Close

Deputy Commissioner orders to expedite e-card campaign for eligible applicants under Ayushman Bharat Sarbat Sehat Bima Yojana Orders issued to the officers of the concerned departments to make the eligible beneficiaries aware

Publish Date : 12/02/2021
DC Sir
ਡਿਪਟੀ ਕਮਿਸ਼ਨਰ ਵੱਲੋਂ ਆਯੁਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ ਤਹਿਤ ਯੋਗ ਬਿਨੈਕਾਰਾਂ ਦੇ ਈ-ਕਾਰਡ ਬਣਾਉਣ ਦੀ ਮੁਹਿੰਮ ਤੇਜ਼ ਕਰਨ ਦੇ ਆਦੇਸ਼
ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਯੋਗ ਲਾਭਪਾਤਰੀਆਂ ਨੂੰ ਜਾਗਰੂਕ ਕਰਨ ਦੇ ਦਿੱਤੇ ਆਦੇਸ਼
ਤਰਨ ਤਾਰਨ, 11 ਫਰਵਰੀ :
ਪੰਜਾਬ ਸਰਕਾਰ ਵੱਲੋਂ ਆਯੁਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ ਦੇ ਤਹਿਤ ਹੁਣ ਯੋਗ ਲਾਭਪਾਤਰੀਆਂ ਦੇ ਈ ਕਾਰਡ ਬਣਾਉਣ ਦੀ ਸੁਵਿਧਾ ਸ਼ੁਰੂ ਕਰਵਾ ਦਿੱਤੀ ਗਈ ਹੈ, ਜਿਸ ਨੂੰ ਜ਼ਿਲ੍ਹਾ ਤਰਨ ਤਾਰਨ ਵਿਖੇ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਵੱਲੋਂ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸ਼ੇਸ ਮੀਟਿੰਗ ਕੀਤੀ। 
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਯੋਗ ਲਾਭਪਾਤਰੀਆਂ ਲਈ ਬੇਹੱਦ ਫਾਇਦੇਮੰਦ ਯੋਜਨਾ ਹੈ ਅਤੇ ਇਸ ਯੋਜਨਾ ਦੇ ਤਹਿਤ ਰਜਿਸਟਰਡ ਪਰਿਵਾਰਾਂ ਦਾ 5 ਲੱਖ ਰੁਪਏ ਤੱਕ ਦਾ ਨਗਦੀ ਰਹਿਤ ਇਲਾਜ ਹੁੰਦਾ ਹੈ ਜੋ ਕਿ ਰਾਜ ਦੇ ਸਰਕਾਰੀ ਅਤੇ ਸੂਚੀਬੱਧ ਹਸਪਤਾਲਾਂ ਵਿੱਚ ਸਿਹਤ ਸੇਵਾਵਾਂ ਦੇ ਰੂਪ ਵਿੱਚ ਮੁਹੱਈਆ ਕਰਵਾਇਆ ਜਾਂਦਾ ਹੈ। 
ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 97776 ਪਰਿਵਾਰਾਂ ਦੇ 206790 ਲਾਭਪਾਤਰੀਆਂ ਦੇ ਗੋਲਡਨ ਕਾਰਡ ਬਣਾਏ ਜਾ ਚੁੱਕੇ ਹਨ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਈ-ਕਾਰਡ ਬਣਾਉਣ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ 28 ਫਰਵਰੀ ਤੱਕ ਵਿਸ਼ੇਸ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦੀ ਸਬੰਧਿਤ  ਵਿਭਾਗਾਂ ਤੋਂ ਰੋਜ਼ਾਨਾ ਦੇ ਆਧਾਰ ‘ਤੇ ਰਿਪੋਰਟ ਲਈ ਜਾਵੇਗੀ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਮੂਹ ਉਪ ਮੰਡਲ ਮੈਜਿਸਟਰੇਟ ਨਾਲ ਲਗਾਤਾਰ ਰਾਬਤਾ ਰੱਖਣ ਤਾਂ ਜੋ ਸ਼ਹਿਰਾਂ ਤੇ ਪਿੰਡਾਂ ਵਿੱਚ ਲਾਭਪਾਤਰੀਆਂ ਤੱਕ ਇਸ ਯੋਜਨਾ ਬਾਰੇ ਜਾਗਰੂਕਤਾ ਫੈਲਾਈ ਜਾ ਸਕੇ ਅਤੇ ਵੱਧ ਤੋਂ ਵੱਧ ਲੋੜਵੰਦਾਂ ਦੇ ਈ ਕਾਰਡ ਬਣਵਾਏ ਜਾ ਸਕਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਇਸ ਯੋਜਨਾ ਤਹਿਤ 6 ਲੱਖ 41 ਹਜ਼ਾਰ ਤੋਂ ਵੱਧ ਲੋੜਵੰਦਾਂ ਦੇ ਈ-ਕਾਰਡ ਬਣਾਏ ਜਾਣੇ ਹਨ, ਇਸ ਲਈ ਯੋਜਨਾਬੱਧ ਢੰਗ ਨਾਲ ਲੋੜਵੰਦਾਂ ਤੱਕ ਪਹੁੰਚ ਕਰਨ ਨੂੰ ਯਕੀਨੀ ਬਣਾਇਆ ਜਾਵੇ ਅਤੇ ਜਾਗਰੂਕਤਾ ਪੈਦਾ ਕੀਤੀ ਜਾਵੇ ਤਾਂ ਜੋ ਲੋਕ ਨਿਰਧਾਰਿਤ ਸਥਾਨਾਂ ’ਤੇ ਆਪਣੇ ਢੁਕਵੇਂ ਦਸਤਾਵੇਜ਼ਾਂ ਤੱਕ ਪਹੁੰਚ ਕਰ ਸਕਣ। 
ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਲੱਗਭੱਗ 200 ਕਾਮਨ ਸਰਵਿਸ ਸੈਂਟਰਾਂ ਅਤੇ 8 ਮਾਰਕਿਟ ਕਮੇਟੀਆਂ ਵਿੱਚ ਚੱਲ ਰਹੇ ਕਾਮਨ ਸਰਵਿਸ ਸੈਂਟਰਾਂ ਵਿੱਚ ਲਾਭਪਾਤਰੀਆਂ ਦੇ ਈ-ਕਾਰਡ ਤਿਆਰ ਕਰਵਾਉਣ ਦੀ ਪ੍ਰਕਿਰਿਆ ਪ੍ਰਗਤੀ ਅਧੀਨ ਹੈ। ਉਨ੍ਹਾਂ ਦੱਸਿਆ ਕਿ ਕੋਈ ਵੀ ਯੋਗ ਬਿਨੈਕਾਰ ਆਪਣੇ ਦਸਤਾਵੇਜ਼ ਲਿਜਾ ਕੇ ਆਪਣੀ ਰਜਿਸਟਰੇਸ਼ਨ ਕਰਵਾ ਸਕਦਾ ਹੈ, ਜਿਸ ਤਹਿਤ ਸਮਾਰਟ ਰਾਸ਼ਨ ਕਾਰਡ ਧਾਰਕ ਲਾਭਪਾਤਰੀ ਆਪਣੇ ਆਧਾਰ ਕਾਰਡ ਜਾਂ ਰਾਸ਼ਨ ਕਾਰਡ, ਛੋਟੇ ਵਪਾਰੀ ਆਪਣੇ ਆਧਾਰ ਕਾਰਡ ਜਾਂ ਰਾਸ਼ਨ ਕਾਰਡ ਜਾਂ ਪੈਨ ਕਾਰਡ, ਜੇ ਫਾਰਮ ਧਾਰਕ ਅਤੇ ਛੋਟੇ ਕਿਸਾਨ ਆਪਣੇ ਆਧਾਰ ਕਾਰਡ ਜਾਂ ਰਾਸ਼ਨ ਕਾਰਡ, ਉਸਾਰੀ ਭਲਾਈ ਬੋਰਡ ਅਧੀਨ ਰਜਿਸਟਰਡ ਮਜ਼ਦੂਰ ਆਪਣੇ ਆਧਾਰ ਕਾਰਡ, ਰਾਸ਼ਨ ਕਾਰਡ ਜਾਂ ਰਜਿਸਟਰੇਸ਼ਨ ਕਾਰਡ ਅਤੇ ਪੀਲੇ ਕਾਰਡ ਧਾਰਕ ਪੱਤਰਕਾਰ ਸਾਹਿਬਾਨ ਆਪਣੇ ਆਧਾਰ ਕਾਰਡ ‘ਤੇ ਰਾਸ਼ਨ ਕਾਰਡ ਜਾਂ ਪੀਲਾ ਸ਼ਨਾਖਤੀ ਕਾਰਡ ਲੈ ਕੇ ਆਪਣੇ ਈ-ਕਾਰਡ ਬਣਾਉਣ ਲਈ ਨੇੜਲੇ ਕਾਮਨ ਸਰਵਿਸ ਸੈਂਟਰ ਵਿੱਚ ਕਿਸੇ ਵੀ ਕੰਮਕਾਜ ਵਾਲੇ ਦਿਨ ਪਹੁੰਚ ਕਰ ਸਕਦੇ ਹਨ। 
ਉਨ੍ਹਾਂ ਦੱਸਿਆ ਕਿ ਕਾਮਨ ਸਰਵਿਸ ਸੈਂਟਰਾਂ ਵਿੱਚ ਮਹਿਜ਼ 30 ਰੁਪਏ ਫੀਸ ਦੇ ਕੇ ਈ-ਕਾਰਡ ਬਣਾਉਣ ਦੀ ਸੁਵਿਧਾ ਲਈ ਜਾ ਸਕਦੀ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਕੰਮ ਵਿੱਚ ਤੀਬਰਤਾ ਲਿਆਉਣ ਲਈ ਆਸ਼ਾ ਵਰਕਰ, ਆਂਗਣਬਾੜੀ ਵਰਕਰ ਅਤੇ ਜੀ. ਓ. ਜੀਜ਼ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇਹਨਾਂ ਲਾਭਪਾਤਰੀਆਂ ਨੂੰ ਆਪਣੇ ਨਜ਼ਦੀਕੀ ਕਾਮਨ ਸਰਵਿਸ ਸੈਂਟਰਾਂ ਵਿੱਚ ਪਹੁੰਚ ਕਰਨ ਵਿੱਚ ਮੱਦਦ ਕਰਨ ਲਈ ਆਦੇਸ਼ ਦਿੱਤੇ ਗਏ ਹਨ।