Close

Demand for Applications for Subsidy on Agricultural Equipment under “Successful Farmers-Prosperous Punjab” Scheme

Publish Date : 13/05/2021
DC

‘‘ਕਾਮਯਾਬ ਕਿਸਾਨ-ਖੁਸ਼ਹਾਲ ਪੰਜਾਬ’’ ਸਕੀਮ ਤਹਿਤ ਖੇਤੀਬਾੜੀ ਸੰਦਾਂ ‘ਤੇ ਸਬਸਿਡੀ ਮੁਹੱਈਆ ਕਰਵਾਉਣ ਲਈ ਅਰਜ਼ੀਆਂ ਦੀ ਮੰਗ
ਕਿਸਾਨ ਵੀਰ 26 ਮਈ, 2021 ਤੱਕ ਕਰ ਸਕਦੇ ਹਨ ਆਨਲਾਈਨ ਅਪਲਾਈ
ਤਰਨ ਤਾਰਨ, 13 ਮਈ :
ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਦੀ ‘‘ਕਾਮਯਾਬ ਕਿਸਾਨ-ਖੁਸ਼ਹਾਲ ਪੰਜਾਬ’’ ਸਕੀਮ ਤਹਿਤ ਕਿਸਾਨਾਂ ਨੂੰ ਵਾਤਾਵਰਨ ਪੱਖੀ ਖੇਤੀਬਾੜੀ ਸੰਦਾਂ ਉੱਪਰ ਸਬਸਿਡੀ ਮੁਹੱਈਆ ਕਰਵਾਉਣ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਤਰਨ ਤਾਰਨ ਜ਼ਿਲੇ੍ਹ ਦੇ ਕਿਸਾਨ 26 ਮਈ, 2021 ਤੱਕ ਇਸ ਸਬੰਧੀ ਅਰਜ਼ੀਆਂ ਵਿਭਾਗ ਦੇ ਪੋਰਟਲ  https://agrimachinerypb.com  ‘ਤੇ ਆੱਨਲਾਈਨ ਅਪਲਾਈ ਕਰ ਸਕਦੇ ਹਨ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੀਮ ਦਾ ਮੁੱਖ ਮੰਤਵ ਆਧੁਨਿਕ ਵਾਤਾਵਰਨ ਪੱਖੀ ਖੇਤੀਬਾੜੀ ਉਪਰਕਣਾਂ ਦੁਆਰਾ ਵਾਤਾਵਰਨ ਨੂੰ ਹਵਾ ਪ੍ਰਦੂਸ਼ਣ ਤੋਂ ਬਚਾਉਣਾ ਅਤੇ ਫਸਲਾਂ ਦੀ ਰਹਿੰਦ ਖੂੰਹਦ ਨੂੰ ਸਾੜਨ ਨਾਲ ਹੋਣ ਵਾਲੇ ਪੌਸ਼ਟਿਕ ਤੱਤਾਂ ਅਤੇ ਮਿੱਟੀ ਦੇ ਸੂਖਮ ਜੀਵ ਜੰਤੂਆਂ ਦੇ ਨੁਕਸਾਨ ਨੂੰ ਰੋਕਣਾ ਹੈ। ਇਨਾਂ ਆਧੁਨਿਕ ਮਸ਼ੀਨਾਂ ਦੀ ਵਰਤੋਂ ਦੁਆਰਾ ਫਸ਼ਲਾਂ ਦੀ ਰਹਿੰਦ ਖੂੰਹਦ ਨੂੰ ਬਹੁਤ ਹੀ ਘੱਟ ਖਰਚੇ ਵਿੱਚ ਮਿੱਟੀ ਵਿੱਚ ਹੀ  ਮਿਲਾਇਆ ਜਾ ਸਕਦਾ ਹੈ।  
ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵੱਖ ਵੱਖ ਫ਼ਸਲਾਂ ਲਈ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਸਬਸਿਡੀ ‘ਤੇ ਉਪਲੱਬਧ ਕਰਵਾਉਣ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।ਇਨਾਂ ਮਸ਼ੀਨਾਂ ਲਈ ਕਿਸਾਨ, ਰਜਿਸਟਰਡ ਫਾਰਮਰ ਗਰੁੱਪ, ਪੰਚਾਇਤ, ਸਹਿਕਾਰੀ ਸਭਾ, ਕਿਸਾਨ ਨਿਰਮਾਤਾ ਸੰਗਠਨ ਬਿਨੈ ਪੱਤਰ ਭੇਜ ਸਕਦੇ ਹਨ।
ਮੁੱਖ ਖੇਤੀਬਾੜੀ ਅਫਸਰ ਤਰਨ ਤਾਰਨ ਸ੍ਰੀ ਕੁਲਜੀਤ ਸਿੰਘ ਸੈਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਰਾਲੀ ਸਾਂਭਣ ਵਾਲੀਆਂ ਮਸ਼ੀਨਾਂ ਜਿਵੇਂ ਕਿ ਬੇਲਰ, ਰੈਕ, ਹੈਪੀ ਸੀਡਰ, ਜੀਰੋ ਟਿਲ ਡਰਿੱਲ, ਸੁਪਰ ਸੀਡਰ, ਉਲਟਾਵੇਂ ਪਲਾਓ, ਚੌਪਰ, ਮਲਚਰ ਆਦਿ ਅਤੇ ਇਸ ਤੋਂ ਇਲਾਵਾ ਹੋਰ ਮਸ਼ੀਨਾਂ ਜਿਵੇਂ ਕਿ ਸਪਰੇਅਰਰ, ਕਪਾਹ ਮੱਕੀ ਬੀਜਣ ਵਾਲੇ ਨਿਊਮੈਟਿਕ ਪਲਾਂਟਰ, ਬਹੁ ਫਸਲੀ ਪਲਾਂਟਰ, ਝੋਨੇ ਲਈ ਡੀ.ਐਸ.ਆਰ. (ਸਿੱਧੀ ਬਿਜਾਈ ਵਾਲੀਆਂ ਮਸ਼ੀਨਾਂ) ਪੈਡੀ ਟਰਾਂਸਪਲਾਂਟਰ, ਆਲੂ ਬੀਜਣ/ਪੁੱਟਣ ਵਾਲੀਆਂ ਮਸ਼ੀਨਾਂ, ਗੰਨੇ ਦੀ ਬਿਜਾਈ ਅਤੇ ਕਟਾਈ ਵਾਲੀਆਂ ਮਸ਼ੀਨਾਂ, ਲੇਜਰ ਲੈਵਲਰ, ਮੱਕੀ ਦੇ ਡਰਾਇਰ, ਵੀਡਰ ਆਦਿ ਮਸ਼ੀਨਾਂ ਸਬਸਿਡੀ ਉੱਪਰ ਮੁਹੱਈਆ ਕਰਵਾਈਆਂ ਜਾਣਗੀਆਂ।
ਮੰਡੀ ਬੋਰਡ ਨਾਲ ਰਜਿਸਟਰਡ ਕਿਸਾਨ ਇਸ ਪੋਰਟਲ ‘ਤੇ ਜਾ ਕੇ ਆਪਣੇ ਆਧਾਰ ਕਾਰਡ ਰਾਹੀਂ ਲਾਗ ਇੰਨ ਹੋ ਸਕਦਾ ਹੈ ਅਤੇ ਅਣ-ਰਜਿਸਟਰਡ ਕਿਸਾਨ/ਗਰੁੱਪ ਆਦਿ ਆਪਣੀ ਨਵੀਂ ਰਜਿਸਟ੍ਰੇਸ਼ਨ ਵੀ ਇਸੇ ਪੋਰਟਲ ‘ਤੇ ਬਹੁਤ ਹੀ ਆਸਾਨ ਤਰੀਕੇ ਨਾਲ ਕਰ ਸਕਦਾ ਹੈ। ਬਿਨੈਕਾਰਾਂ ਵੱਲੋਂ ਦਿੱਤੇ ਜਾਣ ਵਾਲੇ ਸਵੈ ਘੋਸ਼ਣਾ ਪੱਤਰ ਦਾ ਫਾਰਮੇੈਟ ਵੀ ਪੋਰਟਲ ‘ਤੇ ਹੀ ਉਪਲੱਬਧ ਹੈ।
ਉਨਾਂ ਦੱਸਿਆ ਕਿ ਅਰਜ਼ੀ ਭਰਨ ਸਮੇਂ ਕਿਸਾਨ ਪਾਸ ਆਧਾਰ ਕਾਰਡ, ਫੋਟੋ, ਸਵੈ ਘੋਸ਼ਣਾ ਪੱਤਰ ਅਤੇ ਅਨੁਸੂਚਿਤ ਜਾਤੀ ਦਾ ਸਰਟੀਫਿਕੇਟ (ਜੇਕਰ ਬਿਨੈਕਾਰ ਅਨੁਸੂਚਿਤ ਜਾਤੀ ਨਾਲ ਸਬੰਧਤ ਹੋਵੇ) ਹੋਣਾ ਜ਼ਰੂਰੀ ਹੈ। ਗਰੁੱਪਾਂ, ਸੋਸਾਇਟੀਆਂ, ਪੰਚਾਇਤ ਅਤੇ ਹੋਰ ਸੰਸਥਾਵਾਂ ਦੇ ਮੁਖੀ ਅਤੇ ਦੋ ਹੋਰ ਮੈਂਬਰਾਂ ਦਾ ਆਧਾਰ ਕਾਰਡ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਹੋਣਾ ਜ਼ਰੂਰੀ ਹੈ।
ਅਰਜ਼ੀਆਂ ਪ੍ਰਾਪਤ ਹੋਣ ਉਪਰੰਤ ਸਕੀਮ ਦੀਆਂ ਹਦਾਇਤਾਂ ਮੁਤਾਬਿਕ, ਜ਼ਿਲੇਵਾਰ ਦਿੱਤੇ ਟੀਚੇ ਅਤੇ ਵੱਖ ਵੱਖ ਸ੍ਰੇਣੀਆਂ ਮੁਤਾਬਿਕ ਯੋਗ ਬਿਨੈਕਾਰਾਂ ਨੂੰ ਮਸ਼ੀਨਾਂ ਲੈਣ ਲਈ ਮਨਜੂਰੀ ਪੱਤਰ ਉਨਾਂ ਦੇ ਮੋਬਾਇਲ ਰਾਹੀਂ ਮਿਲੇਗਾ ਅਤੇ ਕਿਸਾਨ, ਪੋਰਟਲ ਵਿੱਚ ਦਰਜ ਕਿਸੇ ਵੀ ਮੈਨੂਫੈਕਚਰਰ/ਸਪਲਾਈਰ ਤੋਂ ਮਸ਼ੀਨ ਲੈ ਸਕੇਗਾ।
ਉਨਾਂ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਇਸ ਸਕੀਮ ਦਾ ਜਰੂਰ ਲਾਹਾ ਲੈਣਾ ਚਾਹੀਦਾ ਹੈ। ਇਸ ਸਕੀਮ ਦਾ ਲਾਭ ਕਿਸਾਨ 26 ਮਈ, 2021 ਤੱਕ ਆਪਣੀਆਂ ਅਰਜ਼ੀਆਂ ਆੱਨਲਾਈਨ ਭੇਜ ਕੇ ਪ੍ਰਾਪਤ ਕਰ ਸਕਦੇ ਹਨ। ਉਨਾਂ ਕਿਹਾ ਕਿ ਕਿਸਾਨਾਂ ਨੂੰ ਪੰਜਾਬ ਸਰਕਾਰ ਦੇ ਇਸ ਉਪਰਾਲੇ ਦਾ ਲਾਹਾ ਲੈ ਕੇ ਵਾਤਾਵਰਨ ਪੱਖੀ ਖੇਤੀਬਾੜੀ ਸੰਦਾਂ ਨੂੰ ਅਪਣਾਉਣਾ ਚਾਹੀਦਾ ਹੈ ਤਾਂ ਕਿ ਹਵਾ, ਪਾਣੀ ਅਤੇ ਮਿੱਟੀ ਨੂੰ ਦੂਸ਼ਿਤ ਹੋਣ ਤੋਂ ਰੋਕਿਆ ਜਾ ਸਕੇ।