Close

MLA Harminder Singh Gill and Deputy Commissioner inaugurates the newly opened “OT” clinics at Harike Patan and Patti.

Publish Date : 29/01/2020
DC
ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਵਿਧਾਇਕ ਸ੍ਰ. ਹਰਮਿੰਦਰ ਸਿੰਘ ਗਿੱਲ ਅਤੇ ਡਿਪਟੀ ਕਮਿਸ਼ਨਰ ਨੇ ਕੀਤਾ ਹਰੀਕੇ ਪੱਤਣ ਅਤੇ ਪੱਟੀ ਵਿਖੇ ਨਵੇਂ ਸ਼ੁਰੂ ਕੀਤੇ ਗਏ “ਓਟ” ਕਲੀਨਿਕਾਂ ਦਾ ਕੀਤਾ ਉਦਘਾਟਨ
ਜ਼ਿਲ੍ਹੇ ਦੇ 13 “ਓਟ” ਕਲੀਨਿਕਾਂ ਵਿੱਚ ਨਸ਼ੇ ਦੀ ਮਾੜੀ ਆਦਤ ਦਾ ਸ਼ਿਕਾਰ ਹੋ ਚੁੱਕੇ ਮਰੀਜ਼ਾਂ ਨੂੰ ਰਜਿਸਟਰਡ ਕਰਕੇ ਕੀਤਾ ਜਾ ਰਿਹਾ ਹੈ ਮੁਫ਼ਤ ਇਲਾਜ
ਹਰੀਕੇ ਪੱਤਣ, ਪੱਟੀ (ਤਰਨ ਤਾਰਨ), 29 ਜਨਵਰੀ :  
ਜ਼ਿਲ੍ਹੇ ਵਿੱਚ ਨਸ਼ੇ ਦੀ ਮਾੜੀ ਆਦਤ ਦਾ ਸ਼ਿਕਾਰ ਹੋ ਚੁੱਕੇ ਮਰੀਜ਼ਾਂ ਦੇ ਇਲਾਜ ਲਈ ਪ੍ਰਾਇਮਰੀ  ਹੈੱਲਥ ਸੈਂਟਰ ਹਰੀਕੇ ਪੱਤਣ ਅਤੇ ਸਿਵਲ ਹਸਪਤਾਲ ਪੱਟੀ ਵਿਖੇ ਨਵੇਂ ਸ਼ੁਰੂ ਕੀਤੇ ਗਏ “ਓਟ” ਕਲੀਨਿਕ ਦਾ ਉਦਘਾਟਨ ਅੱਜ ਹਲਕਾ ਵਿਧਾਇਕ ਪੱਟੀ ਸ੍ਰ. ਹਰਮਿੰਦਰ ਸਿੰਘ ਗਿੱਲ ਅਤੇ ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਕੀਤਾ।ਇਸ ਮੌਕੇ ਸਿਵਲ ਸਰਜਨ ਡਾ. ਅਨੂਪ ਕੁਮਾਰ, ਚੇਅਰਮੈਨ ਬਲਾਕ ਸੰਮਤੀ ਪੱਟੀ ਸ੍ਰ. ਸੁਖਵਿੰਦਰ ਸਿੰਘ ਸਿੱਧੂ ਅਤੇ ਡਾ. ਜਸਪ੍ਰੀਤ ਸਿੰਘ ਤੋਂ ਇਲਾਵਾ ਸਿਹਤ ਵਿਭਾਗ ਦੇ ਅਧਿਕਾਰੀ ਤੇ ਕਾਂਗਰਸੀ ਆਗੂ ਵੀ ਹਾਜ਼ਰ ਸਨ।
ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਸ੍ਰ. ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਮੁਕੰਮਲ ਖਾਤਮੇ ਲਈ ਸੂਬੇ ਵਿੱਚ 35 ਸਰਕਾਰੀ ਨਸ਼ਾ-ਛੁਡਾਊ ਕੇਂਦਰ, 193 ਸਰਕਾਰੀ “ਓਟ” ਕਲੀਨਿਕ ਸਥਾਪਤ ਕੀਤੇ ਗਏ ਹਨ।ਇਸ ਤੋਂ ਇਲਾਵਾ 9 ਕੇਂਦਰੀ ਜੇਲਾਂ ਵਿੱਚ ਨਸ਼ਾ-ਛੁਡਾਊ ਸੇਵਾਵਾਂ ਮੁਹੱਈਆ ਕੀਤੀਆਂ ਜਾ ਰਹੀਆਂ ਹਨ।ਇਲਾਜ ਲਈ 106 ਪ੍ਰਾਈਵੇਟ ਨਸ਼ਾ-ਛੁਡਾਊ ਕੇਂਦਰਾਂ ਨੂੰ ਅਧਿਕਾਰਤ ਕੀਤਾ ਗਿਆ ਹੈ।ਉਹਨਾਂ ਕਿਹਾ ਕਿ ਰਾਜ ਵਿੱਚ 3 ਲੱਖ 66 ਹਜ਼ਾਰ ਮਰੀਜ਼ਾਂ ਨੂੰ ਹੁਣ ਤੱਕ ਇਲਾਜ ਲਈ ਰਜਿਸਟਰ ਕੀਤਾ ਜਾ ਚੁੱਕਾ ਹੈ।ਇਸ ਪਹਿਲਕਦਮੀ ਉੱਤੇ 104 ਕਰੋੜ ਰੁਪਏ ਤੋਂ ਵੱਧ ਖ਼ਰਚ ਕੀਤੇ ਜਾ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ਵਿਚੋਂ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨ ਲਈ “ਡੈਪੋ” ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਪ੍ਰੋਗਰਾਮ ਤਹਿਤ ਆਮ ਲੋਕਾਂ ਦੇ ਸਹਿਯੋਗ ਨਾਲ ਜਨਤਾ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਜਾ ਰਿਹਾ ਹੈ।ਉਹਨਾਂ ਦੱਸਿਆ ਕਿ ਇਸ ਪ੍ਰੋਗਰਾਮ ਦੇ ਸਾਰਥਿਕ ਨਤੀਜੇ ਸਾਹਮਣੇ ਆ ਰਹੇ ਹਨ।ਉਹਨਾਂ ਕਿਹਾ ਕਿ ਹਰੀਕੇ ਪੱਤਣ ਅਤੇ ਪੱਟੀ ਵਿਖੇ “ਓਟ” ਕਲੀਨਿਕ ਸ਼ੁਰੂ ਹੋਣ ਨਾਲ ਨਸ਼ੇ ਦੀ ਭੈੜੀ ਆਦਤ ਦਾ ਸ਼ਿਕਾਰ ਹੋ ਚੁੱਕੇ ਮਰੀਜ਼ਾਂ ਨੂੰ ਰੋਜ਼ਾਨਾ ਦਵਾਈ ਲੈਣ ਦੀ ਸਹੂਲਤ ਹੋਵੇਗੀ ਅਤੇ ਉਹਨਾਂ ਨੂੰ ਦੂਰ ਨਹੀਂ ਜਾਣਾ ਪਵੇਗਾ।
ਉਹਨਾਂ ਕਿਹਾ ਕਿ ਪੁਲਿਸ ਵਿਭਾਗ ਵੱਲੋਂ ਨਸ਼ੇ ਦਾ ਵਪਾਰ ਕਰਨ ਵਾਲੇ ਸਮੱਗਲਰਾਂ ਵਿਰੁੱਧ ਸਖਤ ਕਾਰਵਾਈ ਕਰਦੇ ਹੋਏ ਉਹਨਾਂ ਦੀ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਪੀੜਤਾਂ ਦਾ ਇਲਾਜ ਕਰਕੇ ਉਹਨਾਂ ਦੇ ਮੁੜ ਵਸੇਬੇ ਲਈ ਵੀ ਉਚਿਤ ਪ੍ਰਬੰਧ ਕੀਤੇ ਜਾ ਰਹੇ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਕਿਹਾ ਕਿ ਜ਼ਿਲੇ ਵਿਚ ਚੱਲ “ਓਟ” ਕਲੀਨਿਕਾਂ, ਓ. ਐੱਸ. ਟੀ. ਤੇ ਮੁੜ ਵਸੇਬਾ ਕੇਂਦਰਾਂ ਅਤੇ ਨਸ਼ਾ ਛੁਡਾਊ ਸੈਂਟਰਾਂ ਵਿੱਚ ਨਸ਼ੇ ਦੀ ਮਾੜੀ ਆਦਤ ਦਾ ਸ਼ਿਕਾਰ ਹੋ ਚੁੱਕੇ ਮਰੀਜ਼ਾਂ ਨੂੰ ਰਜਿਸਟਰਡ ਕਰਕੇ ਉਹਨਾਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਜ਼ਿਲੇ ਵਿੱਚ ਨਸ਼ੇ ਦੀ ਭੈੜੀ ਆਦਤ ਦਾ ਸ਼ਿਕਾਰ ਹੋ ਚੁੱਕੇ ਲੱਗੱਭਗ 27 ਹਜ਼ਾਰ ਤੋਂ ਵੱਧ ਮਰੀਜ਼ਾਂ ਨੂੰ ਰਜਿਸਟਰਡ ਕਰਕੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ।ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ 11 “ਓਟ ਕਲੀਨਿਕ”, ਸਿਵਲ ਹਸਪਤਾਲ ਤਰਨ ਤਾਰਨ, ਕਮਿਊਨਿਟੀ ਹੈੱਲਥ ਸੈਂਟਰ ਘਰਿਆਲਾ, ਖੇਮਕਰਨ, ਸੁਰ ਸਿੰਘ, ਕੈਰੋਂ, ਕਸੇਲ, ਮੀਆਂਵਿੰਡ, ਸਰਹਾਲੀ ਅਤੇ ਠਰੂ (ਝਬਾਲ), ਤੋਂ ਇਲਾਵਾ ਸਬ-ਡਵੀਜ਼ਨਲ ਹਸਪਤਾਲ ਖਡੂਰ ਸਾਹਿਬ ਅਤੇ ਭੱਗੂਪੁਰ (ਪੱਟੀ) ਵਿਖੇ ਪਹਿਲਾ ਚੱਲ ਰਹੇ ਹਨ ਅਤੇ ਹਰੀਕੇ ਪੱਤਣ ਤੇ ਪੱਟੀ ਵਿਖੇ ਨਵੇਂ “ਓਟ” ਕਲੀਨਿਕ ਸ਼ੁਰੂ ਹੋਣ ਨਾਲ ਇਹਨਾਂ ਦੀ ਗਿਣਤੀ 13 ਹੋ ਗਈ ਹੈ।ਉਹਨਾਂ ਦੱਸਿਆ ਕਿ ਭਿੱਖੀਵਿੰਡ ਵਿਖੇ ਵੀ “ਓਟ ਕਲੀਨਿਕ” ਜਲਦੀ ਸ਼ੁਰੂ ਕੀਤੇ ਜਾ ਰਿਹਾ ਹੈ।   
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਦੀ ਮਾੜੀ ਆਦਤ ਦਾ ਸ਼ਿਕਾਰ ਹੋ ਚੁੱਕੇ ਲੋਕਾਂ ਨੂੰ  ਇਲਾਜ ਲਈ ਪ੍ਰੇਰਿਤ ਕਰਕੇ ਓਟ ਕਲੀਨਿਕਾਂ ਵਿੱਚ ਲਿਆਉਣ ਤਾਂ ਜੋ ਉਹ ਖੁਸ਼ਹਾਲ ਜ਼ਿੰਦਗੀ ਜੀਅ ਸਕਣ।