ਜ਼ਿਲਾ ਤਰਨਤਾਰਨ ਵਿੱਚ ਝੋਨੇ ਦੀ ਲੁਆਈ 5 ਜੂਨ ਤੋਂ-ਮੁੱਖ ਖੇਤੀਬਾੜੀ ਅਫਸਰ

ਜ਼ਿਲਾ ਤਰਨਤਾਰਨ ਵਿੱਚ ਝੋਨੇ ਦੀ ਲੁਆਈ 5 ਜੂਨ ਤੋਂ-ਮੁੱਖ ਖੇਤੀਬਾੜੀ ਅਫਸਰ
ਤਰਨਤਾਰਨ, 17 ਅਪੈ੍ਲ :
ਜ਼ਿਲਾ ਤਰਨਤਾਰਨ ਦੇ ਮੁੱਖ ਖੇਤੀਬਾੜੀ ਅਫਸਰ ਡਾ. ਹਰਪਾਲ ਸਿੰਘ ਪਨੂੰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਧਰਤੀ ਹੇਠਲੇ ਡਿੱਗਦੇ ਪਾਣੀ ਦੇ ਪੱਧਰ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਵਲੋਂ ਝੋਨੇ ਦੀ ਲੁਆਈ ਲਈ ਪੰਜਾਬ ਦੇ ਸਮੂਹ ਜ਼ਿਲਿਆ ਨੂੰ 3 ਗੇੜਾਂ ਵਿੱਚ ਵੰਡਿਆ ਗਿਆ ਹੈ ਅਤੇ ਸਰਕਾਰ ਵਲੋਂ ਜ਼ਿਲਾ ਤਰਨਤਾਰਨ ਨੂੰ ਦੂਸਰੇ ਗੇੜ ਵਿੱਚ ਰੱਖਦੇ ਹੋਏ ਝੋਨੇ ਦੀ ਲੁਆਈ ਦੀ ਮਿਤੀ: 5 ਜੂਨ,2025 ਨਿਸ਼ਚਿਤ ਕੀਤੀ ਗਈ ਹੈ। ਉਹਨਾਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਦੇ ਹੁੱਕਮਾਂ ਅਨੁਸਾਰ ਜ਼ਿਲ੍ਹੇ ਵਿੱਚ ਝੋਨੇ ਦੀ ਲੁਆਈ 5 ਜੂਨ ਤੋਂ ਹੀ ਕੀਤੀ ਜਾਵੇ । ਉਹਨਾਂ ਕਿਹਾ ਕਿ ਮਿੱਥੀ ਗਈ ਮਿਤੀ ਤੋਂ ਅਗੇਤਾ ਝੌਨਾ ਲਗਾਉਣ ਵਾਲੇ ਕਿਸਾਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਮੱਹਤਵਪੂਰਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪੂਸਾ -44 ਅਤੇ ਹਾਈਬ੍ਰਿਡ ਝੋਨਾ ਬੀਜਣ ਤੇ ਪੂਰਨ ਪਾਬੰਦੀ ਲਗਾਈ ਗਈ ਹੈ, ਇਸਲਈ ਕਿਸਾਨ ਵੀਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਪ੍ਰਮਾਣਿਤ ਕਿਸਮਾਂ ਦੇ ਬੀਜ਼ ਹੀ ਬੀਜਣ। ਉਹਨਾਂ ਕਿਹਾ ਕਿ ਝੋਨੇ ਦੇ ਹਾਈਬ੍ਰਿਡ ਬੀਜ਼ ਦੀ ਵਿਕਰੀ ਤੇ ਰੋਕ ਲਾਉਣ ਲਈ ਬੀਜ਼ ਵਿਕਰੇਤਾਵਾਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ।
ਉਹਨਾਂ ਅਪੀਲ ਕੀਤੀ ਕਿ ਕਿਸਾਨ ਵੀਰ ਝੋਨੇ ਦਾ ਬੀਜ਼ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਪ੍ਰਮਾਣਿਤ ਦਵਾਈਆਂ ਨਾਲ ਸੋਧ ਕੇ ਬੀਜਣ ਅਤੇ 25 ਤੋਂ 30 ਦਿਨਾਂ ਦੇ ਅੰਦਰ ਤਿਆਰ ਕੀਤੀ ਗਈ ਨਿਰੋਗ ਪਨੀਰੀ ਨੂੰ ਹੀ ਖੇਤਾਂ ਵਿੱਚ ਲਗਾਇਆ ਜਾਵੇ ਜਿਸ ਨਾਲ ਬੀਮਾਰੀਆਂ ਅਤੇ ਕੀੜੇ -ਮਕੌੜਿਆਂ ਦਾ ਹਮਲਾ ਘੱਟਦਾ ਹੈ ।