Close

Government school students enthusiastically attended online classes from Doordarshan

Publish Date : 05/05/2021
DD

ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਲਗਾਈਆਂ ਦੂਰਦਰਸ਼ਨ ਤੋਂ ਆਨਲਾਈਨ ਜਮਾਤਾਂ
ਤਰਨਤਾਰਨ, 05 ਮਈ :
ਸੂਬੇ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਆਨਲਾਈਨ ਸਿੱਖਿਆ ਦੇ ਪ੍ਰਬੰਧਾਂ ਵਿੱਚ ਕ੍ਰਾਂਤੀਕਾਰੀ ਕਦਮ ਚੁੱਕਦਿਆਂ ਦੂਰਦਰਸ਼ਨ ਦੇ ਖੇਤਰੀ ਚੈਨਲ ਡੀ. ਡੀ ਪੰਜਾਬੀ ਤੋਂ ਸਾਰੀਆਂ ਜਮਾਤਾਂ ਲਈ ਸਾਰੇ ਵਿਸ਼ਿਆਂ ਦੀਆਂ ਆਨਲਾਈਨ ਜਮਾਤਾਂ ਦੀ ਵਿਵਸਥਾ ਕੀਤੀ ਗਈ ਹੈ।
ਦੂਰਦਰਸ਼ਨ ਤੋਂ ਆਨਲਾਈਨ ਜਮਾਤਾਂ ਦੀ ਸ਼ੁਰੂਆਤ ਬਾਰੇ ਦੱਸਦਿਆਂ ਸ਼੍ਰੀ ਸਤਿਨਾਮ ਸਿੰਘ ਬਾਠ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤਰਨਤਾਰਨ ਅਤੇ ਸ਼੍ਰੀ ਰਾਜੇਸ਼ ਕੁਮਾਰ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਤਰਨਤਾਰਨ ਨੇ ਕਿਹਾ ਕਿ ਇਸ ਨਾਲ ਆਨਲਾਈਨ ਸਿੱਖਿਆ ਦੀ ਪਹੁੰਚ ਸਾਰੇ ਵਿਦਿਆਰਥੀਆਂ ਤੱਕ ਹੋਵੇਗੀ।ਸਿੱਖਿਆ ਅਧਿਕਾਰੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਆਪਣੇ ਪੱਧਰ `ਤੇ ਸੋਸ਼ਲ ਮੀਡੀਆ ਦੇ ਵੱਖ ਵੱਖ ਸਾਧਨਾਂ ਵਟਸਐਪ, ਜੂਮ ਜਮਾਤਾਂ ਅਤੇ ਯੂ-ਟਿਊਬ ਆਦਿ ਜਰੀਏ ਸੈਸ਼ਨ ਦੀ ਸ਼ੁਰੂਆਤ ਤੋਂ ਹੀ ਵਿਦਿਆਰਥੀਆਂ ਦੀਆਂ ਆਨਲਾਈਨ ਜਮਾਤਾਂ ਲਗਾਈਆਂ ਜਾ ਰਹੀਆਂ ਹਨ।
ਸਰਕਾਰੀ ਸਕੂਲਾਂ `ਚ ਪੜ੍ਹਦੇ ਦੂਰ ਦੁਰਾਡੇ ਖੇਤਰ ਦੇ ਕਈ ਵਿਦਿਆਰਥੀ ਇੰਟਰਨੈੱਟ ਆਦਿ ਸਹੂਲਤਾਂ ਦੀ ਕਮੀ ਦੇ ਚਲਦਿਆਂ ਇਹਨਾਂ ਸਾਧਨਾਂ ਜਰੀਏ ਪ੍ਰਭਾਵੀ ਰੂਪ ਵਿੱਚ ਆਨਲਾਈਨ ਸਿੱਖਿਆ ਗ੍ਰਹਿਣ ਕਰਨ ਵਿੱਚ ਦਿੱਕਤ ਮਹਿਸੂਸ ਕਰਦੇ ਸਨ, ਪਰ ਹੁਣ ਮੁਫਤ ਵਿੱਚ ਵੇਖਣਯੋਗ ਦੂਰਦਰਸ਼ਨ ਦੇ ਖੇਤਰੀ ਚੈਨਲ ਡੀ. ਡੀ. ਪੰਜਾਬੀ ਤੋਂ ਆਨਲਾਈਨ ਜਮਾਤਾਂ ਦੀ ਸ਼ੁਰੂਆਤ ਹੋਣ ਨਾਲ ਦੂਰ ਦੁਰਾਡੇ ਖੇਤਰਾਂ ਦੇ ਵਿਦਿਆਰਥੀਆਂ ਵੀ ਪ੍ਰਭਾਵੀ ਰੂਪ ਵਿੱਚ ਆਨਲਾਈਨ ਸਿੱਖਿਆ ਗ੍ਰਹਿਣ ਕਰਨ ਦੇ ਸਮਰੱਥ ਹੋ ਸਕਣਗੇ।ਡੀ.ਡੀ ਪੰਜਾਬੀ ਦਾ ਖੇਤਰੀ ਚੈਨਲ ਟੈਲੀਵਿਜ਼ਨ ਦੇ ਨਾਲ ਨਾਲ ਮੋਬਾਈਲ `ਤੇ ਵੀ ਵੇਖਿਆ ਜਾ ਸਕੇਗਾ।
ਸ਼੍ਰੀ ਪਰਮਜੀਤ ਸਿੰਘ ਉਪ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਤਰਨਤਾਰਨ ਅਤੇ ਸ਼੍ਰੀ ਗੁਰਬਚਨ ਸਿੰਘ ਉਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤਰਨਤਾਰਨ ਨੇ ਦੱਸਿਆ ਕਿ ਡੀ. ਡੀ. ਪੰਜਾਬੀ ਤੋਂ ਲੱਗਣ ਵਾਲੀਆਂ ਆਨਲਾਈਨ ਜਮਾਤਾਂ ਦੇ ਟਾਈਮ ਟੇਬਲ ਤੋਂ ਵਿਦਿਆਰਥੀਆਂ ਨੂੰ ਅਗਾਊਂ ਹੀ ਜਾਣੂ ਕਰਵਾ ਦਿੱਤਾ ਗਿਆ ਹੈ।ਅਧਿਕਾਰੀਆਂ ਨੇ ਦੱਸਿਆ ਕਿ ਦੂਰਦਰਸ਼ਨ ਦੀਆਂ ਸਾਰੀਆਂ ਜਮਾਤਾਂ ਦੇ ਸਾਰੇ ਵਿਸ਼ਿਆਂ ਦੇ ਲੈਕਚਰ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਹੀ ਦਿੱਤੇ ਜਾਣੇ ਹਨ।ਪ੍ਰਸਾਰਿਤ ਹੋਣ ਵਾਲੇ ਲੈਕਚਰਾਂ ਨਾਲ ਵਿਦਿਆਰਥੀਆਂ ਦੇ ਨਾਲ ਨਾਲ ਅਧਿਆਪਕਾਂ ਵੱਲੋਂ ਵੀ ਜੁੜਿਆ ਜਾਵੇਗਾ ਤਾਂ ਕਿ ਹਰ ਵਿਸ਼ੇ ਦੇ ਅਧਿਆਪਕ ਵੱਲੋਂ ਵਿਦਿਆਰਥੀਆਂ ਨਾਲ ਲੈਕਚਰ ਬਾਰੇ ਹੋਰ ਵਿਸਥਾਰਤ ਗੱਲ ਕਰਦਿਆਂ ਆਨਲਾਈਨ ਤਰੀਕੇ ਹੀ ਵਿਦਿਆਰਥੀਆਂ ਦੇ ਤੌਖਲੇ ਦੂਰ ਕੀਤੇ ਜਾ ਸਕਣ ਅਤੇ ਜਰੂਰਤ ਅਨੁਸਾਰ ਘਰ ਦਾ ਕੰਮ ਵੀ ਦਿੱਤਾ ਜਾ ਸਕੇ।
ਦੂਰਦਰਸ਼ਨ ਤੋਂ ਜਮਾਤਾਂ ਦੀ ਸ਼ੁਰੂਆਤ ਬਾਰੇ ਸ਼੍ਰੀ ਸੁਭਿੰਦਰ ਜੀਤ ਸਿੰਘ ਹੈਡਮਿਸਟ੍ਰੈਸ ਸਰਕਾਰੀ ਕੰਨਿਆ ਹਾਈ ਸਕੂਲ ਅਲਗੋਂ ਕੋਠੀ, ਸ਼੍ਰੀ ਅਵਤਾਰ ਸਿੰਘ ਪ੍ਰਿੰਸੀਪਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਖੀਰਾ, ਸ੍ਰੀਮਤੀ ਜਸਪ੍ਰੀਤ ਕੌਰ, ਹੈਡਮਿਸਟ੍ਰੈਸ, ਸਰਕਾਰੀ ਹਾਈ ਸਕੂਲ ਕੁੱਲਾ, ਸ੍ਰੀਮਤੀ ਜੀਤ ਕੌਰ, ਹੈਡਮਿਸਟ੍ਰੈਸ ਸਰਕਾਰੀ ਹਾਈ ਸਕੂਲ ਪੰਜਵੜ੍ਹ, ਸ਼੍ਰੀ ਜਤਿੰਦਰ ਸਿੰਘ, ਹੈਡਮਾਸਟਰ ਸਰਕਾਰੀ ਹਾਈ ਸਕੂਲ ਬੋਪਾਰਾਏ, ਸ਼੍ਰੀ ਗੁਰਦੀਪ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਡੂਰ ਸਾਹਿਬ ਅਤੇ ਸ਼੍ਰੀ ਹਰਬੰਸ ਸਿੰਘ, ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਰਿਆਲਾ ਨੇ ਕਿਹਾ ਦੂਰਦਰਸ਼ਨ ਤੋਂ ਆਨਲਾਈਨ ਜਮਾਤਾਂ ਦੀ ਸ਼ੁਰੂਆਤ ਹੋਣ ਨਾਲ ਸਮੂਹ ਵਿਦਿਆਰਥੀ ਆਨਲਾਈਨ ਸਿੱਖਿਆ ਪ੍ਰਾਪਤ ਕਰਨ ਦੇ ਯੋਗ ਬਣਨਗੇ।ਇਸ ਨਾਲ ਅਧਿਆਪਕਾਂ ਵੱਲੋਂ ਆਪਣੇ ਮਾਧਿਅਮਾਂ ਰਾਹੀਂ ਪ੍ਰਦਾਨ ਕੀਤੀ ਜਾ ਰਹੀ ਆਨਲਾਈਨ ਸਿੱਖਿਆ ਹੋਰ ਪ੍ਰਭਾਵੀ ਬਣੇਗੀ।
ਸ਼੍ਰੀ ਪ੍ਰੇਮ ਸਿੰਘ ਜਿਲ੍ਹਾ ਮੀਡੀਆ ਕੋ-ਆਰਡੀਨੇਟਰ ਤਰਨਤਾਰਨ ਨੇ ਕਿਹਾ ਕਿ ਸਮੂਹ ਸਕੂਲ ਮੁਖੀ ਸਾਹਿਬਾਨ, ਅਧਿਆਪਕ ਸਾਹਿਬਾਨ ਵਟਸਐਪ ਗਰੁੱਪਾਂ ਰਾਹੀਂ ਸਿੱਖਿਆ ਵਿਭਾਗ ਪੰਜਾਬ ਵੱਲੋਂ ਕੀਤੇ ਜਾ ਰਹੇ ਇਸ ਵਿਸ਼ੇਸ਼ ਪ੍ਰਸਾਰਣ ਨੂੰ ਹਰ ਵਿਦਿਆਰਥੀ ਤੱਕ ਪਹੁੰਚਾਇਆ ਜਾਵੇ, ਉਹਨਾਂ ਦੱਸਿਆ ਕਿ ਟੀਵੀ ਤੇ ਡੀਡੀ ਪੰਜਾਬੀ ਚੈਨਲ ਤੇ ਵੇਖਣ ਤੋਂ ਇਲਾਵਾ ਇਸ ਪ੍ਰਸਾਰਣ ਨੂੰ  webcast.gov.in ਤੇ ਕਲਿੱਕ ਕਰ ਕੇ ਸਮਾਰਟ ਫੋਨ ‘ਤੇ ਵੀ ਵੇਖਿਆ ਜਾ ਸਕਦਾ ਹੈ।