ਜਵਾਹਰ ਨਵੋਦਿਆ ਵਿਦਿਆਲਿਆ ਗੋਇੰਦਵਾਲ ਸਾਹਿਬ ’ਚ 6ਵੀਂ ਜਮਾਤ ਦੇ ਦਾਖ਼ਲੇ ਲਈ ਆਨਲਾਈਨ ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ
ਜਵਾਹਰ ਨਵੋਦਿਆ ਵਿਦਿਆਲਿਆ ਗੋਇੰਦਵਾਲ ਸਾਹਿਬ ’ਚ 6ਵੀਂ ਜਮਾਤ ਦੇ ਦਾਖ਼ਲੇ ਲਈ ਆਨਲਾਈਨ ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ
13 ਦਸੰਬਰ ਨੂੰ ਹੋਵੇਗੀ ਪ੍ਰੀਖਿਆ, 29 ਜੁਲਾਈ ਤੱਕ ਕੀਤਾ ਜਾ ਸਕਦੈ ਅਪਲਾਈ
ਤਰਨ ਤਾਰਨ, 17 ਜੂਨ;
ਜਵਾਹਰ ਨਵੋਦਿਆ ਵਿਦਿਆਲਿਆ ਗੋਇੰਦਵਾਲ ਸਾਹਿਬ ਵਿੱਚ 6ਵੀਂ ਜਮਾਤ ਲਈ ਸਾਲ 2026-27 ਦੀ ਚੋਣ ਪ੍ਰੀਖਿਆ 13 ਦਸੰਬਰ 2025 ਨੂੰ ਜ਼ਿਲ੍ਹੇ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ਵਿੱਚ ਹੋਣੀ ਹੈ, ਜਿਸ ਦੇ ਲਈ ਚਾਹਵਾਨ ਅਤੇ ਯੋਗ ਉਮੀਦਵਾਰਾਂ ਤੋਂ ਬਿਨੈ-ਪੱਤਰ ਆਨਲਾਈਨ ਮੰਗੇ ਗਏ ਹਨ।
ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਰਾਹੁਲ ਆਈ. ਏ .ਐਸ . ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਿਨੈ ਕਰਨ ਦੀ ਆਖ਼ਰੀ ਮਿਤੀ 29 ਜੁਲਾਈ 2025 ਹੈ। ਉਨ੍ਹਾਂ ਦੱਸਿਆ ਕਿ ਚਾਹਵਾਨ ਵਿਦਿਆਰਥੀ ਆਪਣੀ ਮੁਫ਼ਤ ਰਜਿਸਟ੍ਰੇਸ਼ਨ ਪੋਰਟਲ https://cbseitms.rcil.gov.in/nvs ’ਤੇ ਕਰ ਸਕਦੇ ਹਨ।
ਸ਼੍ਰੀ ਰਾਹੁਲ ਨੇ ਦੱਸਿਆ ਕਿ ਪ੍ਰੀਖਿਆ ਲਈ ਕੇਵਲ ਓਹੀ ਵਿਦਿਆਰਥੀ ਯੋਗ ਹੋਣਗੇ, ਜੋ ਜ਼ਿਲ੍ਹਾ ਤਰਨ ਤਾਰਨ ਦੇ ਸਥਾਈ ਨਿਵਾਸੀ ਹਨ। ਵਿਦਿਆਰਥੀ ਨੂੰ ਆਪਣੇ ਨਵੇਂ ਫੋਟੋ, ਹਸਤਾਖ਼ਰ, ਮਾਤਾ/ਪਿਤਾ ਦੇ ਹਸਤਾਖ਼ਰ ਅਤੇ ਆਧਾਰ ਕਾਰਡ ਦਾ ਵੇਰਵਾ/ਰਿਹਾਇਸ਼ੀ ਪ੍ਰਮਾਣ ਪੱਤਰ ਜੇ. ਪੀ. ਜੀ. ਫਾਰਮੈਟ, ਜਿਸ ਦਾ ਆਕਾਰ 10 ਤੋਂ 100 ਕੇਬੀ ਤੋਂ ਵੱਧ ਨਾ ਹੋਵੇ, ਤਿਆਰ ਕਰਕੇ ਪੋਰਟਲ ’ਤੇ ਅਪਲੋਡ ਕਰਨਾ ਹੋਵੇਗਾ।
ਉਨ੍ਹਾਂ ਦੱਸਿਆ ਕਿ ਵਿਦਿਆਰਥੀ ਮੌਜੂਦਾ ਸਮੇਂ (2025-26) ਵਿੱਚ 5ਵੀਂ ਕਲਾਸ ਵਿੱਚ ਜ਼ਿਲ੍ਹਾ ਤਰਨ ਤਾਰਨ ਵਿੱਚ ਪੜ੍ਹ ਰਿਹਾ ਹੋਵੇ ਅਤੇ ਜ਼ਿਲ੍ਹੇ ਦਾ ਸਥਾਈ ਨਿਵਾਸੀ ਹੋਵੇ। ਉਸ ਨੇ ਪਿਛਲੇ ਸਾਲਾਂ ਵਿੱਚ ਤੀਜੀ ਕਲਾਸ (2023-24) ਅਤੇ ਚੌਥੀ (2024-25) ਲਗਾਤਾਰ ਪੂਰੀ ਤਰ੍ਹਾਂ ਵਿੱਦਿਅਕ ਪੱਧਰ ਵਿੱਚ ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲ/ਨੈਸ਼ਨਲ ਓਪਨ ਸਕੂਲਿੰਗ ਜਾਂ ਸਰਵ ਸਿੱਖਿਆ ਅਭਿਆਨ ਤਹਿਤ ਪਾਸ ਕੀਤੀ ਹੋਵੇ। ਉਨ੍ਹਾਂ ਦੱਸਿਆ ਕਿ ਜਿਸ ਵਿਦਿਆਰਥੀ ਨੇ ਪਹਿਲਾਂ ਇਹ ਪ੍ਰੀਖਿਆ ਦਿੱਤੀ ਹੈ, ਉਹ ਪ੍ਰੀਖਿਆ ਵਿੱਚ ਦੂਜੀ ਵਾਰੀ ਬੈਠਣਯੋਗ ਨਹੀਂ ਹੋਵੇਗਾ।
ਵਿਦਿਆਰਥੀ ਦਾ ਜਨਮ 01.05.2014 ਤੋਂ 31.07.2016 (ਦੋਵੇਂ ਮਿਤੀਆਂ ਸ਼ਾਮਲ) ਦਰਮਿਆਨ ਹੋਇਆ ਹੋਵੇ। ਜੇਕਰ ਕਿਸੇ ਬਿਨੇਕਾਰ ਨੂੰ ਦਾਖ਼ਲਾ ਫਾਰਮ ਭਰਨ ’ਚ ਮੁਸ਼ਕਲ ਆਉਂਦੀ ਹੈ, ਤਾਂ ਜਵਾਹਰ ਨਵੋਦਿਆ ਵਿਦਿਆਲਿਆ ਗੋਇੰਦਵਾਲ ਸਾਹਿਬ, ਤਰਨ ਤਾਰਨ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਲਈ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ, ਕਿਉਂਕਿ ਜਵਾਹਰ ਨਵੋਦਿਆ ਵਿਦਿਆਲਿਆ ਗੋਇੰਦਵਾਲ ਸਾਹਿਬ ਜਿੱਥੇ ਆਧੁਨਿਕ ਅਤੇ ਮਿਆਰੀ ਸਿੱਖਿਆ ਪ੍ਰਦਾਨ ਕਰ ਰਿਹਾ ਹੈ, ਉਥੇ ਹੋਸਟਲ ਦੀ ਸਹੂਲਤ ਵੀ ਉਪਲੱਬਧ ਹੈ।