ਬੰਦ ਕਰੋ

ਕਿਸਾਨਾਂ ਨੂੰ ਮੰਡੀਆਂ ਵਿੱਚ ਆਪਣੀ ਫਸਲ (ਝੋਨਾ) ਵੇਚਣ ਵਿਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ- ਡਿਪਟੀ ਕਮਿਸ਼ਨਰ  

ਪ੍ਰਕਾਸ਼ਨ ਦੀ ਮਿਤੀ : 26/09/2019
DC
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਕਿਸਾਨਾਂ ਨੂੰ ਮੰਡੀਆਂ ਵਿੱਚ ਆਪਣੀ ਫਸਲ (ਝੋਨਾ) ਵੇਚਣ ਵਿਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ- ਡਿਪਟੀ ਕਮਿਸ਼ਨਰ  
ਜ਼ਿਲ੍ਹੇ ਦੇ ਕਿਸਾਨਾਂ ਨੂੰ ਮੰਡੀਆਂ ਵਿੱਚ ਝੋਨਾ ਸੁਕਾ ਕੇ ਵੇਚਣ ਲਈ ਲਿਆਉਣ ਦੀ ਕੀਤੀ ਅਪੀਲ
ਤਰਨ ਤਾਰਨ, 26 ਸਤੰਬਰ :
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਸੀਜ਼ਨ ਦੌਰਾਨ ਝੋਨੇ ਦੀ ਖ੍ਰੀਦ/ਵੇਚ ਲਈ ਕਿਸਾਨਾਂ ਦੀ ਸਹੂਲਤ ਵਾਸਤੇ ਮੰਡੀਆਂ ਵਿਚ ਬਿਜਲੀ, ਪਾਣੀ ਅਤੇ ਛਾਂ ਦੇ ਮੁਕੰਮਲ ਪ੍ਰਬੰਧ ਕੀਤੇ ਗਏ ਹਨ ਅਤੇ ਕਿਸਾਨਾਂ ਨੂੰ ਆਪਣੀ ਫਸਲ (ਝੋਨਾ) ਵੇਚਣ ਵਿਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਅੱਜ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਅਤੇ ਆੜਤੀਆਂ ਐਸੋਸ਼ੀਏਸ਼ਨਾਂ ਦੇ ਨੁਮਾਇੰਦਿਆਂ ਨਾਲ ਕੀਤੀ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਸੰਦੀਪ ਰਿਸ਼ੀ, ਐੱਸ. ਡੀ. ਐੱਮ. ਤਰਨ ਤਾਰਨ ਸ੍ਰੀ ਸੁਰਿੰਦਰ ਸਿੰਘ, ਐੱਸ. ਡੀ. ਐੱਮ. ਪੱਟੀ ਸ੍ਰੀ ਨਵਰਾਜ ਸਿੰਘ ਬਰਾੜ ਅਤੇ ਐੱਸ. ਡੀ. ਐੱਮ. ਖਡੂਰ ਸਾਹਿਬ ਸ੍ਰੀ ਕੁਲਪ੍ਰੀਤ ਸਿੰਘ ਤੋਂ ਇਲਾਵਾ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣਾ ਝੋਨਾ ਮੰਡੀ ਵਿੱਚ ਸੁਕਾ ਕੇ ਵੇਚਣ ਲਈ ਲਿਆਉਣ ਤਾਂ ਜੋ ਉਹਨਾਂ ਨੂੰ ਆਪਣੀ ਫਸਲ ਦਾ ਉਚਿਤ ਮੁੱਲ ਮਿਲ ਸਕੇ ਅਤੇ ਖੱਜਲ-ਖੁਆਰੀ ਤੋਂ ਬਚਿਆ ਜਾ ਸਕੇ।ਉਨ੍ਹਾਂ ਕਿਹਾ ਕੋਈ ਵੀ ਜ਼ਿਮੀਦਾਰ ਜੇਕਰ ਨਿਰਧਾਰਤ ਨਮੀ ਤੋਂ ਵੱਧ ਵਾਲਾ ਝੋਨਾ ਵੇਚਣ ਲਈ ਲੈ ਕੇ ਆਵੇਗਾ ਤਾਂ ਉਸ ਨੂੰ ਮੰਡੀ ਵਿੱਚ ਐਂਟਰ ਨਹੀਂ ਕਰਨ ਦਿੱਤਾ ਜਾਵੇਗਾ। ਇਸ ਮੰਤਵ ਲਈ ਮਾਰਕਿਟ ਕਮੇਟੀਆਂ ਨੂੰ ਹਦਾਇਤ ਕੀਤੀ ਗਈ ਕਿ ਮੰਡੀਆਂ ਦੇ ਗੇੇਟਾਂ ਤੇ ਮੁਆਇਸਚਰ ਮੀਟਰਾਂ ਸਹਿਤ ਕਰਮਚਾਰੀਆਂ ਦੀ ਡਿਊਟੀ ਲਗਾ ਦਿੱਤੀ ਜਾਵੇ। 
ਉਹਨਾਂ ਆੜ੍ਹਤੀਆਂ ਨੂੰ ਹਦਾਇਤ ਕੀਤੀ ਕਿ ਉਹਨਾਂ ਵੱਲੋਂ ਮੰਡੀਆਂ ਵਿਚ ਜਿਮੀਦਾਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਜਿਵੇਂ ਕਿ ਤਰਪਾਲਾਂ, ਕੰਡੇ-ਵੱਟੇ, ਡਸਟ-ਬਿੰਨ ਅਤੇ ਪਾਵਰ ਕਲੀਨਰ ਆਦਿ ਦਾ ਮੁਕੰਮਲ ਪ੍ਰਬੰਧ ਕੀਤਾ ਜਾਵੇ। ਆੜ੍ਹਤੀਆਂ/ਤੋਲਿਆਂ ਦੇ ਲਸੰਸ ਮੌਕੇ ਤੇ ਹੋਣੇ ਚਾਹੀਦੇ ਹਨ। ਕੰਡੇ-ਵੱਟੇ ਨਾਪ-ਤੋਲ ਵਿਭਾਗ ਪਾਸੋਂ ਪਾਸ ਹੋਣੇ ਯਕੀਨੀ ਬਣਾਏ ਜਾਣ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਝੋਨੇ ਦੀ ਸੀਜ਼ਨ ਦੌਰਾਨ ਬਾਰਦਾਨੇ, ਲਿਫਟਿੰਗ ਜਾਂ ਕਿਸੇ ਕਿਸਮ ਦੀ ਹੋਰ ਕੋਈ ਦਿੱਕਤ  ਨਹੀਂ ਆਉਣ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਕੰਬਾਇਨ ਮਾਲਕਾਂ ਨੂੰ ਹਦਾਇਤ ਕੀਤੀ ਗਈ ਕਿ ਰਾਤ ਦੇ ਸਮੇਂ (ਸ਼ਾਮ 7:00 ਵਜੇ ਤੋਂ ਸਵੇਰੇ 9:00 ਵਜੇ ਤੱਕ) ਝੋਨੇ ਦੀ ਕਟਾਈ ਨਾ ਕੀਤੀ ਜਾਵੇ, ਜੇਕਰ ਕੋਈ ਰਾਤ ਸਮੇਂ ਝੋਨ ਦੀ ਕਟਾਈ ਕਰਦਾ ਫੜਿਆ ਗਿਆ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਸ੍ਰੀ ਸੱਭਰਵਾਲ ਨੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਕਟਾਈ ਉਪਰੰਤ ਖੇਤਾਂ ਵਿਚ ਬਚਦੇ ਰਹਿੰਦ-ਖੂੰਦ (ਪਰਾਲੀ) ਨੂੰ ਅੱਗ ਨਾ ਲਗਾਈ ਜਾਵੇ, ਕਿਉਂਕਿ ਅਜਿਹਾ ਕਰਨ ਨਾਲ ਹਵਾ ਵਿਚ ਬਹੁਤ ਜ਼ਿਆਦਾ ਪਰਦੂਸ਼ਣ ਫੈਲਦਾ  ਜਿਸ ਨਾਲ ਸਾਹ ਦੀਆਂ ਬਿਮਾਰੀਆਂ ਫੈਲਦੀਆਂ ਹਨ।ਇਸ ਤੋਂ ਇਲਾਵਾ ਧੂੰਏ ਕਾਰਨ ਆਵਾਜਾਈ ਵਿਚ ਵਿਘਨ ਪੈਣ ਕਰਕੇ ਜਾਨ-ਮਾਲ ਨੂੰ ਵੀ ਖਤਰਾ ਹੋ ਸਕਦਾ।
————