ਬੰਦ ਕਰੋ

ਕੋਵਿਡ-19 ਦੇ ਮੱਦੇਨਜ਼ਰ ਖਰੀਦ ਪ੍ਰਕਿਰਿਆ ਦੌਰਾਨ ਅਨਾਜ ਮੰਡੀਆਂ ਵਿੱਚ ਜਾਂਚ ਲਈ ਹਾਈਜ਼ੀਨ ਤੇ ਆਡਿਟ ਕਮੇਟੀ ਦਾ ਗਠਨ-ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 22/04/2020
DC
ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਕੋਵਿਡ-19 ਦੇ ਮੱਦੇਨਜ਼ਰ ਖਰੀਦ ਪ੍ਰਕਿਰਿਆ ਦੌਰਾਨ ਅਨਾਜ ਮੰਡੀਆਂ ਵਿੱਚ ਜਾਂਚ ਲਈ ਹਾਈਜ਼ੀਨ ਤੇ ਆਡਿਟ ਕਮੇਟੀ ਦਾ ਗਠਨ-ਡਿਪਟੀ ਕਮਿਸ਼ਨਰ
ਮੈਡੀਕਲ ਪ੍ਰੋਟੋਕਾਲ ਸਬੰਧੀ ਅਪਣਾਏ ਜਾਣ ਵਾਲੇ ਨਿਯਮਾਂ ਦੀ ਪਾਲਣਾ ਨੂੰ ਬਣਾਇਆ ਜਾਵੇਗਾ ਯਕੀਨੀ
ਤਰਨ ਤਾਰਨ, 22 ਅਪ੍ਰੈਲ :
ਜ਼ਿਲੇ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜ਼ਿਲ੍ਹੇ ਦੀਆਂ ਸਾਰੀਆਂ ਅਨਾਜ ਮੰਡੀਆਂ ਵਿੱਚ ਮੈਡੀਕਲ ਪ੍ਰੋਟੋਕਾਲ ਸਬੰਧੀ ਅਪਣਾਏ ਜਾਣ ਵਾਲੇ ਨਿਯਮਾਂ, ਜਿੰਨਾਂ ਵਿੱਚ ਸਮਾਜਿਕ ਦੂਰੀ, ਮਾਸਕ ਪਹਿਨਣਾ, ਨਿਰੰਤਰ ਹੱਥਾਂ ਨੂੰ ਧੋਣਾ ਆਦਿ ਸ਼ਾਮਿਲ ਹਨ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਵੱਲੋਂ ਸਾਰੀ ਖ਼ਰੀਦ ਪ੍ਰਕਿਰਿਆ ਦੌਰਾਨ ਮਾਰਕੀਟ ਕਮੇਟੀਆਂ ਅਨੁਸਾਰ ਅਨਾਜ ਮੰਡੀਆਂ ਵਿੱਚ ਜਾਂਚ ਲਈ ਹਾਈਜ਼ੀਨ ਤੇ ਆਡਿਟ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ 8 ਮਾਰਕੀਟ ਕਮੇਟੀਆਂ ਵਾਈਜ਼ ਗਠਿਤ ਕੀਤੀ ਗਈ ਤਿੰਨ ਮੈਂਬਰੀ ਕਮੇਟੀ ਵਿੱਚ ਖੇਤੀਬਾੜੀ ਵਿਭਾਗ,  ਪਸ਼ੂ ਪਾਲਣ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਅਧਿਕਾਰੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ।
ਉਨਾਂ ਦੱਸਿਆ ਕਿ ਇਸ ਕਮੇਟੀ ਵਲੋਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਖ਼ਰੀਦ ਪ੍ਰਕਿਰਿਆ ਵਿੱਚ ਲੱਗੇ ਸਾਰੇ ਅਮਲੇ ਨੂੰ ਮਾਸਕ ਆਦਿ ਮੁਹੱਈਆ ਕਰਵਾਏ ਗਏ ਹਨ ਜਾਂ ਨਹੀਂ ਅਤੇ ਇਸ ਤੋਂ ਇਲਾਵਾ ਲੋੜੀਂਦੀ ਮਾਤਰਾ ਵਿੱਚ ਮਜ਼ਦੂਰਾਂ ਨੂੰ ਕਣਕ ਉਤਾਰਨ ਅਤੇ ਸਟੋਰ ਕਰਨ ਵਾਲੇ ਸਥਾਨਾਂ ‘ਤੇ ਮਾਸਕ ਦਿੱਤੇ ਗਏ ਹਨ ਜਾਂ ਨਹੀਂ।ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਕਮੇਟੀ ਵਲੋਂ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਆੜ੍ਹਤੀਆਂ ਵਲੋਂ ਅਪਣੇ ਮਜ਼ਦੂਰਾਂ ਲਈ ਲੋੜੀਂਦੇ ਮਾਸਕ ਅਤੇ ਹੈਂਡ ਸੈਨੀਟਾਈਜ਼ਰ ਦਾ ਪ੍ਰਬੰਧ ਕੀਤਾ ਗਿਆ ਹੈ ਕਿ ਨਹੀਂ।ਮੰਡੀਆਂ ਅਤੇ ਰਾਈਸ ਮਿੱਲਾਂ ਜਿਨਾਂ ਨੂੰ ਖ਼ਰੀਦ ਕੇਂਦਰ ਬਣਾਇਆ ਗਿਆ ਹੈ, ਵਿੱਚ ਖਾਨੇ ਬਣਾਏ ਗਏ ਹਨ ਕਿ ਨਹੀਂ।ਇਸ ਤੋਂ ਇਲਾਵਾ ਆੜ੍ਹਤੀਆ ਨੂੰ ਕਿਸਾਨਾਂ ਨੂੰ ਮੰਡੀਆਂ ਵਿੱਚ ਕਣਕ ਲਿਆਉਣ ਲਈ ਪਾਸ ਜਾਰੀ ਹੋ ਗਏ ਹਨ ਕਿ ਨਹੀਂ। ਮੰਡੀਆਂ ਵਿੱਚ ਅਤੇ ਰਾਈਸ ਮਿੱਲਾਂ ਵਿੱਚ ਬਾਰਦਾਨਾ ਪਹੁੰਚ ਗਿਆ ਹੈ ਅਤੇ ਆੜ੍ਹਤੀਆਂ ਵੱਲੋਂ ਲੋੜੀਂਦੀ ਮਾਤਰਾ ਵਿੱਚ ਮਜ਼ਦੂਰਾਂ ਅਤੇ ਸਾਫ਼-ਸਫ਼ਾਈ ਲਈ ਮਸ਼ੀਨਾਂ ਦਾ ਪ੍ਰਬੰਧ ਕੀਤਾ ਗਿਆ ਹੈ ਕਿ ਨਹੀਂ ਨੂੰ ਯਕੀਨੀ ਬਣਾਵੇਗੀ।
ਉਨ੍ਹਾਂ ਕਿਹਾ ਕਿ ਹਾਈਜ਼ੀਨ ਤੇ ਆਡਿਟ ਕਮੇਟੀ ਵਲੋਂ ਜ਼ਿਲੇ ਦੀਆਂ ਅਨਾਜ ਮੰਡੀਆਂ ਵਿੱਚ ਸਮਾਜਿਕ ਦੂਰੀ, ਮਾਸਕ ਪਹਿਨਣ, ਹੱਥ ਧੋਣ ਲਈ ਪਾਣੀ, ਸਾਬਣ ਦੀ ਉਪਲਬੱਧਤਾ ਤੇ ਹੈਂਡ ਸੈਨੀਟਾਈਜ਼ਰ ਤੋਂ ਇਲਾਵਾ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ।ਉਨਾਂ ਕਿਹਾ ਕਿ ਕਮੇਟੀ ਵਲੋਂ ਮੰਡੀਆਂ ਵਿੱਚ ਕਿਸਾਨਾਂ ਨੂੰ ਕੋਰੋਨਾ ਵਾਇਰਸ ਸਬੰਧੀ ਅਪਣਾਈਆਂ ਜਾਣ ਵਾਲੀਆਂ ਸਾਵਧਾਨੀਆ ਪ੍ਰਤੀ ਜਾਗਰੂਕ ਕਰਨ ਲਈ ਪਬਲਿਕ ਅਨਾਊਂਸਮੈਂਟ ਸਿਸਟਮ ਨੂੰ ਵੀ ਯਕੀਨੀ ਬਣਾਇਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਪਹਿਲਾਂ ਹੀ ਵੱਡੇ ਪੱਧਰ ‘ਤੇ ਜ਼ਿਲੇ ਦੇ ਸਾਰੇ 111 ਖ਼ਰੀਦ ਕੇਂਦਰਾਂ ਨੂੰ ਰੋਗਾਣੂ ਮੁਕਤ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ।ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਆਪਣੀ ਫ਼ਸਲ ਵੇਚਣ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ।
————-