ਘਰ-ਘਰ ਜਾ ਕੇ ਕੀਤੀ ਜਾਵੇਗੀ ਕੋਵਿਡ ਵੈਕਸੀਨੇਸ਼ਨ-ਡਿਪਟੀ ਕਮਿਸ਼ਨਰ
ਘਰ-ਘਰ ਜਾ ਕੇ ਕੀਤੀ ਜਾਵੇਗੀ ਕੋਵਿਡ ਵੈਕਸੀਨੇਸ਼ਨ-ਡਿਪਟੀ ਕਮਿਸ਼ਨਰ
ਸਿਹਤ ਵਿਭਾਗ ਵੱਲੋਂ ਹਰ ਘਰ ਦਸਤਕ ਮੁਹਿੰਮ ਸ਼ੁਰੂ
ਤਰਨ ਤਾਰਨ, 12 ਨਵੰਬਰ :
ਕੋਵਿਡ-19 ਟੀਕਾਕਰਨ ਤਹਿਤ 100 ਫੀਸਦੀ ਕੋਵਿਡ ਟੀਕਾਕਰਨ ਦੇ ਟੀਚੇ ਨੂੰ ਪੂਰਾ ਕਰਨ ਦੇ ਉਦੇਸ਼ ਨਾਲ ਹਰ ਘਰ ਦਸਤਕ ਮੁਹਿੰਮ ਚਲਾਈ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਕੁਲਵੰਤ ਸਿੰਘ ਨੇ ਦੱਸਿਆ ਕਿ 3 ਨਵੰਬਰ ਤੋਂ 30 ਨਵੰਬਰ ਤੱਕ ਚੱਲਣ ਵਾਲੀ ਇਸ ਮੁਹਿੰਮ ਤਹਿਤ ਜ਼ਿਲ੍ਹੇ ਦੇ ਸਾਰੇ ਪਿੰਡਾਂ ਨੂੰ 100 ਫ਼ੀਸਦੀ ਕਵਰ ਕੀਤਾ ਜਾਵੇਗਾ ਅਤੇ ਡੋਰ ਟੂ ਡੋਰ ਮੁਹਿੰਮ ਤਹਿਤ ਕੋਵਿਡ ਵੈਕਸੀਨੇਸ਼ਨ ਦੀ ਪਹਿਲੀ ਡੋਜ਼ ਲਗਾਈ ਜਾਵੇਗੀ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਮੁਹਿੰਮ ਨੂੰ ਚਲਾਉਣ ਦਾ ਉਦੇਸ਼ ਕੋਵਿਡ ਤੋਂ ਵੈਕਸੀਨੇਸ਼ਨ ਦੇ ਜਰੀਏ ਲੋਕਾਂ ਦਾ ਬਚਾਅ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਆਸ਼ਾ ਵਰਕਰਾਂ ਵੱਲੋਂ ਸਰਵ੍ਹੇ ਕਰਵਾਇਆ ਜਾ ਰਿਹਾ ਹੈ, ਜਿਨ੍ਹਾਂ ਨੂੰ ਵੈਕਸੀਨੇਸ਼ਨ ਨਹੀਂ ਲੱਗੀ, ਉਨ੍ਹਾਂ ਨੂੰ ਵੈਕਸੀਨੇਸ਼ਨ ਲਗਾਈ ਜਾਵੇਗੀ। ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਵੱਲੋਂ ਮਲਟੀਪਲ ਹੈਲਥ ਟੀਮਾਂ ਬਣਾਈਆਂ ਗਈਆਂ ਹਨ, ਜਿਸ ਤਹਿਤ ਵੈਕਸੀਨੇਸ਼ਨ ਟੋਲਿਆਂ ਵੱਲੋਂ ਕੋਵਿਡ ਟੀਕਾਕਰਨ ਅਤੇ ਪ੍ਰਚਾਰ ਟੋਲਿਆਂ ਵੱਲੋਂ ਕੋਵਿਡ ਵੈਕਸ਼ੀਨੇਸ਼ਨ ਦੀ ਮਹੱਤਤਾ ਅਤੇ ਕੋਵਿਡ ਦੇ ਪ੍ਰਚਾਰ ਲਈ ਜਾਗਰੂਕ ਕੀਤਾ ਜਾਵੇਗਾ ਅਤੇ ਵੈਕਸ਼ੀਨੇਸ਼ਨ ਲਈ ਜਾਗਰੂਕ ਕੀਤਾ ਜਾਵੇਗਾ।
ਸਿਵਲ ਸਰਜਨ ਡਾ. ਰੋਹਿਤ ਮਹਿਤਾ ਨੇ ਦੱਸਿਆ ਕਿ ਸਰਕਾਰ ਵੱਲੋਂ ਕੀਤੀ ਜਾ ਰਹੀ ਹਰ ਘਰ ਦਸਤਕ ਮੁਹਿੰਮ ਇਕ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ। ਉਨ੍ਹਾਂ ਵੱਲੋਂ ਅਲੱਗ ਅਲੱਗ ਮਹਿਕਮਿਆਂ, ਐਨ.ਜੀ.ਓ., ਸਪੋਰਟਸ ਕਲੱਬ ਅਤੇ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਗਈ ਕਿ ਇਸ ਮੁਹਿੰਮ ਨੂੰ ਹਰ ਹੀਲੇ ਨੇਪਰੇ ਚਾੜ੍ਹਨ ਵਿਚ ਸਿਹਤ ਵਿਭਾਗ ਦਾ ਸਹਿਯੋਗ ਕੀਤਾ ਜਾਵੇ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ: ਵਰਿੰਦਰਪਾਲ ਕੌਰ ਨੇ ਦੱਸਿਆ ਕਿ ਵੈਕਸੀਨੇਸ਼ਨ ਦੀ ਵੱਧ ਤੋਂ ਵੱਧ ਕਵਰੇਜ਼ ਲਈ ਹਫਤੇ ਵਿਚ ਤਿੰਨ ਵਾਰ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਮੈਗਾ ਵੈਕਸੀਨੇਸ਼ਨ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਇਨ੍ਹਾਂ ਮੈਗਾ ਕੈਂਪਾਂ ਦਾ ਲਾਭ ਲੈਣ ਦੀ ਅਪੀਲ ਕੀਤੀ।