ਬੰਦ ਕਰੋ

ਕਰਫ਼ਿਊ ਅਤੇ ਤਾਲਾਬੰਦੀ ਦੌਰਾਨ ਸਮੂਹ ਪ੍ਰਾਈਵੇਟ ਹਸਪਤਾਲ ਸਮੇਤ ਓ. ਪੀ. ਡੀ. ਖੁੱਲੇ ਰਹਿਣਗੇ-ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 06/04/2020
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਕਰਫ਼ਿਊ ਅਤੇ ਤਾਲਾਬੰਦੀ ਦੌਰਾਨ ਸਮੂਹ ਪ੍ਰਾਈਵੇਟ ਹਸਪਤਾਲ ਸਮੇਤ ਓ. ਪੀ. ਡੀ. ਖੁੱਲੇ ਰਹਿਣਗੇ-ਡਿਪਟੀ ਕਮਿਸ਼ਨਰ
ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰਾਂ, ਨਰਸਿੰਗ ਹੋਮਜ਼, ਆਯੂਸ਼ ਪ੍ਰੈਕਟੀਸ਼ਨਰਜ਼ ਅਤੇ ਡਾਇਗਨੋਸਿਟਿਕਸ ਲੈਬਾਰਟਰੀਜ਼ ਨੂੰ ਵੀ ਕਰਫ਼ਿਊ ਦੌਰਾਨ ਹੋਵੇਗੀ ਛੋਟ
ਤਰਨ ਤਾਰਨ, 6 ਅਪੈ੍ਰਲ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਰਫ਼ਿਊ ਅਤੇ ਤਾਲਾਬੰਦੀ ਦੌਰਾਨ ਦਵਾਈਆਂ ਦੀਆਂ ਦੁਕਾਨਾਂ, ਕੈਮਿਸਟਜ਼ , ਡਾਕਟਰਜ਼ ਅਤੇ ਸਮੂਹ ਪ੍ਰਾਈਵੇਟ ਹਸਪਤਾਲ ਸਮੇਤ ਓ. ਪੀ. ਡੀ. ਖੁੱਲੇ ਰਹਿਣਗੇ।ਇਸ ਜਾਣਕਾਰੀ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਜ਼ਿਲ੍ਹੇ ਦੇ ਸਮੂਹ ਪ੍ਰਾਈਵੇਟ ਡਾਕਟਰਾਂ ਨਾਲ ਕੀਤੀ ਵਿਸ਼ੇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ।
ਇਸ ਮੌਕੇ ਸਿਵਲ ਸਰਜਨ ਡਾ. ਅਨੂਪ ਕੁਮਾਰ ਅਤੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਸੁਰਿੰਦਰ ਸਿੰਘ ਤੋਂ ਇਲਾਵਾ ਆਈ. ਐੱਮ. ਏ ਦੇ ਮੈਂਬਰ ਅਤੇ ਪ੍ਰਾਈਵੇਟ ਡਾਕਟਰ ਸਾਹਿਬਾਨ ਵੀ ਮੌਜੂਦ ਸਨ।
ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰਾਂ, ਨਰਸਿੰਗ ਹੋਮਜ਼, ਆਯੂਸ਼ ਪ੍ਰੈਕਟੀਸ਼ਨਰਜ਼ ਅਤੇ ਡਾਇਗਨੋਸਿਟਿਕਸ ਲੈਬਾਰਟਰੀਜ਼ ਨੂੰ ਵੀ ਕਰਫ਼ਿਊ ਦੌਰਾਨ ਛੋਟ ਹੋਵੇਗੀ।ਉਹਨਾਂ ਕਿਹਾ ਕਿ ਕੋਈ ਵੀ ਪ੍ਰਾਈਵੇਟ ਹਸਪਤਾਲ ਇਸ ਸਮੇਂ ਵਿੱਚ ਓ. ਪੀ. ਡੀ. ਕਰਨ ਤੋਂ ਮਨ੍ਹਾਂ ਨਹੀਂ ਕਰ ਸਕਦਾ, ਜੇਕਰ ਕੋਈ ਡਾਕਟਰ ਜਾਂ ਹਸਪਤਾਲ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡਾਕਟਰਾਂ ਸਮੇਤ ਪ੍ਰਾਈਵੇਟ ਹਸਪਤਾਲਾਂਅਤੇ ਨਰਸਿੰਗ ਹੋਮਜ਼ ਦੇ ਡਾਕਟਰਾਂ ਅਤੇ ਡਾਇਗਨੋਸਿਟਿਕਸ ਲੈਬਾਰਟਰੀਜ਼ ਆਦਿ ਨੂੰ ਬਿਨ੍ਹਾਂ ਕਿਸੇ ਕਰਫ਼ਿਊ ਪਾਸ ਦੇ ਆਉਣ-ਜਾਣ ਦੀ ਖੁੱਲ੍ਹ ਹੋਵੇਗੀ।ਉਸ ਕੋਲ ਮੈਡੀਕਲ ਕੌਂਸਲ ਆੱਫ਼ ਇੰਡੀਆਂ ਜਾਂ ਇੰਡੀਅਨ ਮੈਡੀਕਲ ਐਸ਼ੋਸੀਏਸ਼ਨ ਆਦਿ ਦਾ ਫੋਟੋ ਪਛਾਣ ਪੱਤਰ ਹੋਣਾ ਚਾਹੀਦਾ ਹੈ।
—————-