Close

Library langar will be held on July 15 in all government schools of district Tarn Taran

Publish Date : 13/07/2021
Edu

ਜ਼ਿਲ੍ਹਾ ਤਰਨਤਾਰਨ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ 15 ਜੁਲਾਈ ਨੂੰ ਲੱਗੇਗਾ ਲਾਇਬ੍ਰੇਰੀ ਲੰਗਰ
ਹਰ ਇੱਕ ਵਿਦਿਆਰਥੀ ਦੇ ਹੱਥ ਵਿੱਚ ਹੋਵੇਗੀ ਲਾਇਬਰੇਰੀ ਪੁਸਤਕ-ਜ਼ਿਲ੍ਹਾ ਸਿੱਖਿਆ ਅਫ਼ਸਰ
ਤਰਨਤਾਰਨ, 12 ਜੁਲਾਈ :
ਵੱਖ-ਵੱਖ ਸਹਿ-ਵਿੱਦਿਅਕ ਗਤੀਵਿਧੀਆਂ ਤੋਂ ਬਾਅਦ ਸਿੱਖਿਆ ਵਿਭਾਗ ਹੁਣ ਇੱਕ ਵਿਲੱਖਣ ਛਾਪ ਛੱਡਣ ਜਾ ਰਿਹਾ ਹੈ।ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨ ਲਈ ਵਿਭਾਗ ਇੱਕ ਨਿਵੇਕਲੀ ਕਿਸਮ ਦੀ ਪਹਿਲ ਲਾਇਬਰੇਰੀ ਲੰਗਰ ਲਗਾ ਕੇ ਕਰ ਰਿਹਾ ਹੈ।
ਜ਼ਿਲ੍ਹਾ ਸਿੱਖਿਆ ਅਫਸਰ ਤਰਨਤਾਰਨ (ਸੈਕੰਡਰੀ) ਸ਼੍ਰੀ ਸਤਿਨਾਮ ਸਿੰਘ ਬਾਠ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਤਰਨਤਾਰਨ ਸ਼੍ਰੀ ਰਾਜੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਤਰਨਤਾਰਨ ਜ਼ਿਲ੍ਹੇ ਵਿੱਚ ਇਹ ਉੱਦਮ 15 ਜੁਲਾਈ ਨੂੰ ਕੀਤਾ ਜਾ ਰਿਹਾ ਹੈ। ਘਰ ਬੈਠੇ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨ ਲਈ ਅਤੇ ਉਨ੍ਹਾਂ ਨੂੰ ਕਿਤਾਬਾਂ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਲਈ ਅਧਿਆਪਕ ਪੱਬਾਂ ਭਾਰ ਹਨ।
ਉਹਨਾਂ ਦੱਸਿਆ ਕਿ ਵਿਭਾਗ ਦੀਆਂ ਹਦਾਇਤਾਂ ਅਨੁਸਾਰ 15 ਜੁਲਾਈ ਨੂੰ ਜ਼ਿਲ੍ਹਾ ਤਰਨ ਤਾਰਨ ਦੇ ਹਰ ਇਕ ਸਰਕਾਰੀ ਸਕੂਲ ਵੱਲੋਂ ਲਾਇਬਰੇਰੀ ਲੰਗਰ ਲਗਾਇਆ ਜਾਵੇਗਾ। ਜ਼ਿਲ੍ਹਾ ਤਰਨ ਤਾਰਨ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਹਰ ਵਿਦਿਆਰਥੀ ਤੱਕ ਲਾਇਬਰੇਰੀ ਦੀ ਕਿਤਾਬ ਦਾ ਪਹੁੰਚਾਉਣਾ ਹੀ ਇਸ ਮੁਹਿੰਮ ਦਾ ਮਕਸਦ ਹੋਵੇਗਾ ਅਤੇ ਨਾਲ ਹੀ ਵਿਦਿਆਰਥੀਆਂ ਨੂੰ ਕਿਤਾਬਾਂ ਦੀ ਮਹੱਤਤਾ ਦੱਸਦੇ ਹੋਏ,ਸਾਹਿਤ ਨਾਲ ਜੋੜਨ ਲਈ ਪੇ੍ਰਿਆ ਜਾਵੇਗਾ।
ਉਪ ਜ਼ਿਲ੍ਹਾ ਸਿੱਖਿਆ ਅਫਸਰ ਤਰਨਤਾਰਨ (ਸੈਕੰਡਰੀ) ਸ਼੍ਰੀ ਗੁਰਬਚਨ ਸਿੰਘ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਤਰਨਤਾਰਨ ਸ਼੍ਰੀ ਪਰਮਜੀਤ ਸਿੰਘ ਨੇ ਕਿਹਾ ਕਿ ਲਾਇਬਰੇਰੀ ਲੰਗਰ ਦੀ ਇਸ ਮੁਹਿੰਮ ਨੂੰ ਲੈ ਕੇ ਪ੍ਰਿੰਸੀਪਲ , ਹੈੱਡਮਾਸਟਰ, ਸੀਐਚਟੀਜ਼,ਐਚਟੀਜ਼ ,ਸਕੂਲ ਇੰਚਾਰਜ਼ ਅਤੇ ਅਧਿਆਪਕਾਂ ਵਿੱਚ ਬੜਾ ਉਤਸ਼ਾਹ ਹੈ।ਉਹ ਵਿਦਿਆਰਥੀਆਂ ਨੂੰ ਕਿਤਾਬ ਸੱਭਿਆਚਾਰ ਵੱਲ ਲੈ ਕੇ ਜਾਣ ਲਈ ਉਤਾਵਲੇ ਹਨ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੇ ਉਪਰਾਲਿਆਂ ਦੇ ਭਵਿੱਖ ਵਿੱਚ ਸ਼ਾਨਦਾਰ ਸਿੱਟੇ ਨਿਕਲਣਗੇ।ਜੇਕਰ ਅਸੀਂ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨ ਵਿੱਚ ਕਾਮਯਾਬ ਹੋ ਜਾਂਦੇ ਹਾ ਤਾਂ ਸਾਡੇ ਵਿਦਿਆਰਥੀ ਸਮਾਜਿਕ ਅਲਾਮਤਾਂ ਤੋਂ ਬਚਦੇ ਹੋਏ ਆਪਣੇ ਭਵਿੱਖ ਵੱਲ ਵਧਣਗੇ ਅਤੇ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਸਾਬਤ ਹੋਣਗੇ।
ਉਨ੍ਹਾਂ ਅਪੀਲ ਕੀਤੀ ਕਿ ਇਸ ਮੁਹਿੰਮ ਨੂੰ ਕਾਮਯਾਬ ਬਣਾਉਣ ਲਈ ਸਮੂਹ ਪਿ੍ੰਸੀਪਲ, ਸਕੂਲ ਮੁਖੀ, ਅਧਿਆਪਕ ਅਤੇ ਲੈਕਚਰਾਰ ਆਪਣਾ ਯੋਗਦਾਨ ਦੇਣ ਅਤੇ ਵਿਦਿਆਰਥੀਆਂ ਤੱਕ ਲਾਇਬ੍ਰੇਰੀ ਪੁਸਤਕਾਂ ਪਹੁੰਚਾਉਣ ਦੇ ਯਤਨ ਕਰਨ। ਜ਼ਿਲ੍ਹਾ ਮੈਂਟਰ ਪੰਜਾਬੀ ਨੇ ਦੱਸਿਆ ਕਿ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਦੀਆਂ ਟੀਮਾਂ ਨਾਲ ਤਾਲਮੇਲ ਕਰਕੇ ਲਾਇਬ੍ਰੇਰੀ ਲੰਗਰ ਦੀ ਮੁਹਿੰਮ ਨੂੰ ਸਫਲ ਬਣਾਉਣ ਲਈ ਤਿਆਰੀਆਂ ਆਰੰਭ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਇਸ ਮਿਸ਼ਨ ਦੀ ਕਾਮਯਾਬੀ ਲਈ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਪੰਜਾਬੀ ਤਰਨਤਾਰਨ ਅਤੇ ਟੀਮ ਹਿੰਦੀ, ਅਧਿਆਪਕਾਂ ਦੀ ਸਹਾਇਤਾ ਲਈ ਤਿਆਰ-ਬਰ-ਤਿਆਰ ਹਨ। ਸਾਡਾ ਸਿਰਫ਼ ਇਹੋ ਮਕਸਦ ਹੈ ਕਿ ਹਰ ਘਰ ਤਕ, ਹਰ ਵਿਦਿਆਰਥੀ ਤੱਕ ਲਾਇਬ੍ਰੇਰੀ ਦੀ ਪੁਸਤਕ ਪਹੁੰਚੇ ਅਤੇ ਵਿਦਿਆਰਥੀਆਂ ਨੂੰ ਹੋਰ ਪੁਸਤਕਾਂ ਪੜ੍ਹਨ ਦੀ ਚੇਟਕ ਲੱਗੇ।
ਉਹਨਾਂ ਨੇ ਦੱਸਿਆ ਕਿ ਇਸ ਮੁਹਿੰਮ ਦੇ ਲਈ ਅਧਿਆਪਕਾਂ ਵਿਚ ਵੀ ਕਾਫੀ ਉਤਸ਼ਾਹ ਹੈ। ਵੱਖਰੇ- ਵੱਖਰੇ ਸਕੂਲਾਂ ਨੇ ਆਪਣੇ -ਆਪਣੇ ਪੋਸਟਰ ਬਣਾ ਕੇ ਸ਼ੇਅਰ ਕੀਤੇ ਹਨ ਜੋ ਕਾਬਲੇ ਤਾਰੀਫ਼ ਹਨ। ਉਨ੍ਹਾਂ ਸਮੂਹ ਲਾਇਬ੍ਰੇਰੀ ਇੰਚਾਰਜ ਸਾਹਿਬਾਨ ਨੂੰ ਬੇਨਤੀ ਕੀਤੀ ਕਿ ਇਸ ਮੁਹਿੰਮ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਯੋਗਦਾਨ ਪਾਉਣ।