ਝੋਨੇ ਦੀ ਸਰਕਾਰੀ ਖਰੀਦ ਪ੍ਰਕਿਰਿਆ 30 ਨਵੰਬਰ ਨੂੰ ਹੋਵੇਗੀ ਸਮਾਪਤ-ਡਿਪਟੀ ਕਮਿਸ਼ਨਰ
ਪ੍ਰਕਾਸ਼ਨ ਦੀ ਮਿਤੀ : 22/11/2019

ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ ਤਰਨ ਤਾਰਨ
ਝੋਨੇ ਦੀ ਸਰਕਾਰੀ ਖਰੀਦ ਪ੍ਰਕਿਰਿਆ 30 ਨਵੰਬਰ ਨੂੰ ਹੋਵੇਗੀ ਸਮਾਪਤ-ਡਿਪਟੀ ਕਮਿਸ਼ਨਰ
ਜ਼ਿਲ੍ਹੇ ਦੇ ਕਿਸਾਨਾਂ ਨੂੰ ਰਹਿੰਦੇ ਝੋਨੇ ਦੀ ਵਿਕਰੀ ਤੁਰੰਤ ਕਰਨ ਦੀ ਅਪੀਲ
ਜ਼ਿਲੇ ਵਿਚ ਹੁਣ ਤੱਕ ਹੋਈ 762192 ਮੀਟਰਿਕ ਟਨ ਝੋਨੇ ਦੀ ਖਰੀਦ
ਤਰਨ ਤਾਰਨ, 22 ਨਵੰਬਰ :
ਰਾਜ ਭਰ ਦੀਆਂ ਮੰਡੀਆਂ ਵਿੱਚ ਝੋਨੇ ਦੀ ਆਮਦ ਘਟਣ ਦੇ ਮੱਦੇਨਜ਼ਰ ਝੋਨੇ ਦੀ ਖਰੀਦ ਦੀ ਮਿਆਦ ਵਿੱਚ ਸਰਕਾਰ ਵੱਲੋਂ ਤਬਦੀਲੀ ਕੀਤੀ ਗਈ ਹੈ ਅਤੇ ਹੁਣ ਸੂਬੇ ਵਿਚ ਝੋਨੇ ਦੀ ਖਰੀਦ ਪ੍ਰਕਿਰਿਆ 30 ਨਵੰਬਰ 2019 ਤੱਕ ਹੀ ਜਾਰੀ ਰਹੇਗੀ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਕਿਸਾਨ ਨੇ ਝੋਨੇ ਦੀ ਵਿਕਰੀ ਕਰਨੀ ਬਕਾਇਆ ਹੈ ਤਾਂ ਕਿਸਾਨ 30 ਨਵੰਬਰ, 2019 ਤੱਕ ਝੋਨਾ ਵੇਚ ਲੈਣ। ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਪਹਿਲਾਂ ਸਾਉਣੀ ਮਾਰਕੀਟਿੰਗ ਸੀਜ਼ਨ 2019-20 ਦੌਰਾਨ ਝੋਨੇ ਦੀ ਖਰੀਦ ਸਮਾਂ 1 ਅਕਤੂਬਰ ਤੋਂ 15 ਦਸੰਬਰ, 2019 ਤੱਕ ਰੱਖਿਆ ਗਿਆ ਸੀ, ਪਰ ਹੁਣ ਇਸ ਵਿੱਚ ਤਬਦੀਲੀ ਕੀਤੀ ਗਈ ਹੈ ਅਤੇ ਝੋਨੇ ਦੀ ਖਰੀਦ ਹੁਣ 30 ਨਵੰਬਰ ਤੱਕ ਹੋਵੇਗੀ। ਜਦ ਕਿ ਮਿਲਿੰਗ ਦੇ ਸਮੇਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ।ਉਨਾਂ ਕਿਹਾ ਕਿ ਭਾਰਤ ਸਰਕਾਰ ਦੇ ਖੁਰਾਕ ਮੰਤਰਾਲੇ ਨੇ ਇਸ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਉਹਨਾਂ ਅੱਗੇ ਦੱਸਿਆ ਕਿ ਮੰਡੀਆਂ ਵਿੱਚ ਝੋਨੇ ਦੀ ਜ਼ਿਆਦਾਤਰ ਆਮਦ ਹੋ ਚੁੱਕੀ ਹੈ, ਇਸ ਲਈ ਪਿਛਲੇ ਕੁਝ ਦਿਨਾਂ ਤੋਂ ਜਿਲ਼ੇ ਦੀਆਂ ਮੰਡੀਆਂ ਵਿਚ ਝੋਨੇ ਦੀ ਨਾਮਾਤਰ ਆਮਦ ਹੋਈ ਹੈ।ਉਨਾਂ ਦੱਸਿਆ ਕਿ 21 ਨਵੰਬਰ ਤੱਕ ਜ਼ਿਲੇ ਵਿਚ 762192 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ ਸਰਕਾਰ ਵੱਲੋਂ ਆੜਤੀਆਂ/ਕਿਸਾਨਾਂ ਦੇ ਖਾਤਿਆਂ ਵਿੱਚ 1362.04 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।
ਸੂਬਾ ਸਰਕਾਰ ਵੱਲੋਂ ਮੰਡੀਆਂ ਵਿੱਚੋਂ ਸਾਰੀ ਫ਼ਸਲ ਖਰੀਦਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਉਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫ਼ਸਲ 30 ਨਵੰਬਰ ਤੱਕ ਮੰਡੀਆਂ ਵਿੱਚ ਲੈ ਕੇ ਆਉਣ ਤਾਂ ਜੋ ਉਹ ਘੱਟੋ ਘੱਟ ਸਮਰਥਨ ਮੁੱਲ (ਐਮ. ਐਸ. ਪੀ.) ਦਾ ਲਾਭ ਲੈ ਸਕਣ।ਉਨਾਂ ਆੜ੍ਹਤੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਨਾਲ ਜੁੜੇ ਕਿਸਾਨਾਂ ਨੂੰ ਖਰੀਦ ਸਮੇਂ ਵਿੱਚ ਹੋਈ ਸੋਧ ਬਾਰੇ ਜਾਣਕਾਰੀ ਦੇਣ।।
—————-