹਰ ਤਰ੍ਹਾਂ ਦੀ ਐਨ.ਓ.ਸੀ. ਹਾਈਪੋਥੀਕੇਸ਼ਨ ਮਿਲਣ ਦਾ ਸਮਾਂ ਲੈਣ ਸਬੰਧੀ ਅਤੇ ਮਾਲਕੀ ਤਬਾਦਲਾ ਆਦਿ ਨਾਲ ਸਬੰਧਿਤ 35 ਸੇਵਾਵਾਂ ਟਰਾਂਸਪੋਰਟ ਵਿਭਾਗ ਵਲੋਂ ਮੁਹੱਈਆ ਹੋਣਗੀਆਂ।
ਪੁਲਿਸ ਵਿਭਾਗ ਨਾਲ ਸਬੰਧਿਤ ਸਾਂਝ ਕੇਂਦਰ ਸੇਵਾਵਾਂ ਰਾਹੀਂ ਨਾਗਰਿਕ ਸ਼ਿਕਾਇਤਾਂ, ਐਫ. ਆਈ. ਆਰ., ਡੀ. ਡੀ. ਆਰ ਰਿਪੋਰਟਾਂ ਆਦਿ ਦੀਆਂ ਨਕਲਾਂ ਹਰ ਤਰ੍ਹਾਂ ਦਾ ਪੁਲਿਸ ਤਸਦੀਕੀਕਰਨ, ਹਰ ਤਰ੍ਹਾਂ ਦੀ ਐਨ. ਓ. ਸੀ ਅਤੇ ਪੁਲਿਸ ਪ੍ਰਵਾਨਗੀਆਂ ਆਦਿ ਨਾਲ ਸਬੰਧਿਤ 20 ਸੇਵਾਵਾਂ ਨਾਗਰਿਕ ਨੂੰ ਮਿਲਣਗੀਆਂ ਅਤੇ ਮਾਲ ਵਿਭਾਗ ਵਲੋਂ ਫਰਦ ਦੀਆਂ ਨਕਲ ਬਹੁਤ ਜਲਦੀ ਮਿਲਣਗੀਆਂ।
ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਸੇਵਾ ਕੇਂਦਰ ਵਿੱਚ ਸੇਵਾਵਾਂ ਦਾ ਲਾਭ ਪ੍ਰਾਪਤ ਕਰਨ ਵਾਲੇ ਲਾਭਪਾਤਰੀਆਂ ਨੂੰ ਸੇਵਾਵਾਂ ਦੇ ਦਸਤਾਵੇਜ਼ ਵੀ ਦਿੱਤੇ ਗਏ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਜਗਵਿੰਦਰਜੀਤ ਸਿੰਘ ਗਰੇਵਾਲ ਅਤੇ ਐੱਸ. ਪੀ. ਹੈੱਡ-ਕੁਆਟਰ ਸ੍ਰੀ ਗੁਰਨਾਮ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।