Close

Competitive performance of art by students during online summer camps of government schools

Publish Date : 07/06/2021
Env

ਸਰਕਾਰੀ ਸਕੂਲਾਂ ਦੇ ਆਨਲਾਈਨ ਸਮਰ ਕੈਂਪਾਂ ਦੌਰਾਨ ਵਿਦਿਆਰਥੀਆਂ ਵੱਲੋਂ ਕਲਾ ਦਾ ਕਾਬਲੇ ਤਾਰੀਫ਼ ਪ੍ਰਦਰਸ਼ਨ
ਸਰੀਰਕ ਅਤੇ ਮਾਨਸਿਕ ਫਿਟਨੈੱਸ ਲਈ ਵੀ ਕੀਤੀਆਂ ਜਾ ਰਹੀਆਂ ਨੇ ਗਤੀਵਿਧੀਆਂ
ਤਰਨਤਾਰਨ, 6 ਜੂਨ :
ਸਰਕਾਰੀ ਸਕੂਲਾਂ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਸਵੈ ਇੱਛਾ ਨਾਲ ਲਗਾਏ ਜਾ ਰਹੇ ਆਨਲਾਈਨ ਸਮਰ ਕੈਂਪਾਂ ਦੌਰਾਨ ਵਿਦਿਆਰਥੀਆਂ ਦੀ ਪ੍ਰਤਿਭਾ ਨਿੱਖਰ ਕੇ ਸਾਹਮਣੇ ਆ ਰਹੀ ਹੈ।
ਸ਼੍ਰੀ ਰਾਜੇਸ਼ ਕੁਮਾਰ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਤਰਨਤਾਰਨ ਅਤੇ ਸ਼੍ਰੀ ਸਤਿਨਾਮ ਸਿੰਘ ਬਾਠ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤਰਨਤਾਰਨ ਨੇ ਦੱਸਿਆ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਪ੍ਰੇਰਨਾ ਸਦਕਾ ਜਿਲ੍ਹੇ ਦੇ ਸਰਕਾਰੀ ਪ੍ਰਾਇਮਰੀ, ਮਿਡਲ,ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵੱਲੋਂ ਸਵੈ ਇੱਛਾ ਨਾਲ ਆਨਲਾਈਨ ਸਮਰ ਕੈਂਪ ਲਗਾਏ ਜਾ ਰਹੇ ਹਨ।
ਸਮਰ ਕੈਂਪਾਂ ਦੇ ਮਹੱਤਵ ਬਾਰੇ ਦੱਸਦਿਆਂ ਸਿੱਖਿਆ ਅਧਿਕਾਰੀ ਨੇ ਕਿਹਾ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਰਾਬਤੇ ਦੀ ਲਗਾਤਾਰਤਾ ਖਾਸ ਕਰਕੇ ਮਹਾਂਮਾਰੀ ਦੇ ਸਮੇਂ ਦੌਰਾਨ ਸਮਰ ਕੈਂਪ ਸਮੇਂ ਦੀ ਮੁੱਖ ਜਰੂਰਤ ਹੈ।ਉਹਨਾਂ ਦੱਸਿਆ ਕਿ ਸਵੈ ਇੱਛਾ ਨਾਲ ਲਗਾਏ ਜਾ ਰਹੇ ਸਮਰ ਕੈਂਪ ਦੇ ਦਿਨਾਂ ਦੀ ਗਿਣਤੀ ਅਤੇ ਸਮਾਂ ਸਕੂਲਾਂ ਵੱਲੋਂ ਵਿਦਿਆਰਥੀਆਂ ਦੀ ਸਹੂਲਤ ਅਨੁਸਾਰ ਆਪਣੇ ਪੱਧਰ `ਤੇ ਹੀ ਨਿਸ਼ਚਤ ਕੀਤਾ ਜਾਂਦਾ ਹੈ।
ਇਹਨਾਂ ਆਨਲਾਈਨ ਕੈਂਪਾਂ ਦੌਰਾਨ ਵਿਦਿਆਰਥੀਆਂ ਵੱਲੋਂ ਸਭਿਆਚਾਰਕ ਪੇਸ਼ਕਾਰੀਆਂ, ਕਵਿਤਾ/ ਗੀਤ ਗਾਇਨ,ਸੁੁੰਦਰ ਲਿਖਾਈ,ਪੇਂਟਿੰਗ, ਮਿੱਟੀ ਤੋਂ ਮੂਰਤੀਆਂ/ਆਕ੍ਰਿਤੀਆਂ ਬਣਾਉਣ, ਲੜਕੀਆਂ ਵੱਲੋਂ ਮਹਿੰਦੀ ਲਗਾਉਣ,ਲੜਕਿਆਂ ਵੱਲੋਂਂ ਦਸਤਾਰ ਸਜਾਉਣ,ਸਰੀਰਕ ਫਿਟਨੈੱਸ ਵਜੋਂ ਯੋਗ ਅਤੇ ਰੱਸੀ ਟੱਪਣ ਆਦਿ ਕ੍ਰਿਆਵਾਂ ਕੀਤੀਆਂ ਜਾ ਰਹੀਆਂ ਹਨ।ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਸਮੇਂ ਸਮੇਂ `ਤੇ ਜਿਲ੍ਹਾ ਅਤੇ ਸਟੇਟ ਪੱਧਰ ਦੇ ਅਧਿਕਾਰੀਆਂ ਸਮੇਤ ਗੁਣਾਤਮਕ ਸੁਧਾਰਾਂ ਲਈ ਕੰਮ ਕਰਦੀਆਂ ਟੀਮਾਂ ਵੱਲੋਂ ਵੀ ਆਨਲਾਈਨ ਕੈਂਪਾਂ ਵਿੱਚ ਸ਼ਮੂਲੀਅਤ ਕਰਕੇ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ਕੀਤੀ ਜਾਂਦੀ ਹੈ।
ਸ਼੍ਰੀ ਪਰਮਜੀਤ ਸਿੰਘ ਉਪ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਤਰਨਤਾਰਨ ਅਤੇ ਸ਼੍ਰੀ ਗੁਰਬਚਨ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤਰਨਤਾਰਨ ਨੇ ਦੱਸਿਆ ਕਿ ਸਮਰ ਕੈਂਪਾਂ ਦੀਆਂ ਗਤੀਵਿਧੀਆਂ ਜਿੱਥੇ ਬਾਲ ਮਨਾਂ ਅੰਦਰ ਛੁਪੀਆਂ ਕੋਮਲ ਕਲਾਵਾਂ ਦੇ ਉਭਾਰ ਅਤੇ ਨਿਖਾਰ ਦਾ ਅਵਸਰ ਬਣ ਰਹੀਆਂ ਹਨ,ਉੱਥੇ ਹੀ ਵਿਦਿਆਰਥੀਆਂ ਦੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਦਾ ਵੀ ਸਬੱਬ ਬਣ ਰਹੀਆਂ ਹਨ।ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਇਹਨਾਂ ਸਮਰ ਕੈਂਪਾਂ ਦੀਆਂ ਗਤੀਵਿਧੀਆਂ ਵਿਦਿਆਰਥੀਆਂ ਦੀ ਸਖਸ਼ੀਅਤ ਦੇ ਸਰਬਪੱਖੀ ਵਿਕਾਸ ਵਿੱਚ ਮੱਦਦਗਾਰ ਸਿੱਧ ਹੋਣਗੀਆਂ।ਕੈਂਪਾਂ ਦੌਰਾਨ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਜਾਰੀ ਕੋਰੋਨਾ ਹਦਾਇਤਾਂ ਦੇ ਪਾਲਣ ਅਤੇ ਸਾਵਧਾਨੀਆਂ ਦੇ ਇਸਤੇਮਾਲ ਲਈ ਵੀ ਪ੍ਰੇਰਿਤ ਕੀਤਾ ਜਾਂਦਾ ਹੈ।
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਲਟੋਹਾ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੋਹਲਾ ਸਾਹਿਬ,ਸਰਕਾਰੀ ਹਾਈ ਸਕੂਲ ਮੱਲਮੋਹਰੀ,ਸਰਕਾਰੀ ਮਿਡਲ ਸਕੂਲ ਦੀਨੇਵਾਲ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੌਸ਼ਹਿਰਾ ਪਨੂੰਆਂ, ਸਰਕਾਰੀ ਹਾਈ ਸਕੂਲ ਬੋਪਾਰਾਏ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਠ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਭਰਾਂ,ਸਰਕਾਰੀ ਹਾਈ ਸਕੂਲ ਮੂਸੇ, ਸਰਕਾਰੀ ਪ੍ਰਾਇਮਰੀ ਸਕੂਲ ਹੋਠੀਆਂ, ਸਰਕਾਰੀ ਪ੍ਰਾਇਮਰੀ ਸਕੂਲ ਕਿੜੀਆਂ,ਸਰਕਾਰੀ ਪ੍ਰਾਇਮਰੀ ਸਕੂਲ ਬਰਵਾਲਾ, ਸਰਕਾਰੀ ਪ੍ਰਾਇਮਰੀ ਸਕੂਲ ਰਾਇਪੁਰ ਬਲੀਮ,ਸਰਕਾਰੀ ਪ੍ਰਾਇਮਰੀ ਸਕੂਲ ਦੇਸੂਵਾਲ,ਸਰਕਾਰੀ ਪ੍ਰਾਇਮਰੀ ਸਕੂਲ ਸਰਾਂਏ ਅਮਾਨਤ ਖ਼ਾਂ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਝੁੱਗੀਆਂ ਕਾਲੂ ਆਦਿ ਸਕੂਲਾਂ ਦੇ ਮੁਖੀਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਕੋਰੋਨਾ ਹਦਾਇਤਾਂ ਦੀ ਪਾਲਣਾ ਕਰਦਿਆਂ ਲਗਾਏ ਆਨਲਾਈਨ ਸਮਰ ਕੈਂਪਾਂ `ਚ ਵਿਦਿਆਰਥੀਆਂ ਵੱਲੋਂ ਉਤਸ਼ਾਹ ਅਤੇ ਚਾਅ ਨਾਲ ਸ਼ਿਰਕਤ ਕੀਤੀ ਗਈ।ਸਕੂਲ ਮੁਖੀਆਂ ਨੇ ਦੱਸਿਆ ਕਿ ਸਮਰ ਕੈਂਪ ਉਪਰਾਲੇ ਦੀ ਵਿਦਿਆਰਥੀਆਂ ਦੇ ਮਾਪਿਆਂ ਅਤੇ ਸਮਾਜ ਵੱਲੋਂ ਖੂਬ ਪ੍ਰਸੰਸਾ ਕੀਤੀ ਜਾ ਰਹੀ ਹੈ।