ਕੇਂਦਰੀ ਜੇਲ ਸ੍ਰੀ ਗੋਇੰਦਵਾਲ ਸਾਹਿਬ ਨੂੰ ਲੋੜੀਂਦੀਆਂ ਸਹੂਲਤਾਂ ਮੁਹਈਆ ਕਰਵਾਈਆਂ ਜਾਣਗੀਆਂ- ਡਿਪਟੀ ਕਮਿਸ਼ਨਰ

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ ਤਰਨ ਤਾਰਨ
ਕੇਂਦਰੀ ਜੇਲ ਸ੍ਰੀ ਗੋਇੰਦਵਾਲ ਸਾਹਿਬ ਨੂੰ ਲੋੜੀਂਦੀਆਂ ਸਹੂਲਤਾਂ ਮੁਹਈਆ ਕਰਵਾਈਆਂ ਜਾਣਗੀਆਂ- ਡਿਪਟੀ ਕਮਿਸ਼ਨਰ
ਤਰਨਤਾਰਨ, 10 ਜਨਵਰੀ
ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਆਈ ਏ ਐਸ ਨੇ ਕੇਂਦਰੀ ਜੇਲ੍ਹ ਸ਼੍ਰੀ ਗੋਇੰਦਵਾਲ ਸਾਹਿਬ ਦੀਆਂ ਲੋੜੀਂਦੀਆਂ ਸਹੂਲਤਾਂ ਪੂਰੀਆਂ ਕਰਨ ਲਈ ਜਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਵਿੱਚ ਦਿਸ਼ਾ-ਨਿਰਦੇਸ਼ ਦਿੱਤਾ ਕਿ ਜੇਲ ਨੂੰ ਮੁੱਖ ਚੌਂਕ ਤੋਂ ਜਾਣ ਵਾਲੇ ਰਸਤੇ ਉੱਤੇ ਸਟਰੀਟ ਲਾਈਟਾਂ ਲਗਾਈਆਂ ਜਾਣ ਅਤੇ ਇਸ ਰਸਤੇ ਦੀ ਸਾਫ ਸਫਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਇਹ ਰਸਤਾ ਕੇਵਲ ਜੇਲ੍ਹ ਹੀ ਨਹੀਂ ਬਲਕਿ ਇੰਡੀਅਨ ਆਇਲ ਗੈਸ ਪਲਾਂਟ ਨੂੰ ਵੀ ਜਾਂਦਾ ਹੈ, ਜਿਸ ਕਾਰਨ ਇਥੇ ਦਿਨ ਰਾਤ ਆਵਾਜਾਈ ਰਹਿੰਦੀ ਹੈ । ਇਸ ਲਈ ਜਰੂਰੀ ਹੈ ਕਿ ਇਸ ਰਸਤੇ ਨੂੰ ਸਾਫ ਅਤੇ ਸੁਰੱਖਿਤ ਬਣਾਇਆ ਜਾਵੇ।
ਉਹਨਾਂ ਨੇ ਜੇਲ ਵਿੱਚ ਪੈਂਦੀ ਤਕਰੀਬਨ 20 ਏਕੜ ਵਾਹੀਯੋਗ ਜਮੀਨ ਨੂੰ ਵਰਤੋਂ ਵਿੱਚ ਲਿਆਉਣ ਅਤੇ ਜੇਲ ਵਿੱਚ ਇੰਟਰਲੋਕ ਟਾਈਲਾਂ ਬਣਾਉਣ ਵਾਲੇ ਲੱਗੇ ਪਲਾਂਟ ਨੂੰ ਚਾਲੂ ਕਰਨ ਦੀ ਹਦਾਇਤ ਵੀ ਕੀਤੀ।
ਜੇਲ ਸੁਪਰਡੈਂਟ ਵੱਲੋਂ ਕੀਤੀ ਮੰਗ ਕਿ ਜੇਲ ਵਿੱਚ ਕੈਦੀਆਂ ਲਈ ਐਂਬੂਲੈਂਸ ਦੀ ਸਹੂਲਤ ਮੁਹਈਆ ਕਰਵਾਈ ਜਾਵੇ ਇਸ ਬਾਰੇ ਬੋਲਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਵੀ ਲੋੜ ਛੇਤੀ ਪੂਰੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਜੇਲ ਵਿੱਚ ਬੰਦ ਕੈਦੀਆਂ ਲਈ ਡਾਕਟਰ ਅਤੇ ਪੈਰਾ ਮੈਡੀਕਲ ਸਟਾਫ ਵੀ ਪੂਰਾ ਕਰਨ ਲਈ ਸਰਕਾਰ ਨੂੰ ਲਿਖਿਆ ਜਾਵੇਗਾ। ਉਹਨਾਂ ਨੇ ਜੇਲ ਸੁਪਰਡੈਂਟ ਨੂੰ ਹਦਾਇਤ ਕੀਤੀ ਕਿ ਜੇਲ ਵਿੱਚ ਕੈਦੀਆਂ ਨੂੰ ਕੈਦ ਦੇ ਦੌਰਾਨ ਵੋਕੇਸ਼ਨਲ ਕੋਰਸ ਵੀ ਕਰਵਾਏ ਜਾਣ ਤਾਂ ਜੋ ਕੈਦੀ ਇਥੋਂ ਕੰਮ ਸਿੱਖ ਕੇ ਜਾਣ ਅਤੇ ਰਿਹਾਈ ਉਪਰੰਤ ਆਪਣੇ ਪੈਰਾਂ ਸਿਰ ਖੜੇ ਹੋ ਸਕਣ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਾਜਦੀਪ ਸਿੰਘ ਬਰਾੜ, ਐਸ ਡੀ ਐਮ ਅਰਵਿੰਦਰ ਪਾਲ ਸਿੰਘ, ਡਿਪਟੀ ਡਾਇਰੈਕਟਰ ਬਾਗਬਾਨੀ ਸ ਜਸਪਾਲ ਸਿੰਘ ਝਾਮਕਾ, ਡਾਕਟਰ ਅਮਨਦੀਪ ਸਿੰਘ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।